ਬਰੈਂਪਟਨ/ਡਾ. ਝੰਡ : ਬੰਤ ਸਿੰਘ ਰਾਓ ਸਕੱਤਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਨੇ ਨਿਰਮਲ ਸਿੰਘ ਢੱਡਵਾਲ (ਮੀਤ-ਪ੍ਰਧਾਨ) ਅਤੇ ਪਸ਼ੌਰਾ ਸਿੰਘ ਚਾਹਲ ਦੀ ਸੁਚੱਜੀ ਅਗਵਾਈ ਵਿਚ ਨਿਆਗਰਾ ਫ਼ਾਲ ਦਾ ਮਨੋਰੰਜਕ ਟੂਰ ਲਗਾਇਆ। ਕਲੱਬ ਦੇ ਮੈਂਬਰ ਸਵੇਰੇ ਨੌਂ ਕੁ ਵਜੇ ਸ਼ਾਅ ਪਬਲਿਕ ਸਕੂਲ ਦੀ ਗਰਾਊਂਡ ਵਿਚ ਇਕੱਠੇ ਹੋ ਗਏ। ਬੱਸ ਵਿਚ ਬੈਠਦਿਆਂ ਹੀ ਕਰਤਾਰ ਸਿੰਘ ਚਾਹਲ, ਗੁਰਮੇਲ ਸਿੰਘ ਗਿੱਲ ਤੇ ਬੰਤ ਸਿੰਘ ਰਾਓ ਵੱਲੋਂ ਸਾਰਿਆਂ ਨੂੰ ਜੂਸ ਦੀਆਂ ਵੱਖ-ਵੱਖ ਟੇਸਟ ਦੀਆਂ ਦੋ-ਦੋ ਬੋਤਲਾਂ ਅਤੇ ਬਿਸਕੁਟਾਂ ਦੇ ਪੈਕਟ ਵੰਡ ਦਿੱਤੇ ਗਏ ਅਤੇ ਬੱਸ ਠੀਕ ਸਵਾ ਨੌਂ ਵਜੇ ਆਪਣੀ ਮੰਜ਼ਲ ਵੱਲ ਰਵਾਨਾ ਹੋਈ। ਰਸਤੇ ਦੀ ਅਗਵਾਈ ਅਤੇ ਮਨਮੋਹਕ ਦ੍ਰਿਸ਼ਾਂ ਦੀ ਕੁਮੈਂਟਰੀ ਪਰਮਜੀਤ ਸਿੰਘ ਕਾਲੇਕੇ ਕਰ ਰਹੇ ਸਨ। ਅੰਗੂਰਾਂ ਦੇ ਬਾਗਾਂ, ਵਾਈਨ ਰੀਫ਼ਾਈਨਰੀਜ਼, ਤਾਜ਼ੇ ਫਰੂਟ ਸਟਾਲ, ਫੁੱਲਾਂ ਨਾਲ ਲੱਦੀਆਂ ਸਟਰੀਟਾਂ, ਫ਼ਲਾਵਰ ਕਲਾਕ ਆਦਿ ਦੇ ਨਜ਼ਾਰੇ ਮਨ ਨੂੰ ਇਕ ਵੱਖਰਾ ਹੀ ਸਕੂਨ ਬਖ਼ਸ਼ ਰਹੇ ਸਨ। ਠੀਕ 11.30 ਵਜੇ ਕਲੱਬ ਦਾ ਕਾਫ਼ਲਾ ਨਿਆਗਰਾ ਫ਼ਾਲ ਦੇ ਸਾਹਮਣੇ ਪਾਰਕ ਵਿਚ ਪਹੁੰਚ ਗਿਆ। ਪਾਰਕ ਦੇ ਨਜ਼ਾਰੇ ਅਤੇ ਫ਼ੁੱਲਾਂ ਦੇ ਮਹਿਕਾਰੇ ਬੇਹੱਦ ਅਨੰਦ-ਮਈ ਦ੍ਰਿਸ਼ ਸਿਰਜ ਰਹੇ ਸਨ। ਇੱਥੇ ਪਾਰਕ ਵਿਚ ਲੱਗੇ ਹੋਏ ਬੈਂਚਾਂ ‘ਤੇ ਬੈਠ ਕੇ ਸਾਰਿਆਂ ਨੇ ਰਲ-ਮਿਲ ਕੇ ਨਾਲ ਲਿਆਂਦੀਆਂ ਵੱਖ-ਵੱਖ ਸਬਜ਼ੀਆਂ ਅਤੇ ਡਿਸ਼ਾਂ ਦਾ ਵਟਾਂਦਰਾ ਕਰਦੇ ਹੋਏ ਪ੍ਰੀਤੀ-ਭੋਜਨ ਛਕਿਆ, ਚਾਹ-ਪਾਣੀ ਪੀਤਾ ਅਤੇ ਵੱਖ-ਵੱਖ ਨਿੱਜੀ ਤੇ ਗਰੁੱਪ ਫ਼ੋਟੋਆਂ ਕੀਤੀਆਂ ਜਿਸ ਦੀ ਜ਼ਿੰਮੇਵਾਰੀ ਇਕਬਾਲ ਸਿੰਘ ਘੋਲੀਆ ਅਤੇ ਟਹਿਲ ਸਿੰਘ ਮੁੰਡੀ ਨੇ ਨਿਭਾਈ। ਨਿਆਗਰਾ ਫ਼ਾਲਜ਼ ਦੇ ਕੁਦਰਤੀ ਨਜ਼ਾਰਿਆਂ ਨੂੰ ਮਾਨਣ ਲਈ ਜਾਣ ਤੋਂ ਪਹਿਲਾਂ ਦਿੱਲੀ ਦੇ ਕੁਤਬ ਮੀਨਾਰ ਵਰਗੀ ਬਣੀ 235 ਸਟੈੱਪਸ ਵਾਲੀ ਪੁਰਾਤਨ ਯਾਦਗਾਰ ਦੇ ਦਰਸ਼ਨ ਕੀਤੇ ਗਏ।
ਬੀਬੀਆਂ ਦੀ ਅਗਵਾਈ ਸ਼੍ਰੀਮਤੀ ਭਜਨ ਕੌਰ ਨੇ ਕਰਦੇ ਹੋਏ ਸੱਭ ਨੂੰ ਬੱਸ ਵਿਚ ਬੈਠਣ ਲਈ ਬੇਨਤੀ ਕੀਤੀ ਅਤੇ ਤਕਰੀਬਨ ਦੋ ਵਜੇ ਨਿਆਗਰਾ ਫ਼ਾਲ ਵਿਚ ਉੱਡਦੀਆਂ ਪਾਣੀ ਦੀਆਂ ਫੁਹਾਰਾਂ ਦਾ ਨਜ਼ਾਰਾ ਲੈਣ ਲਈ ਪਹੁੰਚ ਗਏ। ਹਰੀ ਸਿੰਘ ਗਿੱਲ ਅਤੇ ਬੰਤ ਸਿੰਘ ਰਾਓ ਨੇ ਸਾਰਿਆਂ ਨੂੰ ਪੰਜ ਵਜੇ ਬੱਸ ਸਟਾਪ ਦੇ ਨੇੜੇ ਪਹੁੰਚਣ ਲਈ ਬੇਨਤੀ ਕੀਤੀ। ਇਸ ਦੌਰਾਨ ਕਈਆਂ ਨੇ ਕੁਝ ਦੂਰੀ ‘ਤੇ ਚੱਲ ਰਹੇ ਸੰਗੀਤਕ ਮੇਲੇ ਦਾ ਵੀ ਅਨੰਦ ਲਿਆ। ਡਿਸਿਪਲਿਨ ਦੀ ਪੂਰੀ ਪਾਲਣਾ ਕਰਦਿਆਂ ਹੋਇਆਂ ਸਾਰੇ ਪੰਜ ਵਜੇ ਦੇ ਕਰੀਬ ਬੱਸ ਵਿਚ ਬੈਠ ਗਏ ਅਤੇ ਹੱਸਦੇ ਖੇਡਦੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਸੱਤ ਕੁ ਵਜੇ ਵਾਪਸ ਪਹੁੰਚੇ। ਇਸ ਤਰ੍ਹਾਂ ਇਹ ਟੂਰ ਸਾਰਿਆਂ ਲਈ ਯਾਦਗਾਰੀ ਹੋ ਨਿਬੜਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …