ਬਰੈਂਪਟਨ/ਪਰਮਜੀਤ ਦਿਓਲ
ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਮਈ ਮਹੀਨੇ ਦੀ ਮੀਟਿੰਗ ਸੰਚਾਲਕ ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ ਅਤੇ ਪਰਮਜੀਤ ਦਿਓਲ ਦੀ ਦੇਖ-ਰੇਖ ਹੇਠ 25 ਮਈ ਨੂੰ ਸਪਰਿੰਗਡੇਲ ਲਾਇਬਰੇਰੀ ਵਿੱਚ ਹੋਈ। ਇਸ ਮੀਟਿੰਗ ਵਿੱਚ ਜਿੱਥੇ ਪੰਜਾਬ ਦੀ ਸਿਆਸੀ ਅਤੇ ਸਾਹਿਤਕ ਹਾਲਤ ਬਾਰੇ ਗੱਲਬਾਤ ਹੋਈ ਓਥੇ ਰੋਮਨ ਲੇਖਕ ਹੋਰੇਸ ਦੇ ਕਾਵਿ-ਸਿਧਾਂਤ ਨੂੰ ਵੀ ਸੰਖੇਪ ਵਿੱਚ ਵਿਚਾਰਿਆ ਗਿਆ। ਭਾਰਤੀ ਫੇਰੀ ਤੋਂ ਵਾਪਸ ਆਏ ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਭਾਵੇਂ ਭਾਰਤ ਨੂੰ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਪਰ ਓਥੇ ઑਲੋਕਤੰਤਰ਼ ਵਾਲ਼ੀ ਕੋਈ ਗੱਲ ਰਹਿ ਨਹੀਂ ਗਈ, ਨਿਆਂ ਪਾਲਿਕਾ ਅਤੇ ਸਿਆਸੀ ਲੋਕਾਂ ਵਿੱਚ ਨੈਤਿਕਤਾ ਦੀ ਬਹੁਤ ਘਾਟ ਹੈ, ਇਸ ਵਾਰ ਆਮ ਚਰਚਾ ਹੈ ਕਿ ਚੋਣ-ਕਮਿਸ਼ਨ ਨੇ ਖੁੱਲ੍ਹ ਕੇ ਬੀਜੇਪੀ ਦਾ ਪੱਖ ਪੂਰਿਆ ਹੈ। ਇਸੇ ਤਰ੍ਹਾਂ ਮੀਡੀਆ ‘ਤੇ ਵੀ ਇਹੋ ਹੀ ਦੋਸ਼ ਲੱਗਦਾ ਹੈ ਕਿ ਉਹ ਪੱਖਪਾਤੀ ਰਿਹਾ ਹੈ। ਜਰਨੈਲ ਸਿੰਘ ਨੇ ਕਿਹਾ ਕਿ ਬੀਜੇਪੀ ਨੇ ਪਿਛਲੇ ਪੰਜ ਸਾਲਾਂ ਦਾ ਲੇਖਾ-ਜੋਖਾ ਕਰਨ ਦੀ ਬਜਾਏ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਰਾਹੀਂ ਵੋਟਾਂ ਬਟੋਰੀਆਂ ਹਨ।
ਪ੍ਰਿੰ. ਸਰਵਣ ਸਿੰਘ ਨੇ ਕਾਨਫ਼ਰੰਸਾਂ ਬਾਰੇ ਬੋਲਦਿਆਂ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਘੱਟੋ-ਘੱਟ ਪੰਜਾਹ ਅਜਿਹੀਆਂ ਛੋਟੀਆਂ ਮੋਟੀਆਂ ਕਾਨਫ਼ਰੰਸਾਂ ਹੋਈਆਂ ਨੇ ਜਿਨ੍ਹਾਂ ਨੂੰ ઑਇੰਟਨੈਸ਼ਨਲ ਕਾਨਫ਼ਰੰਸ ਦਾ ਨਾਂ ਦਿੱਤਾ ਗਿਆ ਹੈ। ਇਸ ਰੁਝਾਨ ਦਾ ਕਾਰਨ ਜਿੱਥੇ ਉਨ੍ਹਾਂ ਨੇ ਕਾਲਜਾਂ ਯੂਨੀਵਰਸਿਟੀਆਂ ਨੂੰ ਮਿਲਦੀਆਂ ਸਰਕਾਰੀ ਗਰਾਂਟਾਂ ਦੀ ਵਰਤੋਂ ਦੀ ਮਜਬੂਰੀ ਦੱਸਿਆ ਓਥੇ ਇਹ ਵੀ ਕਿਹਾ ਕਿ ਹੁਣ ਪ੍ਰੋਫ਼ੈਸਰ ਬਣਨ ਲਈ ਸਰਕਾਰ ਨੇ ਸ਼ਰਤਾਂ ਹੀ ਏਨੀਆਂ ਵਧਾ ਦਿੱਤੀਆਂ ਨੇ ਕਿ ਵੱਧ ਤੋਂ ਵੱਧ ਸੈਮੀਨਾਰਾਂ ਅਤੇ ਕਾਨਫ਼ਰੰਸਾਂ ਵਿੱਚ ਪੇਪਰ ਪੜ੍ਹਨਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ। ਡਾ. ਬਲਜਿੰਦਰ ਸੇਖੋਂ ਨੇ ਕਿਹਾ ਕਿ ਜਿਹੜਾ ਰਾਹ ਭਾਰਤੀ ਨੇਤਾਵਾਂ ਨੇ ਫੜ ਲਿਆ ਹੈ ਉਹ ਰਾਹ ਭਾਰਤ ਨੂੰ ਗਿਰਾਵਟ ਵੱਲ ਹੀ ਲਿਜਾ ਸਕਦਾ ਹੈ।
ਜਗੀਰ ਸਿੰਘ ਕਾਹਲ਼ੋਂ ਨੇ ਕਿਹਾ ਕਿ ਬੇਸ਼ੱਕ ਦੁਨੀਆਂ ਭਰ ਦਾ ਸਿਆਸੀ ਮਾਹੌਲ ਉਲਝਦਾ ਜਾ ਰਿਹਾ ਹੈ ਪਰ ਇਸੇ ਗਿਰਾਵਟ ਵਿਚੋਂ ਹੀ ਕਿਸੇ ਕ੍ਰਾਂਤੀ ਦਾ ਜਨਮ ਵੀ ਹੋ ਸਕਦਾ ਹੈ। ਗੁਰਦੇਵ ਸਿੰਘ ਮਾਨ, ਸੁਰਿੰਦਰਜੀਤ ਕੌਰ ਅਤੇ ਜਸਵਿੰਦਰ ਸੰਧੂ ਨੇ ਵੀ ਆਪਣੇ ਵਿਚਾਰ ਦਿੱਤੇ। 65 ਬੀਸੀ ਵਿੱਚ ਪੈਦਾ ਹੋਏ ਰੋਮਨ ਲੇਖਕ ਹੋਰੇਸ (Horace) ਦੇ ਕਾਵਿ ਸਿਧਾਂਤ ਬਾਰੇ ਬੋਲਦਿਆਂ ਕੁਲਵਿੰਦਰ ਖਹਿਰਾ ਨੇ ਹੋਰੇਸ ਵੱਲੋਂ ਸਾਹਿਤ ਨਾਲ਼ ਜੁੜੇ ਹੋਏ ਰੋਮ ਦੇ ਇੱਕ ਅਮੀਰ ਪਰਿਵਾਰ ਨੂੰ ਲਿਖੀ ਗਈ 476 ਲਾਈਨਾਂ ਦੀ ਕਾਵਿ-ਚਿੱਠੀ (ਜੋ ਬਾਅਦ ਵਿੱਚ Arts of Poetry ਦੇ ਨਾਂ ਨਾਲ਼ ਮਸ਼ਹੂਰ ਹੋਈ) ਵਿੱਚੋਂ ਹਵਾਲੇ ਦਿੰਦਿਆਂ ਕਿਹਾ ਕਿ ਤਕਰੀਬਨ 2100 ਸਾਲ ਪਹਿਲਾਂ ਇਸ ਲੇਖਕ ਵੱਲੋਂ ਪੇਸ਼ ਕੀਤੇ ਗਏ ਵਿਚਾਰ ਪੰਜਾਬੀ ਲੇਖਕਾਂ ਲਈ ਅੱਜ ਵੀ ਓਨੀ ਹੀ ਅਹਿਮੀਅਤ ਰੱਖਦੇ ਹਨ।
ਹੋਰੇਸ ਦਾ ਮੰਨਣਾ ਹੈ ਕਿ ਲੇਖਕ ਜਦੋਂ ਬਾਣੀਆ ਬਣ ਕੇ ਨਫ਼ੇ-ਨੁਕਸਾਨ ਮਾਪਣ ਲੱਗ ਪੈਂਦਾ ਹੈ ਤਾਂ ਉਸਦੀ ਲਿਖਤ ਚਿਰਜੀਵੀ ਨਹੀਂ ਬਣਦੀ। ਹੋਰੇਸ ਲਿਖਦਾ ਹੈ ਕਿ ਵਧੀਆ ਲੇਖਕ ਬਣਨ ਲਈ ਜਿੱਥੇ ਅੰਦਰੂਨੀ ਕਲਾ ਦਾ ਹੋਣਾ ਬਹੁਤ ਜ਼ਰੂਰੀ ਹੈ ਓਥੇ ਇਸ ਅਦਰੂਨੀ ਕਲਾ ਨੂੰ ਨਿਖਾਰਨ ਲਈ ਸਾਹਿਤਕ ਕਲਾਵਾਂ ਦਾ ਹੁਨਰ ਹੋਣਾ ਵੀ ਬਹੁਤ ਜ਼ਰੂਰੀ ਹੈ। ਕੁਲਵਿੰਦਰ ਦੇ ਇਸ ਉਪਰਾਲੇ ਦੀ ਸਾਰਿਆਂ ਵੱਲੋਂ ਪ੍ਰਸੰਸਾ ਕੀਤੀ ਗਈ ਅਤੇ ਸਹਿਮਤੀ ਪ੍ਰਗਟਾਈ ਗਈ ਕਿ ਹਰ ਮੀਟਿੰਗ ਵਿੱਚ ਅਜਿਹੀ ਵਿਚਾਰ-ਚਰਚਾ ਛੇੜਨੀ ਬਹੁਤ ਜ਼ਰੂਰੀ ਹੈ। ਕਵਿਤਾ ਦੇ ਦੌਰ ਵਿੱਚ ਸ਼ਿਵਰਾਜ ਸਨੀ ਅਤੇ ਰਿੰਟੂ ਭਾਟੀਆ ਨੇ ਆਪਣੇ ਖ਼ੂਬਸੂਰਤ ਤਰੰਨਮ ਵਿੱਚ ਰਚਨਾਵਾਂ ਪੇਸ਼ ਕੀਤੀਆਂ ਜਦਕਿ ਭੁਪਿੰਦਰ ਦੁਲੈ, ਕੁਲਵਿੰਦਰ ਖਹਿਰਾ, ਗਿਆਨ ਸਿੰਘ ਘਈ, ਪਰਮਜੀਤ ਦਿਓਲ, ਜਸਵੰਤ ਕੌਰ, ਸੁਰਿੰਦਰਜੀਤ ਕੌਰ, ਅਤੇ ਪਹਿਲੀ ਵਾਰ ਸਟੇਜ ‘ਤੇ ਪੇਸ਼ ਹੋਏ ਨੌਜਵਾਨ ਸ਼ਾਇਰ ਸਿਮਰਨਜੀਤ ਸਿੰਘ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ।
ਜੋਗਿੰਦਰ ਪੂਨੀ ਨੇ ਕਾਫ਼ਲੇ ਦੀਆਂ ਮੀਟਿੰਗਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਲਈ ਸੁਝਾਅ ਦਿੱਤੇ। ਮੀਟਿੰਗ ਵਿੱਚ ਮਨਮੋਹਨ ਸਿੰਘ ਗੁਲਾਟੀ, ਕਿਰਪਾਲ ਸਿੰਘ ਪੰਨੂੰ, ਪੂਰਨ ਸਿੰਘ ਪਾਂਧੀ, ਗੁਰਜਿੰਦਰ ਸੰਘੇੜਾ, ਸੁਰਿੰਦਰ ਖਹਿਰਾ, ਗੁਰਬਚਨ ਸਿੰਘ ਚਿੰਤਕ, ਚਮਕੌਰ ਸਿੰਘ ਮਾਛੀਕੇ, ਕੋਮਲਪ੍ਰੀਤ, ਦੀਪ ਖੰਗੂੜਾ ਅਤੇ ਬਲਵਿੰਦਰ ਸਿੰਘ, ਆਦਿ ਹਾਜ਼ਰ ਸਨ। ਮੀਟਿੰਗ ਦੀ ਕਾਰਵਾਈ ਵਿੱਚ ਬ੍ਰਜਿੰਦਰ ਗੁਲਾਟੀ, ਮਨਮੋਹਨ ਗੁਲਾਟੀ, ਸੁਰਿੰਦਰ ਖਹਿਰਾ ਅਤੇ ਗੁਰਜਿੰਦਰ ਸੰਘੇੜਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।
Home / ਕੈਨੇਡਾ / ਕਾਫ਼ਲੇ ਵੱਲੋਂ ਰੋਮਨ ਲੇਖਕ ਹੋਰੇਸ ਦੇ ਕਾਵਿ-ਸਿਧਾਂਤ ਬਾਰੇ ਤੇ ਪੰਜਾਬ ਦੀ ਸਾਹਿਤਕ ਅਤੇ ਸਿਆਸੀ ਸਥਿਤੀ ਬਾਰੇ ਚਰਚਾ
Check Also
ਵਿਸ਼ਵ ਪੱਧਰੀ ਜਾਣੀ ਪਹਿਚਾਣੀ ਕਵਿਤਰੀ ਰੰਮੀ ਵਾਲੀਆ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਵਰਲਡ ਪੰਜਾਬੀ ਸੈਂਟਰ’ ਵੱਲੋਂ ਹੋਇਆ ਵਿਸ਼ੇਸ਼ ਸਨਮਾਨ
ਫਰੀਦਕੋਟ/ਪਟਿਆਲਾ/ਬਿਊਰੋ ਨਿਊਜ਼ : ਦੁਨੀਆ ਭਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਕੈਨੇਡਾ ਦੇ ਬਰੈਂਪਟਨ ਦੀ …