Breaking News
Home / ਜੀ.ਟੀ.ਏ. ਨਿਊਜ਼ / ਤੂਰ ਫਾਊਂਡੇਸ਼ਨ ਨੇ ਮਾਨਸਿਕ ਰੋਗਾਂ ਦੀ ਸੰਸਥਾ ਨੂੰ ਦਿੱਤੇ 1 ਮਿਲੀਅਨ ਡਾਲਰ ਦਾਨ

ਤੂਰ ਫਾਊਂਡੇਸ਼ਨ ਨੇ ਮਾਨਸਿਕ ਰੋਗਾਂ ਦੀ ਸੰਸਥਾ ਨੂੰ ਦਿੱਤੇ 1 ਮਿਲੀਅਨ ਡਾਲਰ ਦਾਨ

ਮਿਸੀਸਾਗਾ/ਪਰਵਾਸੀ ਬਿਊਰੋ : ਪੰਜਾਬੀ ਭਾਈਚਾਰੇ ਦੀ ਉੱਘੀ ਸ਼ਖ਼ਸੀਅਤ ਸੁਖਦੇਵ ਤੂਰ, ਜਿਨ੍ਹਾਂ ਦਾ ਹੋਟਲਾਂ ਦਾ ਵੱਡਾ ਕਾਰੋਬਾਰ ਹੈ, ਦੇ ਪਰਿਵਾਰ ਵਲੋਂ ਬਣਾਈ ਤੂਰ ਫਾਊਂਡੇਸ਼ਨ ਨੇ ਕਮਿਊਨਿਟੀ ਮੈਂਟਲ ਹੈਲਥ ਇਨੀਸ਼ੀਏਟਿਵ (ਸੀ ਐਮ ਐਚ ਆਈ) ਨਾਮਕ ਸੰਸਥਾ ਨੂੰ ਇੱਕ ਮਿਲੀਅਨ ਡਾਲਰ ਦਾਨ ਵਜੋਂ ਦੇਣ ਦਾ ਐਲਾਨ ਕੀਤਾ ਹੈ। ‘ਪਰਵਾਸੀ ਮੀਡੀਆ’ ਗਰੁੱਪ ਨਾਲ ਗੱਲਬਾਤ ਕਰਦਿਆਂ ਸੁਖਦੇਵ ਤੂਰ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਮਹਿਸੂਸ ਕੀਤਾ ਹੈ ਕਿ ਸਾਡੇ ਨੌਜਵਾਨਾਂ ਵਿੱਚ ਮਾਨਸਿਕ ਸਮੱਸਿਆਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਕੋਵਿਡ-19 ਦੇ ਚੱਲਦਿਆਂ ਸਥਿਤੀ ਹੋਰ ਵੀ ਗੰਭੀਰ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ 37 ਸਾਲ ਪਹਿਲਾਂ ਕੈਨੇਡਾ ਆਏ ਸਨ ਅਤੇ ਬਹੁਤ ਮਿਹਨਤ ਕਰਨ ਤੋਂ ਬਾਅਦ ਉਨ੍ਹਾਂ ਨੇ ਜੋ ਮੁਕਾਮ ਹਾਸਲ ਕੀਤਾ ਹੈ, ਉਸ ਲਈ ਉਹ ਕੈਨੇਡਾ ਦੇ ਸ਼ੁਕਰਗੁਜ਼ਾਰ ਹਨ। ਉਨ੍ਹਾਂ ਅੱਗੇ ਕਿਹਾ ਕਿ ਹੁਣ ਸਮਾਂ ਹੈ ਕਿ ਉਹ ਆਪਣਾ ਬਣਦਾ ਯੋਗਦਾਨ ਮੁੱਖ-ਧਾਰਾ ਦੀਆਂ ਸੰਸਥਾਵਾਂ ਵਿੱਚ ਵੀ ਪਾਉਣ। ਉਨ੍ਹਾਂ ਨਾਲ ਹੀ ਲੋਕਾਂ ਨੂੰ ਸਲਾਹ ਦਿੱਤੀ ਕਿ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਔਕੜਾਂ ਆਉਂਦੀਆਂ ਹਨ ਅਤੇ ਬਿਜ਼ਨਸ ਵਿੱਚ ਵੀ ਕਈ ਵਾਰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੰਤੂ ਸਾਨੂੰ ਇਨ੍ਹਾਂ ਹਾਲਾਤ ਦਾ ਦਲੇਰੀ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ‘ਪਰਵਾਸੀ ਰੇਡੀਓ’ ਦੇ ਹੋਸਟ ਰਜਿੰਦਰ ਸੈਣੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਭਾਰਤ ਤੋਂ ਪੜ੍ਹਨ ਲਈ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਇਸ ਸਮੇਂ ਵੱਡੀਆਂ ਮਾਨਸਿਕ ਸਮੱਸਿਆਵਾਂ ‘ਚੋਂ ਗੁਜ਼ਰ ਰਹੇ ਹਨ, ਜਿਨ੍ਹਾਂ ਲਈ ਕਮਿਊਨਿਟੀ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਸੁਖਦੇਵ ਤੂਰ ਹੋਰਾਂ ਨੇ ਇਸ ਸਮੱਸਿਆ ਲਈ ਵੀ ਮਦਦ ਦਾ ਵਾਅਦਾ ਕੀਤਾ। ਜ਼ਿਕਰਯੋਗ ਹੈ ਕਿ ਸੁਖਦੇਵ ਤੂਰ ਕੈਨੇਡਾ ਦੇ ਵੱਡੇ ਹੋਟਲ ਕਾਰੋਬਾਰੀਆਂ ‘ਚੋਂ ਇੱਕ ਹਨ ਅਤੇ ਇਸ ਸਮੇਂ ਸਫ਼ਲ ਬਿਜ਼ਨਸਮੈਨ ਵਜੋਂ ਕਈ ਐਵਾਰਡ ਜਿੱਤ ਚੁੱਕੇ ਹਨ। ਉਹ ਪਿੱਛੋਂ ਪੰਜਾਬ ਦੇ ਜਗਰਾਓਂ ਇਲਾਕੇ ਤੋਂ ਇੱਕ ਰਾਜਨੀਤਿਕ ਅਤੇ ਆਰਥਿਕ ਪੱਖੋਂ ਮਜ਼ਬੂਤ ਪਰਿਵਾਰ ‘ਚੋਂ ਹਨ। ਉਨ੍ਹਾਂ ਦਾ ਮੁੱਖ-ਧਾਰਾ ਦੀ ਇਸ ਸੰਸਥਾ ਲਈ ਦਿੱਤਾ ਦਾਨ ਕਾਫੀ ਚਰਚਾ ਵਿੱਚ ਹੈ। ਜਿਸਨੂੰ ਗਲੋਬ ਐਂਡ ਮੇਲ ਵਰਗੀਆਂ ਵੱਡੀਆਂ ਅਖ਼ਬਾਰਾਂ ਨੇ ਵੀ ਸਲਾਹਿਆ ਹੈ।

 

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …