Home / ਕੈਨੇਡਾ / ਕਾਫ਼ਲੇ ਵੱਲੋਂ ਵਕੀਲ ਕਲੇਰ ਨੂੰ ਸ਼ਰਧਾਂਜਲੀ ਦਿੱਤੀ ਗਈ

ਕਾਫ਼ਲੇ ਵੱਲੋਂ ਵਕੀਲ ਕਲੇਰ ਨੂੰ ਸ਼ਰਧਾਂਜਲੀ ਦਿੱਤੀ ਗਈ

ਬੀਬੀ ਸਯੀਦਾ ਦੀਪ, ਗੁਰਚਰਨ, ਤਰਲੋਚਨ ਸਿੰਘ, ਤੇ ਡਾ. ਰੋਜ਼ ਬਣੇ ਮਹਿਮਾਨ- ਤਿੰਨ ਕਿਤਾਬਾਂ ਹੋਈਆਂ ਰਿਲੀਜ਼
ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਦੀ ਨਾਮਵਰ ਸਾਹਿਤਕ ਸੰਸਥਾ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ‘ਗੀਤ ਗ਼ਜ਼ਲ ਸ਼ਾਇਰੀ’ ਸੰਸਥਾ ਨਾਲ਼ ਮਿਲ਼ ਕੇ ਹੋਈ ਜੁਲਾਈ ਮਹੀਨੇ ਦੀ ਮੀਟਿੰਗ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲ਼ਿਆ। ਇਸ ਮੀਟਿੰਗ ਵਿੱਚ ਸਦੀਵੀ ਵਿਛੋੜਾ ਦੇ ਗਏ ਵਕੀਲ ਕਲੇਰ ਜੀ ਨੂੰ ਨਿੰਮ੍ਹੀ ਸ਼ਰਧਾਂਜਲੀ ਦਿੱਤੀ ਗਈ, ਤਿੰਨ ਕਿਤਾਬਾਂ ਰਲੀਜ਼ ਕੀਤੀਆਂ ਗਈਆਂ, ਚਾਰ ਮਹਿਮਾਨਾਂ ਨਾਲ਼ ਗੱਲਬਾਤ ਹੋਈ, ਅਤੇ ਸ਼ਾਇਰੀ ਦਾ ਖ਼ੂਬ ਅਨੰਦ ਮਾਣਿਆ ਗਿਆ।
ਕਾਫ਼ਲੇ ਦੇ ਮੁੱਖ ਸੰਚਾਲਕ ਕੁਲਵਿੰਦਰ ਖਹਿਰਾ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਵਕੀਲ ਕਲੇਰ ਨੂੰ ਕਾਫ਼ਲੇ ਦਾ ਥੰਮ੍ਹ ਦੱਸਿਆ ਅਤੇ ਕਿਹਾ ਕਿ ਵਕੀਲ ਕਲੇਰ ਦੇ ਤੁਰ ਜਾਣ ਬਾਅਦ ਕਾਫ਼ਲੇ ਨੂੰ ਹਮੇਸ਼ਾਂ ਉਸਦੀ ਘਾਟ ਮਹਿਸੂਸ ਹੁੰਦੀ ਰਹੇਗੀ। ਕਹਾਣੀਕਾਰ ਜਰਨੈਲ ਸਿੰਘ ਨੇ ਵਕੀਲ ਕਲੇਰ ਨੂੰ ਇੱਕ ਵਿਸ਼ਾਲ ਘੇਰੇ ‘ਚ ਵਿਚਰਨ ਵਾਲ਼ਾ, ਮੁਹੱਬਤਾਂ ਕਰਨ ਵਾਲ਼ਾ, ਦੂਸਰਿਆਂ ਦੇ ਕੰਮ ਆਉਣ ਵਾਲ਼ਾ ਅਤੇ ਪਰਵਾਰਕ ਜ਼ਿੰਮੇਂਵਾਰੀਆਂ ਨੂੰ ਬਾਖ਼ੂਬੀ ਨਿਭਾਉਣ ਵਾਲ਼ਾ ਇਨਸਾਨ ਦੱਸਿਆ। ਉਂਕਾਰਪ੍ਰੀਤ ਨੇ ਕਿਹਾ ਕਿ ਵਕੀਲ ਕਲੇਰ ਦੀ ਕਾਫ਼ਲੇ ਨਾਲ਼ ਏਨੀ ਮਜ਼ਬੂਤ ਡੈਡੀਕੇਸ਼ਨ ਸੀ ਕਿ ਉਸਨੂੰ ਕੋਈ ਵੀ ਡੁਲਾ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਵਕੀਲ ਕਲੇਰ ਦਲੇਰੀ ਨਾਲ਼ ਮੂੰਹ ‘ਤੇ ਗੱਲ ਕਹਿਣ ਵਾਲ਼ਾ ਬੰਦਾ ਸੀ। ਪ੍ਰਿੰਸੀਪਲ ਸਰਵਣ ਸਿੰਘ ਨੇ ਵਕੀਲ ਕਲੇਰ ਨੂੰ ਸਾਹਿਤ ਦਾ ਗੂਹੜਾ ਪ੍ਰੇਮੀ ਅਤੇ ਆਪਣੇ ਸਾਫ਼ ਸੁਥਰੇ ਪਹਿਰਾਵੇ ਅਤੇ ਰਹਿਣ ਢੰਗ ਨਾਲ਼ ਸਭ ਨੂੰ ਮੋਹ ਲੈਣ ਵਾਲ਼ਾ ਦੱਸਿਆ ਅਤੇ ਜਗੀਰ ਸਿੰਘ ਕਾਹਲ਼ੋਂ ਨੇ ਹਰੇਕ ਦੇ ਦੁੱਖ-ਸੁਖ ਵਿੱਚ ਨਾਲ਼ ਖਲੋਣ ਵਾਲ਼ਾ ਇਨਸਾਨ ਦੱਸਿਆ। ਨਵਤੇਜ ਭਾਰਤੀ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਵਕੀਲ ਕਲੇਰ ਮਾਲਵੇ ਦੀ ਬੋਲੀ ਦਾ ਖ਼ਜ਼ਾਨਾ ਸੀ ਜੋ ਫ਼ੇਸਬੁੱਕ ਰਾਹੀਂ ਇਬਾਰਤਾਂ ਪਾ ਰਿਹਾ ਸੀ।
ਰਲੀਜ਼ ਕੀਤੀਆਂ ਗਈਆਂ ਤਿੰਨ ਕਿਤਾਬਾਂ ਵਿੱਚ ‘ਆਪੋ ਆਪਣਾ ਅੰਬਰ’ (ਗੁਰਚਰਨ); ‘ਇਹ ਜੋ ਨਦੀਆਂ’ (ਅਮਨ ਸੀ ਸਿੰਘ); ਅਤੇ ‘ਪੰਜਾਬੀ ਦੇ ਵਿਕਾਸ ਦੀ ਅੱਧੀ ਸਦੀ ਦਾ ਸੱਚ’ (ਡਾ.ਹਰਜਿੰਦਰ ਸਿੰਘ ਰੋਜ਼ ਅਤੇ ਡਾ. ਭੋਜ ਰਾਜ) ਰਲੀਜ਼ ਕੀਤੀਆਂ ਗਈਆਂ। ‘ਆਪੋ ਆਪਣਾ ਅੰਬਰ’ ਅਤੇ ‘ਇਹ ਜੋ ਨਦੀਆਂ’ ਬਾਰੇ ਬੋਲਦਿਆਂ ਉਂਕਾਰਪ੍ਰੀਤ ਨੇ ਕਿਹਾ ਕਿ ਪ੍ਰਕਾਸ਼ਤ ਹੋਈ ਕਵਿਤਾ ‘ਚੋਂ ਦੋ ਤਰ੍ਹਾਂ ਦੀ ਕਵਿਤਾ ਉਭਰ ਕੇ ਸਾਹਮਣੇ ਆਉਂਦੀ ਹੈ ਜਿਸ ‘ਚੋਂ ਇੱਕ ਵਿੱਚ ਕਵੀ ਦਾ ਕੁਦਰਤ ਨਾਲ਼ ਡੂੰਘੇ ਧਰਾਤਲ ਤੇ ਮੇਲ਼ ਹੁੰਦਾ ਹੈ ਤੇ ਇਸ ‘ਚੋਂ ਉਪਜਣ ਵਾਲ਼ੀ ਕਵਿਤਾ ਅੰਤਰਮੁਖੀ ਹੁੰਦੀ ਹੈ ਜਿਸ ਵਿੱਚ ਬਹ੍ਰਿਮੰਡ ਦਾ ਪਾਸਾਰਾ ਹੁੰਦਾ ਹੈ। ਉਨ੍ਹਾਂ ਅਮਨ ਸੀ ਸਿੰਘ ਦੀ ਕਵਿਤਾ ਨੂੰ ਇਸ ਵੰਨਗੀ ਦੀ ਕਵਿਤਾ ਦੱਸਿਆ। ਦੂਸਰੀ ਵੰਨਗੀ ਵਿੱਚ, ਉਨ੍ਹਾਂ ਕਿਹਾ, ਬੰਦਾ ਜਦੋਂ ਇਸ ਅਹਿਸਾਸ ਨਾਲ਼ ਜੁੜ ਜਾਂਦਾ ਹੈ ਤਾਂ ਸਮਾਜ ਵਿੱਚ ਫੈਲੀ ਹੋਈ ਅਕਾਵਿਕਤਾ ਦੀ ਗੱਲ ਕਰਦਾ ਹੈ ਤੇ ਯਤਨ ਕਰਦਾ ਹੈ ਕਿ ਇਸ ਫੈਲੀ ਹੋਈ ਅਕਾਵਕਿਤਾ ਨੂੰ ਕਾਵਿਕ ਕਿਵੇਂ ਬਣਾਇਆ ਜਾਵੇ? ਉਨ੍ਹਾਂ ਕਿਹਾ ਕਿ ਗੁਰਚਰਨ ਦੀ ਕਿਤਾਬ ‘ਆਪੋ ਆਪਣਾ ਅੰਬਰ’ ਇਸ ਵੰਨਗੀ ਦੀ ਕਵਿਤਾ ਹੈ।
ਗੁਰਚਰਨ ਨੇ ਬਹੁਤ ਹੀ ਸੰਖੇਪ ਸ਼ਬਦਾਂ ‘ਚ ਬੋਲਦਿਆਂ ਕਾਫ਼ਲੇ ਦੀ ਤਰੀਫ਼ ਕੀਤੀ ਕਿ ਕਦੇ ਰੀਪੋਰਟਾਂ ਵਿੱਚ ਕਾਫ਼ਲੇ ਬਾਰੇ ਪੜ੍ਹਦੇ ਸਾਂ ਪਰ ਅੱਜ ਖੁਦ ਹਾਜ਼ਰ ਹੋ ਕੇ ਹੋਰ ਵੀ ਚੰਗਾ ਲੱਗਾ ਹੈ।
ਡਾ. ਹਰਜਿੰਦਰ ਸਿੰਘ ਰੋਜ਼ ਨੇ ‘ਪੰਜਾਬੀ ਦੇ ਵਿਕਾਸ ਦੀ ਅੱਧੀ ਸਦੀ ਦਾ ਸੱਚ’ ਬਾਰੇ ਬੋਲਦਿਆਂ ਕਿਹਾ ਕਿ 1967 ਵਿੱਚ ਪੰਜਾਬੀ ਦੇ ਵਿਕਾਸ ਲਈ ਬਣਾਈ ਗਈ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਗਿਆਨ ਦੇ ਵਿਸ਼ਿਆਂ ਸਬੰਧੀ ਪੰਜਾਬੀ ਵਿੱਚ ਹੋ ਰਿਹਾ ਕੰਮ ਬਹੁਤ ਚਿੰਤਾਜਨਕ ਹੈ ਜਿਸ ਵੱਲ ਤੁਰੰਤ ਧਿਆਨ ਦਿੱਤੇ ਜਾਣ ਦੀ ਲੋੜ ਹੈ। ਕਾਫ਼ਲੇ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਾਇਦ ਇਹ ਇੱਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ ਕਿ ਕਿਸੇ ਸਾਹਿਤਕ ਸੰਸਥਾ ਵਿੱਚ ਇਸ ਤਰ੍ਹਾਂ ਦੀ ਚਰਚਾ ਛਿੜ ਰਹੀ ਹੈ।
ਇਸ ਤੋਂ ਬਾਅਦ ਪਰਮਜੀਤ ਢਿੱਲੋਂ ਨੇ ਸਟੇਜ ਸੰਭਾਲ਼ਦਿਆਂ ਕਵੀ ਦਰਬਾਰ ਦਾ ਅਰੰਭ ਕੀਤਾ ਜਿਸ ਵਿੱਚ ਮਕਸੂਦ ਚੌਧਰੀ, ਉਂਕਾਰਪ੍ਰੀਤ, ਸੁਖਮਿੰਦਰ ਰਾਮਪੁਰੀ, ਜਗੀਰ ਸਿੰਘ ਕਾਹਲ਼ੋਂ, ਨਵਤੇਜ ਭਾਰਤੀ, ਸੁਰਿੰਦਰ ਚਾਹਲ ਭਾਰਤੀ, ਪਰਮਜੀਤ ਦਿਓਲ, ਭੁਪਿੰਦਰ ਦੁਲੈ, ਅਤੇ ਮਨਦੀਪ ਔਜਲਾ ਨੇ ਕਲਾਮ ਪੇਸ਼ ਕੀਤਾ ਅਤੇ ਸ਼ਿਵਰਾਜ ਸਨੀ ਅਤੇ ਉਪਕਾਰ ਸਿੰਘ ਨੇ ਖ਼ੂਬਸੂਰਤ ਆਵਾਜ਼ਾਂ ਵਿੱਚ ਗ਼ਜ਼ਲਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਅਮਰੀਕਾ ਤੋਂ ਪਹੁੰਚੇ ਅਰਫ਼ਾਨ ਮਲਿਕ ਅਤੇ ਮਾਛੀਵਾੜਾ ਸਾਹਿਤ ਸਭਾ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਕਾਫ਼ਲੇ ਨਾਲ਼ ਆਪਣੀ ਸ਼ਾਬਦਿਕ ਸਾਂਝ ਪਾਈ। ਬ੍ਰਜਿੰਦਰ ਗੁਲਾਟੀ ਜੀ ਅਤੇ ਮਨਮੋਹਨ ਸਿੰਘ ਗੁਲਾਟੀ ਵੱਲੋਂ ਕਾਫ਼ਲੇ ਦੀ ਮੀਟਿੰਗ ਦੇ ਹਰ ਪ੍ਰਬੰਧ ਨੂੰ ਆਪਣੀ ਨਿਗਰਾਨੀ ਹੇਠ ਬਾਖੂਬੀ ਚਲਾਇਆ ਗਿਆ। ਇਸ ਸਮੇਂ ਮਨਦੀਪ ਔਜਲਾ ਨੇ ਸਾਰੇ ਸਾਹਿਤਕਾਰਾਂ ਦੇ ਖ਼ੂਬਸੂਰਤ ਪੋਰਟਰੇਟ ਵੀ ਬਣਾਏ ਜੋ ਉਨ੍ਹਾਂ ਦੀ ਫ਼ੇਸਬੁੱਕ ਵਾਲ ‘ਤੇ ਵੇਖੇ ਜਾ ਸਕਦੇ ਨੇ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੁਹੰਮਦ ਰਫ਼ੀ ਨੂੰ ਸਮਰਪਿਤ ਜ਼ੂਮ ‘ਸਾਵਣ ਕਵੀ-ਦਰਬਾਰ’ ਕਰਵਾਇਆ ਗਿਆ

ਬਰੈਂਪਟਨ/ਡਾ. ਝੰਡ : ਉੱਘੇ ਫ਼ਿਲਮੀ ਗਾਇਕ ਮੁਹੰਮਦ ਰਫ਼ੀ ਜਿਨ੍ਹਾਂ ਦੀ ਬਰਸੀ 31 ਜੁਲਾਈ ਨੂੰ ਆ …