Breaking News
Home / ਜੀ.ਟੀ.ਏ. ਨਿਊਜ਼ / ਫੋਨ ਕਾਲਾਂ ਤੇ ਝੂਠੇ ਡਰਾਵੇ ਦੇ ਕੇ ਡਾਲਰ ਵਸੂਲਣ ਵਾਲੇ ਗੈਂਗ ਸਰਗਰਮ

ਫੋਨ ਕਾਲਾਂ ਤੇ ਝੂਠੇ ਡਰਾਵੇ ਦੇ ਕੇ ਡਾਲਰ ਵਸੂਲਣ ਵਾਲੇ ਗੈਂਗ ਸਰਗਰਮ

logo-2-1-300x105-3-300x105ਕੁਝ ਮਹੀਨੇ ਜਾਂ ਸਾਲ ਪਹਿਲਾਂ ਕੈਨੇਡਾ ਆਉਣ ਵਾਲੇ ਸਾਊਥ ਏਸ਼ੀਅਨ ਲੋਕਾਂ ਨੂੰ ਜਾਲਸਾਜ ਬਣਾਉਂਦੇ ਹਨ ਨਿਸ਼ਾਨਾ
ਪੁਲਿਸ ਨੇ ਲੋਕਾਂ ਨੂੰ ਕੀਤੀ ਸ਼ਿਕਾਇਤ ਕਰਨ ਦੀ ਅਪੀਲ
ਬਰੈਂਪਟਨ/ ਬਿਊਰੋ ਨਿਊਜ਼
ਫ਼ੋਨ ਕਾਲਾਂ ਰਾਹੀਂ ਝੂਠੇ ਡਰਾਵੇ ਦੇ ਕੇ ਡਾਲਰ ਵਸੂਲਣ ਦੀਆਂ ਵੱਧਦੀਆਂ ਘਟਨਾਵਾਂ ਨੂੰ ਦੇਖਦਿਆਂ ਪੀਲ ਰੀਜ਼ਨਲ ਪੁਲਿਸ ਨੇ ਲੋਕਾਂ ਨੂੰ ਅਜਿਹੇ ਜਾਅਲਸਾਜ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਸ ਤਰ੍ਹਾਂ ਦੇ ਜਾਅਲਸਾਜ਼ ਗੈਂਗ ਖ਼ਾਸ ਤੌਰ ‘ਤੇ ਉਨ੍ਹਾਂ ਸਾਊਥ ਏਸ਼ੀਅਨ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਹੜੇ ਕਿ ਬੀਤੇ ਕੁਝ ਮਹੀਨਿਆਂ ਜਾਂ ਸਾਲਾਂ ਵਿਚ ਹੀ ਕੈਨੇਡਾ ਆਏ ਹਨ।
ਪੁਲਿਸ ਦੇ ਫ਼ਰਾਡ ਬਿਊਰੋ ਨੇ ਆਖਿਆ ਹੈ ਕਿ ਕਾਫ਼ੀ ਲੋਕਾਂ ਨੂੰ ਲਗਾਤਾਰ ਅਜਿਹੀਆਂ ਕਾਲਾਂ ਆ ਰਹੀਆਂ ਹਨ, ਜਿਨ੍ਹਾਂ ਵਿਚ ਕਈ ਫ਼ੈਡਰਲ ਏਜੰਸੀਆਂ ਵਲੋਂ ਸਿਟੀਜਨਸ਼ਿਪ ਜਾਂ ਇਮੀਗਰਾਂਟਸ ਸਟੇਟਸ ਨੂੰ ਖ਼ਤਰਾ ਦੱਸ ਕੇ ਡਾਲਰ ਮੰਗੇ ਜਾਂਦੇ ਹਨ। ਉਨ੍ਹਾਂ ਨੂੰ ਡਰਾਇਆ ਜਾਂਦਾ ਹੈ ਕਿ ਜੇਕਰ ਉਨ੍ਹਾਂ ਨੇ ਤੁਰੰਤ ਰਕਮ ਨਾ ਦਿੱਤੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਡਿਪੋਰਟ ਕਰ ਦਿੱਤਾ ਜਾਵੇਗਾ। ਕਾਲਰ ਭੁਗਤਾਨ ਲਈ ਵੀ ਖ਼ਾਸ ਨਿਰਦੇਸ਼ ਦਿੰਦੇ ਹਨ ਅਤੇ ਉਨ੍ਹਾਂ ਨੂੰ ਵੈਸਟਰਨ ਯੂਨੀਅਨ ਜਾਂ ਮਨੀ ਟਰਾਂਸਫ਼ਰ, ਬੈਂਕ ਟਰਾਂਸਫ਼ਰ ਜਾਂ ਪ੍ਰੀਪੇਡ ਕ੍ਰੈਡਿਟ ਕਾਰਡ ਖਰੀਦਣ ਲਈ ਆਖਿਆ ਜਾਂਦਾ ਹੈ। ਉਥੇ ਹੀ ਡਰਾਈਵਿੰਗ ਲਾਇਸੰਸ, ਸਿਟੀਜਨਸ਼ਿਪ ਦਸਤਾਵੇਜ਼ ਜਾਂ ਪਾਸਪੋਰਟ ਦੀ ਕਾਪੀ ਦੇਣ ਲਈ ਵੀ ਕਿਹਾ ਜਾਂਦਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਫ਼ੈਡਰਲ ਅਧਿਕਾਰੀ ਅਤੇ ਪੁਲਿਸ ਕਦੇ ਵੀ ਇਨ੍ਹਾਂ ਮਾਮਲਿਆਂ ਲਈ ਫ਼ੋਨ ‘ਤੇ ਸੰਪਰਕ ਨਹੀਂ ਕਰਦੀ ਅਤੇ ਨਾ ਹੀ ਅਜਿਹੀ ਕਿਸੇ ਤਰ੍ਹਾਂ ਦੀ ਫ਼ੀਸ ਦੀ ਮੰਗ ਕਰਦੀ ਹੈ ਅਤੇ ਨਾ ਹੀ ਕੋਈ ਦਸਤਾਵੇਜ਼ ਮੰਗਿਆ ਜਾਂਦਾ ਹੈ। ਉਧਰ, ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਕੁਝ ਜਾਅਲਸਾਜ਼ ਕੈਨੇਡਾ ਰੈਵੀਨਿਊ ਏਜੰਸੀ, ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ, ਇਮੀਗਰੇਸ਼ ਕੈਨਡਾ ਵਲੋਂ ਵੀ ਫ਼ੋਨ ਕਰਨ ਦਾ ਨਾਟਕ ਕਰਕੇ ਲੋਕਾਂ ਤੋਂ ਪੈਸੇ ਠੱਗੇ ਜਾ ਰਹੇ ਹਨ। ਲੋਕਾਂ ਕੋਲੋਂ ਬਕਾਇਆ ਬਿੱਲਾਂ, ਫ਼ਾਈਨ ਅਤੇ ਟੈਕਸ ਦੇ ਨਾਂਅ ‘ਤੇ ਪੈਸੇ ਮੰਗੇ ਜਾਂਦੇ ਹਨ। ਇਹ ਵੀ ਲੋਕਾਂ ਨੂੰ ਪ੍ਰੀਪੇਡ ਕ੍ਰੈਡਿਟ ਕਾਰਡ ਖਰੀਦਣ ਲਈ ਆਖਦੇ ਹਨ।
ਆਨਲਾਈਨ ਕਰੋਸ਼ਿਕਾਇਤ
ਪੁਲਿਸ ਦਾ ਕਹਿਣਾ ਹੈ ਕਿ ਜੇਕਰ ਅਜਿਹੀ ਕੋਈ ਵੀ ਕਾਲ ਆਉਂਦੀ ਹੈ ਤਾਂ ਐਂਟੀਫ਼੍ਰਾਡਸੈਂਟਰ ਡਾਟ ਸੀ.ਏ. ‘ਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾਵੇ। ਪੁਲਿਸ ਇਸ ਦੀ ਤੁਰੰਤ ਕਾਰਵਾਈ ਕਰੇਗੀ। ਜਾਅਲਸਾਜ਼ ਅਧਿਕਾਰੀ ਫ਼ੈਡਰਲ ਏਜੰਟ ਅਤੇ ਹਾਈਡ੍ਰੋ ਕੰਪਨੀ ਅਧਿਕਾਰੀ ਬਣ ਕੇ ਫ਼ੋਨ ਕਰਦੇ ਹਨ। ਅਜਿਹੀ ਕਿਸੇ ਵੀ ਕਾਲ ‘ਤੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
