10.2 C
Toronto
Wednesday, October 15, 2025
spot_img
Homeਜੀ.ਟੀ.ਏ. ਨਿਊਜ਼ਦੁਨੀਆਂ ਦੀ ਸਭ ਤੋਂ ਤਕੜੀ ਡੈਮੋਕਰੇਸੀ ਨੂੰ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ...

ਦੁਨੀਆਂ ਦੀ ਸਭ ਤੋਂ ਤਕੜੀ ਡੈਮੋਕਰੇਸੀ ਨੂੰ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ ਨੂੰ ਇਕ ਮੌਕਾ ਹੋਰ ਦਿੱਤਾ ਜਾਵੇ : ਜਸਟਿਨ ਟਰੂਡੋ

ਸ਼ੀਅਰ ਤਾਂ ਫ਼ੋਰਡ ਵੱਲੋਂ ਲਗਾਏ ‘ਕੱਟਸ’ ਨੂੰ ਚੌਗਣੇ ਹੀ ਕਰੇਗਾ
ਮਿਸੀਸਾਗਾ/ਡਾ. ਝੰਡ : ਲੰਘੇ ਸ਼ਨੀਵਾਰ 6900 ਏਅਰਪੋਰਟ ਰੋਡ ਸਥਿਤ ਇੰਟਰਨੈਸ਼ਨਲ ਸੈਂਟਰ ਦੇ ਵਿਸ਼ਾਲ ਕਾਨਫ਼ਰੰਸ ਹਾਲ ਵਿਚ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਇਸ ਸਮੇਂ ਇਸ ਦੁਨੀਆਂ ਦਾ ਸਭ ਤੋਂ ਮਜ਼ਬੂਤ ਲੋਕਤੰਤਰ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਬਨਾਉਣ ਲਈ ਲੋਕਾਂ ਨੂੰ ਲਿਬਰਲ ਪਾਰਟੀ ਨੂੰ ਇਕ ਹੋਰ ਮੌਕਾ ਦੇਣਾ ਚਾਹੀਦਾ ਹੈ। ਇਸ ਮੌਕੇ ਆਪਣੀ ਸਰਕਾਰ ਦੀਆਂ ਮੋਟੀਆਂ-ਮੋਟੀਆਂ ਪ੍ਰਾਪਤੀਆਂ ਬਾਰੇ ਸੰਖੇਪ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਵਿਚ 1.1 ਮਿਲੀਅਨ ਲੋਕਾਂ ਨੂੰ ਨਵੀਆਂ ਨੌਕਰੀਆਂ ਦਿੱਤੀਆਂ ਗਈਆਂ ਹਨ, ਮਿਡਲ ਕਲਾਸ ਨੂੰ ਉੱਪਰ ਚੁੱਕਣ ਲਈ ਫ਼ੈਮਿਲੀ ਕੇਅਰ, ਹੈੱਲਥ ਕੇਅਰ, ਕੈਨੇਡਾ ਚਾਈਲਡ ਬੈਨੀਫ਼ਿਟ ਤੇ ਨੈਸ਼ਨਲ ਫ਼ਾਰਮਾਕੇਅਰ ਵਰਗੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਅਤੇ ਸੀਨੀਅਰਜ਼ ਦੀ ਭਲਾਈ ਲਈ ਕਈ ਕਦਮ ਉਠਾਏ ਗਏ ਹਨ। ਦੇਸ਼ ਦੇ ਅਰਥਚਾਰੇ ਤੇ ਸਮੁੱਚੇ ਇਨਫ਼ਰਾਸਟਰੱਕਚਰ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਲੋਕ-ਭਲਾਈ ਦੇ ਕਈ ਨਵੇਂ ਪ੍ਰਾਜੈੱਕਟ ਆਰੰਭ ਕੀਤੇ ਗਏ ਹਨ।
ਆਪਣੀ ਨਿਕਟ-ਵਿਰੋਧੀ ਪੀ.ਸੀ. ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ‘ਤੇ ਤੋੜੇ ਕੱਸਦਿਆਂ ਟਰੂਡੋ ਨੇ ਕਿਹਾ ਕਿ ਸ਼ੀਅਰ ਤਾਂ ਬੱਸ ਕੱਟਾਂ ਲਗਾਉਣੀਆਂ ਹੀ ਜਾਣਦੇ ਹਨ। ਇਸ ਪਾਰਟੀ ਦੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫ਼ੋਰਡ ਵੱਲੋਂ ਸੂਬੇ ਵਿਚ ਲਗਾਈਆਂ ਕੱਟਾਂ ਦਾ ਹਵਾਲਾ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਜੇਕਰ ਐਂਡਰਿਊ ਸ਼ੀਅਰ ਸੱਤਾ ਵਿਚ ਆ ਗਏ ਤਾਂ ਉਹ ਫ਼ੈੱਡਰਲ ਬੱਜਟ ਵਿਚ ਫ਼ੋਰਡ ਨਾਲੋਂ ਵੀ ਚੌਗਣੀਆਂ ਕੱਟਾਂ ਲਗਾਉਣਗੇ। ਉਨ੍ਹਾਂ ਕਿਹਾ ਕਿ ਪੀ.ਸੀ.ਪਾਰਟੀ ਵਾਲੇ ਤਾਂ ਬੱਸ ਕੱਟਾਂ ਲਗਾਉਣੀਆਂ ਹੀ ਜਾਣਦੇ ਹਨ ਅਤੇ ਉਨ੍ਹਾਂ ਕੋਲ ਕੈਨੇਡਾ ਲਈ ਸਿਰਫ਼ ਇਕ-ਨੁਕਾਤੀ ਪ੍ਰੋਗਰਾਮ ਹੀ ਹੈ, ‘ਕੱਟ, ਕੱਟ ਐਂਡ ਕੱਟ’। ਉਹ ਸਿਹਤ, ਸਿੱਖਿਆ ਅਤੇ ਸਮਾਜ-ਭਲਾਈ ਦੇ ਕੰਮਾਂ ਉੱਪਰ ਕੱਟ ਲਗਾ ਕੇ ਬੱਜਟ ਨੂੰ ਬੈਲੈਂਸ ਕਰਨਾ ਚਾਹੁੰਦੇ ਹਨ ਜੋ ਕਿ ਲੋਕ-ਹਿੱਤ ਵਿਚ ਨਹੀਂ ਹੈ। ਲੋਕਾਂ ਨੂੰ ਦੇਸ਼ ਦੇ ਵਿਕਾਸ ਦੇ ਨਾਲ ਨਾਲ ਸੁੱਖ-ਸਹੂਲਤਾਂ ਦੀ ਵੀ ਜ਼ਰੂਰਤ ਹੈ। ਦੂਸਰੇ ਬੰਨੇ ਪੀ.ਸੀ. ਪਾਰਟੀ ਹੈੱਲਥ, ਐਜੂਕੇਸ਼ਨ ਅਤੇ ਫ਼ੈਮਿਲੀ ਕੇਅਰ ਵਰਗੇ ਅਹਿਮ ਪ੍ਰੋਗਰਾਮਾਂ ਉੱਪਰ ਭਾਰੀ ਕੱਟ ਲਗਾ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਹਨ। ਹਾਸੇ-ਮਜ਼ਾਕ ਦੇ ਲਹਿਜ਼ੇ ਵਿਚ ਉਨ੍ਹਾਂ ਕਿਹਾ ਕਿ ਪੀ.ਸੀ. ਪਾਰਟੀ ਛੋਟੇ ਬੱਚਿਆਂ ਦੇ ਡਾਇਪਰਾਂ ਉੱਪਰ ਕੱਟ ਲਗਾ ਕੇ ਕਿੰਨੀ ਕੁ ਬੱਚਤ ਕਰ ਲਵੇਗੀ।
ਟਰੂਡੋ ਨੇ ਹੋਰ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕੈਨੇਡਾ-ਵਾਸੀਆਂ ਦੀ ਭਲਾਈ ਹੈ। ਉਹ ਬੱਚਿਆਂ, ਨੌਜਵਾਨਾਂ ਅਤੇ ਸੀਨੀਅਰਾਂ ਦਾ ਉੱਜਲ ਭਵਿੱਖ ਲੋਚਦੇ ਹਨ। ਉਨ੍ਹਾਂ ਦੀ ਸਰਕਾਰ ਮੁੜ ਬਣਨ ‘ਤੇ ਉਹ ਅਮੀਰਾਂ ਉੱਪਰ 1 ਫੀਸਦੀ ਟੈਕਸ ਲਗਾ ਕੇ ਮੱਧ-ਵਰਗ ਦੇ ਜੀਵਨ ਨੂੰ ਹੋਰ ਸੁਖ਼ਾਲਾ ਕਰਨਗੇ। ਉਨ੍ਹਾਂ ਕਿਹਾ ਕਿ 15,000 ਡਾਲਰ ਸਲਾਨਾ ਆਮਦਨ ਵਾਲਿਆਂ ਉੱਪਰ ਆਮਦਨੀ ਟੈਕਸ ਨਹੀਂ ਲੱਗੇਗਾ ਅਤੇ ਸੈੱਲ-ਫ਼ੋਨ ਦੇ ਬਿੱਲ 25 ਫੀਸਦੀ ਘੱਟ ਕੀਤੇ ਜਾਣਗੇ। ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਨਾਲ ਦਵਾਈਆਂ ਦੀਆਂ ਕੀਮਤਾਂ ਘੱਟ ਕੀਤੀਆਂ ਜਾਣਗੀਆਂ। ਕੈਨੇਡਾ ਵਿਚ ਗੰਨ ਕਲਚਰ ਨੂੰ ਫੈਲਣ ਤੋਂ ਰੋਕਿਆ ਜਾਏਗਾ ਅਤੇ ਲੋਕਾਂ ਦਾ ਜੀਵਨ ਖ਼ੁਸ਼ਹਾਲ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ ਸਮਾਜ ਵਿਚ ਚੰਗਾ ਕਰਨ ਦੀ ਸੰਭਾਵਨਾ ਹਮੇਸ਼ਾ ਮੌਜੂਦ ਹੁੰਦੀ ਹੈ। ਉਨ੍ਹਾਂ ਸਾਰਿਆਂ ਨੂੰ ਮਿਲ ਕੇ ਲਿਬਰਲ ਪਾਰਟੀ ਦੇ ਉਮੀਦਵਾਰਾਂ ਦੇ ਹੱਥ ਮਜ਼ਬੂਤ ਕਰਨ ਲਈ ਕਿਹਾ ਅਤੇ ਕੈਨੇਡਾ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਇੱਛਾ ਦੁਹਰਾਈ।
ਇਸ ਮੌਕੇ ਬਰੈਂਪਟਨ, ਮਿਸੀਸਾਗਾ, ਕੈਲਾਡਨ, ਸਕਾਰਬਰੋ, ਮਿਲਟਨ, ਬਰਲਿੰਗਟਨ, ਓਕਵਿਲ, ਆਦਿ ਸ਼ਹਿਰਾਂ ਤੋਂ ਉਮੀਦਵਾਰਾਂ ਦੇ ਸਮੱਰਥਕ 40-45 ਸਕੂਲ ਬੱਸਾਂ ਅਤੇ ਆਪਣੀਆਂ ਕਾਰਾਂ ਵਿਚ ਵੱਡੀ ਗਿਣਤੀ ਰੈਲੀ ਵਾਲੇ ਸਥਾਨ ઑਤੇ ਪਹੁੰਚੇ। ਮੰਚ-ਸੰਚਾਲਨ ਦੀ ਸਮੁੱਚੀ ਕਾਰਵਾਈ ਮਿਸੀਸਾਗਾ-ਮਾਲਟਨ ਤੋਂ ਲਿਬਰਲ ਉਮੀਦਵਾਰ ਸਾਬਕਾ ਖੋਜ ਤੇ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਬਾਖ਼ੂਬੀ ਨਿਭਾਈ। ਉਨ੍ਹਾਂ ਟਰੂਡੋ ਤੋਂ ਪਹਿਲਾਂ ਮਿਸੀਸਾਗਾ ਸੈਂਟਰ ਤੋਂ ਲਿਬਰਲ ਓਮਰ ਅਲਗ਼ਾਬਰਾ ਅਤੇ ਸਾਬਕਾ ਵਿਦੇਸ਼ ਮੰਤਰੀ ਕ੍ਰਿਸਟੀਆਂ ਫ਼ਰੀਲੈਂਡ ਨੂੰ ਮੰਚ ‘ઑਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਲਿਬਰਲ ਪਾਰਟੀ ਦੀਆਂ ਪਾਲਿਸੀਆਂ ਅਤੇ ਪ੍ਰੋਗਰਾਮਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

RELATED ARTICLES
POPULAR POSTS