ਟੋਰਾਂਟੋ : ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਆਏ ਬਰਫੀਲੇ ਤੂਫ਼ਾਨ ‘ਚ ਵਿਨੀਪੈਗ ਨਾਲ ਸਬੰਧਤ ਇਕ ਹੋਰ ਪੰਜਾਬੀ ਨੌਜਵਾਨ ਡਰਾਈਵਰ ਕਿਰਪਾਲ ਸਿੰਘ ਗਿੱਲ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਕਿਰਪਾਲ ਸਿੰਘ ਗਿੱਲ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਲੂ ਨੰਗਲ ਦਾ ਰਹਿਣ ਵਾਲਾ ਸੀ ਅਤੇ ਪੜ੍ਹਾਈ ਕਰਨ ਲਈ ਕੁਝ ਸਾਲ ਪਹਿਲਾ ਕੈਨੇਡਾ ਆਇਆ ਸੀ। ਨੌਜਵਾਨ ਕਿਰਪਾਲ ਸਿੰਘ ਸਿਰਫ 23 ਸਾਲ ਦਾ ਸੀ ਅਤੇ ਤਿੰਨ ਸਾਲ ਪਹਿਲਾ ਕੁਝ ਸੁਪਨੇ ਲੈ ਕਿ ਕੈਨੇਡਾ ਆਇਆ ਸੀ ਅਤੇ ਪੜ੍ਹਾਈ ਦੇ ਨਾਲ ਨਾਲ ਉਹ ਟਰੱਕ ਚਲਾਉਣ ਦਾ ਵੀ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ 29 ਮਾਰਚ ਨੂੰ ਉਹ ਟਰੱਕ ਲੈ ਕਿ ਬ੍ਰਿਟਿਸ਼ ਕੋਲੰਬੀਆ ਵੱਲ ਜਾ ਰਿਹਾ ਸੀ ਕਿ ਸਸਕੈਚਵਨ ਸੂਬੇ ਦੇ ਸ਼ਹਿਰ ਚੈਪਲਿਨ ਨੇੜੇ ਆਏ ਇਕ ਤੇਜ਼ ਤੂਫ਼ਾਨ ਦੀ ਚਪੇਟ ‘ਚ ਆ ਜਾਣ ਕਾਰਨ ਟਰੱਕ ਹਾਦਸਾ ਗ੍ਰਸਤ ਹੋ ਗਿਆ, ਜਿਸ ਦੌਰਾਨ ਕਿਰਪਾਲ ਸਿੰਘ ਬੁਰੀ ਤਰਾਂ ਨਾਲ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਬੇਹੱਦ ਹੀ ਦੁੱਖ ਵਾਲੀ ਗੱਲ ਹੈ ਕਿ ਕਿਰਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਸ ਹਾਦਸੇ ਨਾਲ ਪੰਜਾਬੀ ਭਾਈਚਾਰੇ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਕਿਰਪਾਲ ਸਿੰਘ ਦਾ ਵਿਆਹ ਪਿਛਲੇ ਸਾਲ ਹੀ ਹੋਇਆ ਸੀ।