ਮਾਲਟਨ/ਬਿਊਰੋ ਨਿਊਜ਼
ਅਦਾਰਾ ਸੰਵਾਦ ਵੱਲੋਂ ਸ਼ੁੱਕਰਵਾਰ, 26 ਮਈ, 2017, ਨੂੰ ਕੈਨੇਡੀਅਨ ਪੰਜਾਬੀ ਲੇਖਕ ਸੁਖਿੰਦਰ ਦੀਆਂ ਨਵ ਪ੍ਰਕਾਸ਼ਿਤ ਪੁਸਤਕਾਂ ‘ਡਾਇਰੀ ਦੇ ਪੰਨੇ’ (ਸ਼ਾਇਰੀ) ਅਤੇ ‘ਕ੍ਰਾਂਤੀ ਦੀ ਕਵਿਤਾ’ (ਆਲੋਚਨਾ) ਦਾ ਲੋਕ-ਅਰਪਣ ਸਮਾਰੋਹ ਮਾਲਟਨ ਕਮਿਊਨਿਟੀ ਸੈਂਟਰ ਅਤੇ ਪਬਲਿਕ ਲਾਇਬਰੇਰੀ, ਮਾਲਟਨ ਵਿੱਚ ਆਯੋਜਿਤ ਕੀਤਾ ਗਿਆ. ਇਹ ਸਮਾਰੋਹ ਸ਼ਾਮ ਨੂੰ 7.30 ਵਜੇ ਤੋਂ ਲੈ ਕੇ ਰਾਤ ਦੇ 10.30 ਵੱਜ ਤੱਕ ਜਾਰੀ ਰਿਹਾ। ਇਸ ਸਮਾਰੋਹ ਵਿੱਚ ਪ੍ਰੋ.ਜਗੀਰ ਸਿੰਘ ਕਾਹਲੋਂ, ਸ਼ਮੀਲ ਅਤੇ ਡਾ. ਕੰਵਲਜੀਤ ਕੌਰ ਢਿੱਲੋਂ ਨੇ ਪੁਸਤਕ ‘ਕ੍ਰਾਤੀ ਦੀ ਕਵਿਤਾ’ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਜਦੋਂ ਕਿ ਸੁਰਜੀਤ ਕੌਰ ਅਤੇ ਸਲੀਮ ਪਾਸ਼ਾ ਨੇ ਪੁਸਤਕ ‘ਡਾਇਰੀ ਦੇ ਪੰਨੇ’ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਰੋਹ ਵਿੱਚ ਪੱਤਰਕਾਰ ਜੇ. ਦੁੱਗਲ, ਲੇਖਕ ਮੁਹਿੰਦਰਦੀਪ ਗਰੇਵਾਲ ਅਤੇ ਲੇਖਕ ਪ੍ਰਿੰ. ਪਾਖਰ ਸਿੰਘ ਨੇ ਵੀ ਕ੍ਰਾਂਤੀਕਾਰੀ ਸਾਹਿਤ ਅਤੇ ਕ੍ਰਾਂਤੀਕਾਰੀ ਲਹਿਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਾਹਿਤਕ ਸਮਾਰੋਹ ਦੀ ਇੱਕ ਵਿਸ਼ੇਸ਼ ਗੱਲ ਇਹ ਵੀ ਸੀ ਕਿ ਨਾਮਵਰ ਪੰਜਾਬੀ ਗਾਇਕਾਂ ਇਕਬਾਲ ਬਰਾੜ ਅਤੇ ਸੰਨੀ ਸ਼ਿਵਰਾਜ ਨੇ ਬਾਬਾ ਨਜਮੀਂ, ਜਗਤਾਰ ਅਤੇ ਸੁਰਜੀਤ ਪਾਤਰ ਦੀਆਂ ਕ੍ਰਾਂਤੀਕਾਰੀ ਸੁਭਾਅ ਦੀਆਂ ਗ਼ਜ਼ਲਾਂ ਤਰੰਨਮ ਵਿੱਚ ਪੇਸ਼ ਕਰਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਇਸ ਸਾਹਿਤਕ ਸਮਾਰੋਹ ਦੀ ਪ੍ਰਧਾਨਗੀ ਨਾਮਵਰ ਪੱਤਰਕਾਰ ਸੁਰਜਨ ਜ਼ੀਰਵੀ ਹੋਰਾਂ ਨੇ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ‘ਕ੍ਰਾਂਤੀ ਦੀ ਕਵਿਤਾ’ ਨਾਮ ਦੀ ਪੁਸਤਕ ਪਰਕਾਸ਼ਿਤ ਕਰ ਕੇ ਸੁਖਿੰਦਰ ਨੇ ਬਹੁਤ ਹੀ ਮਹੱਤਵਪੂਰਨ ਕੰਮ ਕੀਤਾ ਹੈ। ਇਸ ਸਮਾਰੋਹ ਵਿੱਚ 50 ਤੋਂ ਵੱਧ ਪੰਜਾਬੀ ਲੇਖਕਾਂ, ਪੱਤਰਕਾਰਾਂ, ਰਾਜਨੀਤੀਵਾਨਾਂ ਅਤੇ ਚਿੰਤਕਾਂ ਨੇ ਭਾਗ ਲਿਆ। ਇਸ ਸਮਾਰੋਹ ਨੂੰ ਕਾਮਿਯਾਬ ਕਰਨ ਵਿੱਚ ਸੰਵਾਦ ਦੀ ਟੀਮ ਦੇ ਮੈਂਬਰਾਂ ਸੁਖਮਿੰਦਰ ਰਾਮਪੁਰੀ, ਇਕਬਾਲ ਬਰਾੜ, ਸਲੀਮ ਪਾਸ਼ਾ, ਵਿਕਟੋਰੀਆ ਅਤੇ ਬੈੱਨ ਗਿਰਨ ਦਾ ਬਹੁਤ ਵੱਡਾ ਯੋਗਦਾਨ ਸੀ। ਇਸ ਸਮਾਰੋਹ ਦੀ ਸਾਰੀ ਫੋਟੋਗਰਾਫੀ ਪ੍ਰਸਿੱਧ ਫੋਟੋਗਰਾਫਰ ਬੈੱਨ ਗਿਰਨ ਨੇ ਕੀਤੀ।
ਅਦਾਰਾ ਸੰਵਾਦ ਵੱਲੋਂ ਪੁਸਤਕ ਲੋਕ-ਅਰਪਣ ਸਮਾਰੋਹ
RELATED ARTICLES