ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਸਿਟੀ ਹਾਲ ਵਿੱਚ ਹੋਏ ਇੱਕ ਸਮਾਜਿਕ ਸਮਾਗਮ ਦੌਰਾਨ ਕਲਾ ਦੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਕੁਝ ਕਲਾਕਾਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਰੰਗਮੰਚ ਦੇ ਖੇਤਰ ਵਿੱਚ ਪਿਛਲੇ ਲੱਗਭੱਗ ਤਿੰਨ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਸਰਗਰਮ ਸਤਿੰਦਰਪਾਲ ਸਿੰਘ ਚਾਹਲ ਨੂੰ ਅਦਾਕਾਰੀ ਦੇ ਖੇਤਰ ਵਿੱਚ ਨਿਰੰਤਰ ਕੰਮ ਕਰਨ ਅਤੇ ਕੋਮਲਦੀਪ ਸ਼ਾਰਦਾ ਨੂੰ ਅਦਾਕਾਰੀ, ਨਾਟ ਨਿਰਦੇਸ਼ਕ, ਕਲਾਤਮਕ ਅਤੇ ਸੰਗੀਤਕ ਵੀਡੀਓਗ੍ਰਾਫੀ, ਹਰਬਿੰਦਰ ਸਿੰਘ ਦੀਵੜਾ ਉਰਫ ਰਾਜਾ ਕਨੇਡਾ ਨੂੰ ਗੀਤਕਾਰੀ ਦੇ ਖੇਤਰ ਵਿੱਚ ਚੰਗਾ ਲਿਖਣ ਅਤੇ ਨੌਜਵਾਨ ਗਾਇਕ ਜਸ ਸੰਘਾ ਨੂੰ ਉਸਦੇ ਸਾਫ ਸੁਥਰੇ ਸੰਗੀਤਕ ਸਫਰ ਵਿੱਚ ਪਾਏ ਯੋਗਦਾਨ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਬਰੈਂਪਟਨ ਸਿਟੀ ਦੀ ਮੇਜ਼ਬਾਨੀ ਕਰਦੇ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਸਿਟੀ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਦੇ ਯਤਨਾਂ ਸਦਕਾ ਹੋਏ ਇਸ ਸਨਮਾਨ ਸਮਾਗਮ ਦੌਰਾਨ ਇਹਨਾਂ ਦੇਵਾਂ ਆਗੂਆਂ ਨੇ ਬੋਲਦਿਆਂ ਆਖਿਆ ਕਿ ਇਹ ਕਲਾਕਾਰ ਇੱਥੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਵੀ ਸਮਾਂ ਕੱਢ ਕੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਨਾਮ ਕਮਾ ਰਹੇ ਹਨ। ਇਹ ਸਮੁੱਚੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਸਾਰੇ ਕਲਾਕਾਰਾਂ ਨੂੰ ਭਵਿੱਖ ਵਿੱਚ ਹੋਰ ਵੀ ਕੁਝ ਚੰਗਾ ਕਰਨ ਦੀ ਹੱਲਾ ਸ਼ੇਰੀ ਦਿੰਦਿਆਂ ਸਾਰਿਆਂ ਨੂੰ ਵਧਾਈਆਂ ਵੀ ਦਿੱਤੀਆਂ।