ਲਗਾਤਾਰ ਫ਼ਸ ਰਹੇ ਲੋਕ, ਕੈਨੇਡਾ ਦੀਆਂ ਏਜੰਸੀਆਂ ਮਿਲ ਕੇ ਚਲਾਉਣਗੀਆਂ ਮੁਹਿੰਮ
ਪੂਰੇ ਦੇਸ਼ ਤੋਂ ਕੈਨੇਡੀਅਨ ਅਜਿਹੇ ਜਾਅਲਸਾਜ਼ਾਂ ਦਾ ਨਿਸ਼ਾਨਾ ਬਣ ਰਹੇ ਹਨ। ਵਿੰਡਸਰ ਪੁਲਿਸ ਦੇ ਸਾਰਜੈਂਟ ਮੈਥਿਊ ਡੀ ਅਸਤੀ ਅਨੁਸਾਰ ਲੋਕਾਂ ਨੂੰ ਉਨ੍ਹਾਂ ਦੀ ਅਸੇਟਸ ਫ਼ੀਜ ਹੋਣ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਤੱਕ ਕਰਨ ਦੀ ਗੱਲ ਵੀ ਆਖੀ ਜਾਂਦੀ ਹੈ। ਅਜਿਹੇ ਫ਼ੋਨ ਟੈਕਸ ਫ਼ਾਈਲਿੰਗ ਦੇ ਸਮੇਂ ਕੀਤੇ ਜਾਂਦੇ ਹਨ ਅਤੇ ਲੋਕਾਂ ਨੂੰ ਲੱਗਦਾ ਹੈ ਕਿ ਟੈਕਸ ਸਬੰਧੀ ਗਲਤੀ ਬਾਅਦ ਵਿਚ ਭਾਰੀ ਪੈ ਸਕਦੀ ਹੈ। ਅਜਿਹੇ ਵਿਚ ਤੇਜ਼ੀ ਨਾਲ ਭੁਗਤਾਨ ਕਰ ਦਿੰਦੇ ਹਨ। ਕੈਨੇਡੀਅਨ ਰੈਵੀਨਿਊ ਏਜੰਸੀ ਨੂੰ ਵੀ ਹੁਣ ਇਸ ਸਬੰਧ ਵਿਚ ਚਿੰਤਾ ਵੱਧਣ ਲੱਗੀ ਹੈ ਅਤੇ ਉਸ ਨੂੰ ਇਸ ਤਰ੍ਹਾਂ ਦੀਆਂ ਕਾਲਾਂ ਲਗਾਤਾਰ ਆਉਣੀਆਂ ਜਾਰੀ ਹਨ।
ਉਨ੍ਹਾਂ ਨੇ ਦੱਸਿਆ ਕਿ ਬੀਤੇ ਇਕ ਹਫ਼ਤੇ ਵਿਚ ਹੀ ਤਿੰਨ ਲੋਕਾਂ ਨੂੰ ਇਸ ਜਾਅਲਸਾਜ਼ੀ ਦਾ ਸ਼ਿਕਾਰ ਬਣਾਇਆ ਜਾ ਚੁੱਕਾ ਹੈ। ਲੋਕਾਂ ਨੂੰ ਪੂਰੀ ਤਰ੍ਹਾਂ ਭੈਅ-ਭੀਤ ਕਰਕੇ ਪੈਸੇ ਮੰਗੇ ਜਾਂਦੇ ਹਨ। ਇਹ ਸਮੱਸਿਆ ਹੁਣ ਓਨਟਾਰੀਓ ਵਿਚ ਟੋਰਾਂਟੋ ਤੋਂ ਲੈ ਕੇ ਨੋਵਾ ਸਕਾਸ਼ੀਆ ਤੱਕ ਪਹੁੰਚ ਗਈ ਹੈ। ਕੈਲਗਰੀ ਪੁਲਿਸ ਅਨੁਸਾਰ ਸਾਲ 2014 ਤੋਂ ਹੁਣ ਤੱਕ 50 ਲੋਕਾਂ ਕੋਲੋਂ 1 ਲੱਖ ਤੋਂ ਵਧੇਰੇ ਡਾਲਰ ਠੱਗ ਲਏ ਗਏ ਹਨ।
ਕ੍ਰਿਸਟੀ ਵੇਰਹੁਏਲ, ਸਟਾਫ਼ ਸਾਰਜੈਂਟ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਦੀਆਂ ਵਧੇਰੇ ਕਾਲਾਂ ਭਾਰਤ ਤੋਂ ਆ ਰਹੀਆਂ ਹਨ ਅਤੇ ਲੋਕਾਂ ਕੋਲੋਂ 900 ਤੋਂ 2000 ਡਾਲਰ ਤੱਕ ਔਸਤਨ ਠੱਗੇ ਜਾ ਰਹੇ ਹਨ। ਕਈ ਵਾਰ ਜਾਅਲਸਾਜ਼ ਪੁਲਿਸ ਅਧਿਕਾਰੀਆਂ ਜਾਂ ਸਰਕਾਰੀ ਅਧਿਕਾਰੀਆਂ ਨੂੰ ਹੀ ਫ਼ੋਨ ਕਰਨ ਲੱਗ ਜਾਂਦੇ ਹਨ ਅਤੇ ਉਸ ਤੋਂ ਬਾਅਦ ਪੁਲਿਸ ਵਲੋਂ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ।
ਬੀਤੇ ਦਿਨੀਂ ਸੀ.ਬੀ.ਸੀ. ਨਿਊਜ਼ ਰਿਪੋਰਟਰ ਨੂੰ ਹੀ ਅਜਿਹੇ ਇਕ ਜਾਅਲਸਾਜ਼ ਦਾ ਫ਼ੋਨ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਜਾਣਦਾ ਹੈ ਕਿ ਤੁਸੀਂ ਫ਼ਰਾਡ ਕਰ ਰਹੇ ਹੋ? ਇਸ ‘ਤੇ ਜਾਅਲਸਾਜ਼ ਨੇ ਕਿਹਾ ਕਿ ਕਈ ਕੈਨੇਡੀਨ ਰੋਜ਼ਾਨਾ ਮੂਰਖ ਬਣ ਰਹੇ ਹਨ ਅਤੇ ਉਨ੍ਹਾਂ ਨੂੰ 10 ਹਜ਼ਾਰ ਡਾਲਰ ਤੱਕ ਦਾ ਭੁਗਤਾਨ ਕਰ ਰਹੇ ਹਨ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਦੌਰਾਨ ਇਕ ਵਿਅਕਤੀ ਕੋਲੋਂ ਇਕ ਹਜ਼ਾਰ ਠੱਗਣ ਤੋਂ ਬਾਅਦ ਜਾਅਲਸਾਜ਼ ਨੇ ਉਸ ਨੂੰ ਫ਼ੋਨ ਕਰਕੇ ਕਿਹਾ ਕਿ ਉਸ ਨੇ ਗਲਤੀ ਕਰ ਦਿੱਤੀ ਹੈ ਅਤੇ ਹੁਣ ਉਸ ਦਾ ਕੁਝ ਨਹੀਂ ਹੋ ਸਕਦਾ। ਕੁਝ ਲੋਕਾਂ ਵਲੋਂ ਕਿਸੇ ਸਟੋਰ ‘ਤੇ ਪ੍ਰੀਪੇਡ ਕ੍ਰੈਡਿਟ ਕਾਰਡ ਖਰੀਦਣ ਲਈ ਜਾਣ ‘ਤੇ ਦੁਕਾਨਦਾਰਾਂ ਨੇ ਜਾਅਲਸਾਜ਼ੀ ਭਾਂਪ ਕੇ ਲੋਕਾਂ ਨੂੰ ਚੌਕਸ ਕਰ ਦਿੱਤਾ।ઠઠ
ਹੁਣ ਕੈਨੇਡਾ ਵਿਚ ਸਾਰੀਆਂ ਏਜੰਸੀਆਂ ਇਸ ਸਬੰਧ ਵਿਚ ਇਕਜੁੱਟ ਹੋ ਕੇ ਕੰਮ ਕਰਨਗੀਆਂ ਅਤੇ ਇਸ ਜਾਅਲਸਾਜ਼ੀ ਨੂੰ ਬੇਨਕਾਬ ਕਰੇਗੀ। ਜਾਅਲਸਾਜ਼ਾਂ ਕੋਲ ਲੋਕਾਂ ਦੇ ਸਬੰਧ ਵਿਚ ਸਾਰੀਆਂ ਜਾਣਕਾਰੀਆਂ ਹੁੰਦੀਆਂ ਹਨ। ਕੁਝ ਫ਼ੋਨ ਕਾਲਾਂ ਟੋਰਾਂਟੋ ਅਤੇ ਮਾਂਟਰੀਆਲ ਖੇਤਰ ਤੋਂ ਵੀ ਆ ਰਹੇ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …