ਓਟਵਾ : ਕੈਨੇਡਾ ਦੀ ਏਅਰਲਾਈਨ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਫੈਡਰਲ ਸਰਕਾਰ ਕੌਮਾਂਤਰੀ ਟਰੈਵਲ ਲਈ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਜਾ ਰਹੀ ਹੈ। ਨੈਸਨਲ ਏਅਰਲਾਈਨਜ਼ ਕਾਊਂਸਲ ਆਫ ਕੈਨੇਡਾ ਦੇ ਪ੍ਰੈਜੀਡੈਂਟ ਤੇ ਸੀਈਓ ਮਾਈਕ ਮੈਕਨੈਨੇ ਨੇ ਆਖਿਆ ਕਿ ਦੇਸ ਵਿੱਚ ਮੁੜ ਟਰੈਵਲ ਤੇ ਟੂਰਿਜਮ ਸੈਕਟਰ ਨੂੰ ਸ਼ੁਰੂ ਕਰਨ ਲਈ ਵੈਕਸੀਨ ਸਟੇਟਸ ਦੀ ਡਿਜੀਟਲ ਸਰਟੀਫਿਕੇਸ਼ਨ ਬਹੁਤ ਜ਼ਰੂਰੀ ਹੈ। ਫੈਡਰਲ ਸਰਕਾਰ ਨੇ ਬੁੱਧਵਾਰ ਨੂੰ ਇਸ ਤਰ੍ਹਾਂ ਦਾ ਪਾਸਪੋਰਟ ਸਿਸਟਮ ਲਿਆਉਣ ਦਾ ਐਲਾਨ ਕੀਤਾ ਸੀ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਆਖਿਆ ਸੀ ਕਿ ਡਿਜੀਟਲ ਪਾਸ ਵਿੱਚ ਸਬੰਧਤ ਵਿਅਕਤੀ ਨੇ ਕਿਹੜੀ ਵੈਕਸੀਨ ਲਵਾਈ, ਉਹ ਕਿਸ ਦਿਨ ਲਵਾਈ ਤੇ ਕਿਹੜੀ ਥਾਂ ਉੱਤੇ ਲਵਾਈ ਆਦਿ ਵਰਗੀ ਅਹਿਮ ਜਾਣਕਾਰੀ ਹੋਵੇਗੀ। ਇਨ੍ਹਾਂ ਗਰਮੀਆਂ ਦੇ ਸ਼ੁਰੂ ਵਿੱਚ ਸਰਕਾਰ ਨੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨ ਟਰੈਵਲਰਜ਼ ਲਈ ਕੁਆਰਨਟੀਨ ਕੀਤੇ ਜਾਣ ਦੀ ਸ਼ਰਤ ਹਟਾ ਦਿੱਤੀ ਸੀ। ਮੈਕਨੈਨੇ ਨੇ ਆਖਿਆ ਕਿ ਉਹ ਆਸ ਕਰਦੇ ਹਨ ਕਿ ਸਾਰੀਆਂ ਸਰਕਾਰਾਂ ਰਲ ਕੇ ਇਸ ਪਾਸੇ ਕੰਮ ਕਰਨ ਤਾਂ ਕਿ ਇਸ ਸਾਲ ਦੇ ਅੰਤ ਤੱਕ ਵੈਕਸੀਨ ਪਾਸਪੋਰਟ ਸ਼ੁਰੂ ਕੀਤਾ ਜਾ ਸਕੇ।