Breaking News
Home / ਕੈਨੇਡਾ / ‘ਮਜ਼ਦੂਰ, ਮਾਂ ਅਤੇ ਕਵਿਤਾ’ ਨੂੰ ਸਮਰਪਿਤ ਰਹੀ ਕਾਫ਼ਲੇ ਦੀ ਮਈ ਮਿਲਣੀ

‘ਮਜ਼ਦੂਰ, ਮਾਂ ਅਤੇ ਕਵਿਤਾ’ ਨੂੰ ਸਮਰਪਿਤ ਰਹੀ ਕਾਫ਼ਲੇ ਦੀ ਮਈ ਮਿਲਣੀ

ਬਰੈਂਪਟਨ : ਪੰਜਾਬੀ ਕਲਮਾਂ ਦਾ ਕਾਫ਼ਲਾ ਦੀ ਮਹੀਨਾਵਾਰ ਮੀਟਿੰਗ 27 ਮਈ, 2017 ਨੂੰ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਇਹ ਮਿਲਣੀ ਸਮੁੱਚੇ ਤੌਰ ਉਤੇ ‘ਮਜ਼ਦੂਰ, ਮਾਂ ਅਤੇ ਕਵਿਤਾ’ ਨੂੰ ਸਮਰਪਿਤ ਰਹੀ।ઠਪ੍ਰੋਗਰਾਮ ਸੰਚਾਲਕ, ਉਂਕਾਰਪ੍ਰੀਤ ਹੁਰਾਂ ਨੇ ਆਉਣ ਵਾਲੇ ਸਾਲ ਦੇ ਵਿਸ਼ੇਸ਼ ਪ੍ਰੋਗਰਾਮਾਂ ਬਾਰੇ ਯੋਜਨਾ ਸਾਂਝੀ ਕੀਤੀ, ਜਿਸ ਵਿੱਚ ਵਿਸ਼ੇਸ਼ ਕਹਾਣੀ, ਕਵਿਤਾ, ਨਾਟਕਾਂ, ਅਤੇ ਵਾਰਤਿਕ ਦੇ ਸਮਾਗਮ ਕੀਤੇ ਜਾਣਗੇ। ਉਪਰੰਤ ਕਾਫ਼ਲੇ ਦੇ ਮੀਡੀਆ ਸੰਚਾਲਕ ਬਰਜਿੰਦਰ ਗੁਲਾਟੀ ਨੇ ਮਈ ਮਹੀਨੇ ਦਾ ਖ਼ਾਸ ਫ਼ੀਚਰ ‘ਲੇਬਰ ਡੇਅ, ਮਦਰਜ਼ ਡੇਅ ਅਤੇ ਪ੍ਰੋਫੈਸਰ ਮੋਹਨ ਸਿੰਘ’ ਸਾਂਝਾ ਕੀਤਾ।
ਮਾਂ ਬਾਰੇ ਲਿਖੇ ਪ੍ਰੋਫੈਸਰ ਮੋਹਨ ਸਿੰਘ ਦੇ ਸ਼ਬਦਾਂ ਨਾਲ ਬਰਜਿੰਦਰ ਨੇ ਯਾਦ ਕੀਤਾ ਕਿ 3 ਮਈ ਵਾਲੇ ਦਿਨ ਹੀ ਉਹ ਇਸ ਸੰਸਾਰ ਤੋਂ ਕੂਚ ਕਰ ਗਏ ਸਨ। ਉਨ੍ਹਾਂ ਦੀਆਂ ਜ਼ਿੰਦਗੀ ਦੇ ਹਰ ਪੜਾਅ, ਕੁਦਰਤ, ਦੇਸ਼ ਪਿਆਰ ਤੇ ਹੋਰ ਪਹਿਲੂਆਂ ‘ਤੇ ਲਿਖੀਆਂ ਕਵਿਤਾਵਾਂ ਨੂੰ ਯਾਦ ਕਰਦਿਆਂ ਇਸ ਨਵੀਂ ਲੀਹ ਪਾਉਣ ਵਾਲੇ ਕਵੀ ਨੂੰ ਸ਼ਰਧਾਂਜਲੀ ਪੇਸ਼ ਕੀਤੀ। ਬਾਅਦ ਵਿੱਚ, ਗੁਰਦੇਵ ਸਿੰਘ ਮਾਨ ਨੇ ਲੇਬਰ ਡੇਅ ਅਤੇ ਮਦਰਜ਼ ਡੇਅ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਉਂਕਾਰਪ੍ਰੀਤ ਨੇ ਆਪਣੇ ਵੱਲੋਂ ਪੇਸ਼ ਕੀਤੇ ਸਾਲਾਨਾ ਏਜੰਡੇ ਅਤੇ ਕਾਫ਼ਲੇ ਦੇ 25-ਸਾਲਾ ਦਿਵਸ ਮਨਾਏ ਜਾਣ ਬਾਰੇ ਮੈਂਬਰਾਂ ਦੇ ਸੁਝਾਅ ਮੰਗੇ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਸ਼ੇਸ਼ ਮੀਟਿੰਗਾਂ ਵਿੱਚ ਵਾਰਤਿਕ ਜਿਵੇਂ ਸਫ਼ਰਨਾਮੇ, ਜੀਵਨੀਆਂ, ਨਾਵਲ ਵੀ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ। ਡਾ: ਜਸਵਿੰਦਰ ਸੰਧੂ ਨੇ ਕੰਪਿਊਟਰ ਅਤੇ ਹੋਰ ਨਵੀਂ ਟੈਕਨਾਲੋਜੀ ਬਾਰੇ ਜਾਣਕਾਰੀ ਸਾਂਝੀ ਕਰਨ ਬਾਰੇ ਵੀ ਗੱਲ ਕੀਤੀ। ਪਿਛਲੇ ਸਾਲ ਦੀ ਸੰਚਾਲਕ ਕਮੇਟੀ ਵਿੱਚੋਂ ਫਾਈਨੈਂਸ ਸੰਚਾਲਕ, ਗੁਰਦਾਸ ਮਿਨਹਾਸ ਨੇ ਕਾਫ਼ਲੇ ਦੀ ਲੰਘੇ ਸਾਲ ਦੀ ਆਮਦਨ ਅਤੇ ਖਰਚਿਆਂ ਦੀ ਤਫ਼ਸੀਲ ਨਾਲ ਜਾਣਕਾਰੀ ਦਿੱਤੀ।
ਕੈਨੇਡੀਅਨ ਪੰਜਾਬੀ ਔਰਤਾਂ ਦੀ ਸੰਸਥਾ ‘ਦਿਸ਼ਾ’ ਵੱਲੋਂ ਕੰਵਲਜੀਤ ਢਿੱਲੋਂ ਅਤੇ ਪਰਮਜੀਤ ਦਿਓਲ ਮੀਟਿੰਗ ਵਿੱਚ ਆਏ ਸਨ ਜਿਨ੍ਹਾਂ ਦੱਸਿਆ ਕਿ ਕਿਵੇਂ ਕੈਨੇਡਾ ਵਿੱਚ ਸਾਊਥ ਏਸ਼ੀਅਨ ਔਰਤਾਂ ਦੋਵੇਂ ਪਾਸੇ ਦੀ ਕਲਚਰ ਵਿੱਚ ਪੀੜੀਆਂ ਜਾ ਰਹੀਆਂ ਹਨ ਅਤੇ ਆਰਥਿਕ, ਸਮਾਜਿਕ ਮੁਸ਼ਕਿਲਾਂ ਨਾਲ ਜੂਝਦੀਆਂ ਰਹਿੰਦੀਆਂ ਹਨ। ਦਿਸ਼ਾ ਵੱਲੋਂ 17 ਅਤੇ 18 ਜੂਨ ਨੂੰ 340, ਵੌਡਨ ਸਟਰੀਟ ਤੇ ਸੈਂਚੁਰੀ ਗਾਰਡਨ ਵਾਲੇ ਕਮਿਊਨਿਟੀ ਸੈਂਟਰ ਵਿੱਚ ਹੋ ਰਹੀ ਅੰਤਰਰਾਸ਼ਟਰੀ ਕਾਨਫਰੰਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਸਭ ਮੈਂਬਰਾਂ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਆਖ਼ਿਰ ਵਿੱਚ ਕਵਿਤਾ ਦੇ ਦੌਰ ਦੀ ਸ਼ੁਰੂਆਤ ਇਕਬਾਲ ਬਰਾੜ ਵੱਲੋਂ ਗਾਏ ਸ਼ਿਵ ਬਟਾਲਵੀ ਦੇ ਗੀਤ ਨਾਲ ਹੋਈ। ਨਵੇਂ ਬਣੇ ਮੈਂਬਰ ਲਖਬੀਰ ਸਿੰਘ ਕਾਹਲੋਂ ਨੇ ਹੀਰ ਗਾ ਕੇ ਸੁਣਾਈ। ਬਲਰਾਜ ਧਾਲੀਵਾਲ ਨੇ ਆਪਣੀ ਗ਼ਜ਼ਲ ‘ਪੈਰਾਂ ਉੱਪਰ ਲਿਪਟੀ ਜ਼ੰਜੀਰ…’ ਅਤੇ ਮਹਿੰਦਰਦੀਪ ਗਰੇਵਾਲ ਨੇ ਆਪਣੀ ਗ਼ਜ਼ਲ ‘ਹਨੇਰੀ ਓਹ ਵਗੀ ਜੰਗਲ ‘ਚ ਆ ਕੇ…’ ਸੁਣਾਈਆਂ। ਡਾ: ਜਗਦੀਸ਼ ਚੋਪੜਾ ਨੇ ਕੈਨੇਡਾ ਦੇ ਮੈਡੀਕਲ ਸਿਸਟਮ ਤੇ ਵਿਅੰਗ ਸੁਣਾਇਆ। ਮਕਸੂਦ ਚੌਧਰੀ ਨੇ ਆਪਣੇ ਅੰਦਾਜ਼ ਵਿੱਚ ਸ਼ੇਅਰ ਸੁਣਾਏ ‘ਹਰੇਕ ਨੂੰ ਹਰ ਸ਼ੈਅ ਪਈ ਦਿਸਦੀ’। ਗੁਰਦਾਸ ਮਿਨਹਾਸ ਨੇ ਆਪਣੀ ਹਾਸ-ਰਸ ਕਵਿਤਾ ‘ਮੇਰਾ ਵੀ ਚਿਤ ਕਰਦੈ ਕੋਈ ਗ਼ਜ਼ਲ ਲਿਖਾਂ’ ਸੁਣਾਈ। ਅਜੀਤ ਸਿੰਘ ਲਹਿਲ ਨੇ ਵੀ ਆਪਣੇ ਬੋਲ ਸਾਂਝੇ ਕੀਤੇ। ਜੋਗਿੰਦਰ ਅਣਖੀਲਾ ਨੇ ਸੁਣਾਇਆ ‘… ਕੁਦਰਤ ਦਾ ਨੂਰ ਹੈ’। ਸੰਪੂਰਨ ਸਿੰਘ ਚਨੀਆਂ ਨੇ ‘ਸਾਰੀ ਦੁਨੀਆਂ ਗਾਹੀ’ ਅਤੇ ਪ੍ਰਿੰਸੀਪਲ ਸਰਵਣ ਸਿੰਘ ਨੇ ਬਚਪਨ ਵਿੱਚ ਗਾਏ ਗੀਤ ਨੂੰ ਗਾ ਕੇ ਰੰਗ ਬੰਨ੍ਹ ਦਿੱਤਾ। ਸੁਖਵਿੰਦਰ ਰਾਮਪੁਰੀ ਨੇ ‘ਕਿੱਥੋਂ ਭਾਲੇ ਚਾਨਣੀਆਂ ਚੰਨ ਸੋਚਾਂ…’ ਤਰੰਨੁਮ ਵਿੱਚ ਸੁਣਾਈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …