-11.9 C
Toronto
Friday, January 23, 2026
spot_img
Homeਜੀ.ਟੀ.ਏ. ਨਿਊਜ਼ਵਿਦੇਸ਼ਾਂ 'ਚ ਛੁੱਟੀਆਂ ਮਨਾਉਣ ਵਾਲੇ ਕੈਨੇਡੀਅਨਾਂ ਨੂੰ ਨਹੀਂ ਮਿਲਣਗੇ ਸਿਹਤ ਸਬੰਧੀ ਲਾਭ...

ਵਿਦੇਸ਼ਾਂ ‘ਚ ਛੁੱਟੀਆਂ ਮਨਾਉਣ ਵਾਲੇ ਕੈਨੇਡੀਅਨਾਂ ਨੂੰ ਨਹੀਂ ਮਿਲਣਗੇ ਸਿਹਤ ਸਬੰਧੀ ਲਾਭ : ਟਰੂਡੋ

ਫੈਡਰਲ ਸਰਕਾਰ ਸਿਹਤ ਸਬੰਧੀ ਨਿਯਮਾਂ ‘ਚ ਕਰ ਰਹੀ ਹੈ ਤਬਦੀਲੀ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ 1,000 ਡਾਲਰ ਵਾਲੇ ਸਿੱਕਨੈੱਸ ਬੈਨੇਫਿਟ ਵਿੱਚ ਤਬਦੀਲੀਆਂ ਕਰ ਰਹੀ ਹੈ। ਫੈਡਰਲ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਗੈਰ ਜ਼ਰੂਰੀ ਕਾਰਨਾਂ ਕਰਕੇ ਟਰੈਵਲ ਕਰਨ ਵਾਲੇ ਵਿਅਕਤੀਆਂ ਨੂੰ ਕੈਨੇਡਾ ਪਰਤਣ ਉੱਤੇ ਇਕਾਂਤਵਾਸ ‘ਚ ਰੱਖੇ ਜਾਣ ਦੌਰਾਨ ਇਹ ਲਾਭ ਹਾਸਲ ਨਾ ਹੋਵੇ।
ਰੀਡੋ ਕਾਟੇਜ ਤੋਂ ਸਾਲ ਦੇ ਆਪਣੇ ਪਹਿਲੇ ਸੰਬੋਧਨ ਦੌਰਾਨ ਟਰੂਡੋ ਨੇ ਉਨ੍ਹਾਂ ਸਭਨਾਂ ਦੀ ਨਿਖੇਧੀ ਕੀਤੀ ਜਿਨ੍ਹਾਂ ਨੇ ਛੁੱਟੀਆਂ ਦੇ ਮੌਸਮ ਵਿੱਚ ਕੌਮਾਂਤਰੀ ਪੱਧਰ ਉੱਤੇ ਟਰੈਵਲ ਕੀਤਾ ਸੀ। ਉਨ੍ਹਾਂ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਪ੍ਰਧਾਨ ਮੰਤਰੀ ਛੁੱਟੀਆਂ ਵਿੱਚ ਵਿਦੇਸ਼ ਨਹੀਂ ਗਏ ਤੇ ਉਨ੍ਹਾਂ ਸਾਰੀਆਂ ਛੁੱਟੀਆਂ ਆਪਣੇ ਪਰਿਵਾਰ ਨਾਲ ਘਰ ਵਿੱਚ ਹੀ ਬਿਤਾਈਆਂ। ਟਰੂਡੋ ਨੇ ਆਖਿਆ ਕਿ ਇਸ ਸਮੇਂ ਕਿਸੇ ਨੂੰ ਵੀ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਨਹੀਂ ਜਾਣਾ ਚਾਹੀਦਾ।
ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿੱਚ ਜਾ ਕੇ ਛੁੱਟੀਆਂ ਨਾ ਮਨਾਉਣ ਦਾ ਫੈਸਲਾ ਕਰਕੇ ਕਈ ਲੋਕਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ। ਇਸ ਦਾ ਵੀ ਕੋਈ ਕਾਰਨ ਹੈ ਕਿ ਕੈਨੇਡੀਅਨਾਂ ਵੱਲੋਂ ਇਸ ਤਰ੍ਹਾਂ ਦੇ ਸਖ਼ਤ ਫੈਸਲੇ ਲਏ ਜਾ ਰਹੇ ਹਨ। ਇਸ ਦਾ ਵੀ ਕੋਈ ਕਾਰਨ ਹੈ ਕਿ ਐਨੇ ਕੈਨੇਡੀਅਨਾਂ ਨੇ ਆਪਣਾ ਯੋਗਦਾਨ ਪਾਇਆ। ਇਹ ਸਭ ਉਨ੍ਹਾਂ ਆਪਣੇ ਨੇੜਲੇ ਲੋਕਾਂ ਦੀ ਭਲਾਈ ਦਾ ਸੋਚ ਕੇ ਹੀ ਕੀਤਾ।
ਜ਼ਿਕਰਯੋਗ ਹੈ ਕਿ ਕੈਨੇਡਾ ਰਿਕਵਰੀ ਸਿੱਕਨੈੱਸ ਬੈਨੇਫਿਟ (ਸੀ ਐਸ ਆਰ ਬੀ) ਦਾ ਖੁਲਾਸਾ ਪਹਿਲੀ ਵਾਰੀ ਇਨ੍ਹਾਂ ਗਰਮੀਆਂ ਵਿੱਚ ਹੋਇਆ। ਇਸ ਬੈਨੇਫਿਟ ਨੂੰ ਉਨ੍ਹਾਂ ਵਰਕਰਜ਼ ਲਈ ਤਿਆਰ ਕੀਤਾ ਗਿਆ ਹੈ ਜਿਹੜੇ ਬਿਮਾਰ ਹਨ ਜਾਂ ਜਿਨ੍ਹਾਂ ਨੂੰ ਕੋਵਿਡ-19 ਨਾਲ ਸਬੰਧਤ ਕਾਰਨਾਂ ਕਰਕੇ ਘਰ ਵਿੱਚ ਸੈਲਫ ਆਈਸੋਲੇਟ ਕਰਨਾ ਪੈ ਰਿਹਾ ਹੈ ਜਾਂ ਜਿਨ੍ਹਾਂ ਨੂੰ ਹੋਰ ਤਕਲੀਫ ਹੈ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਕਰੋਨਾਵਾਇਰਸ ਹੋਣ ਦਾ ਡਰ ਹੈ। ਇਸ ਤਹਿਤ ਅਜਿਹੇ ਵਰਕਰਜ਼ ਨੂੰ ਇਸ ਪ੍ਰੋਗਰਾਮ ਤਹਿਤ 500 ਡਾਲਰ ਪ੍ਰਤੀ ਹਫਤਾ, ਦੋ ਹਫਤਿਆਂ ਲਈ, ਦੇਣ ਦਾ ਫੈਸਲਾ ਕੀਤਾ ਗਿਆ ਹੈ।
ਚਿੰਤਾ ਉਸ ਸਮੇਂ ਪੈਦਾ ਹੋਈ ਜਦੋਂ ਵਿਦੇਸ਼ਾਂ ਦਾ ਦੌਰਾ ਕਰਕੇ ਕੈਨੇਡਾ ਪਰਤਣ ਵਾਲੇ ਕੈਨੇਡੀਅਨ ਵੀ ਖੁਦ ਨੂੰ ਲਾਜ਼ਮੀ ਤੌਰ ਉੱਤੇ ਕੁਆਰਨਟੀਨ ਕਰਦੇ ਸਮੇਂ ਇਨ੍ਹਾਂ ਬੈਨੇਫਿਟਸ ਲਈ ਕਲੇਮ ਕਰਨ ਲੱਗੇ। ਟਰੂਡੋ ਨੇ ਸਪਸ਼ਟ ਕੀਤਾ ਕਿ ਇਹ ਬੈਨੇਫਿਟ ਉਨ੍ਹਾਂ ਕੈਨੇਡੀਅਨਾਂ ਲਈ ਨਹੀਂ ਹਨ ਜਿਹੜੇ ਵਿਦੇਸ਼ਾਂ ਵਿੱਚ ਛੁੱਟੀਆਂ ਮਨਾ ਕੇ ਪਰਤ ਰਹੇ ਹਨ ਤੇ ਕੁਆਰਨਟੀਨ ਕਰ ਰਹੇ ਹਨ। ਇਹ ਲੋਕਾਂ ਨੂੰ ਲੋੜ ਪੈਣ ਉੱਤੇ ਸਿੱਕ ਲੀਵ ਦੇਣ ਦਾ ਮਾਮਲਾ ਹੈ, ਜਿਹੜੀ ਉਨ੍ਹਾਂ ਨੂੰ ਆਪਣੇ ਇੰਪਲੌਇਰ ਤੋਂ ਨਾ ਮਿਲਦੀ ਤੇ ਉਨ੍ਹਾਂ ਦੇ ਕੰਮ ਦਾ ਹਰਜਾ ਹੁੰਦਾ। ਇਹ ਕਿਸੇ ਦੀਆਂ ਛੁੱਟੀਆਂ ਤੋਂ ਬਾਅਦ ਕੁਆਰਨਟੀਨ ਹੋਣ ਦੇ ਸਮੇਂ ਲਈ ਖਰਚਾ-ਪਾਣੀ ਨਹੀਂ ਹੈ।
ਟਰੂਡੋ ਨੇ ਆਖਿਆ ਕਿ ਇਸੇ ਲਈ ਅਸੀਂ ਇਸ ਨੂੰ ਹੁਣੇ ਸੋਧਣਾ ਚਾਹੁੰਦੇ ਹਾਂ। ਪਰ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਤਬਦੀਲੀ ਇਸ ਮਹੀਨੇ ਦੇ ਅਖੀਰ ਵਿੱਚ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰ ਲਈ ਜਾਵੇਗੀ।

RELATED ARTICLES
POPULAR POSTS