ਕੈਨੇਡਾ ਵੱਲੋਂ ਸੁਪਰ ਵੀਜ਼ਾ ਪ੍ਰੋਗਰਾਮ ਵਿੱਚ ਵਾਧੇ ਦਾ ਐਲਾਨ
ਮਹਾਂਮਾਰੀ ਤੋਂ ਬਾਹਰ ਆਉਣ ਲਈ ਅਸੀਂ ਸਾਰੇ ਹੱਥ ਪੱਲਾ ਮਾਰ ਰਹੇ ਹਾਂ ‘ਤੇ ਅਜਿਹੇ ਵਿੱਚ ਕੈਨੇਡਾ ਸਰਕਾਰ ਵੱਲੋਂ ਪਰਿਵਾਰਾਂ ਨੂੰ ਮਿਲਾਉਣ ਲਈ ਕੋਸਿ਼ਸ਼ਾਂ ਜਾਰੀ ਰੱਖੀਆਂ ਜਾ ਰਹੀਆਂ ਹਨ। ਫੈਡਰਲ ਸਰਕਾਰ ਅਜਿਹਾ ਇਸ ਲਈ ਵੀ ਕਰ ਰਹੀ ਹੈ ਤਾਂ ਜੋ ਕੈਨੇਡਾ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਵਾਲੇ ਇਮੀਗ੍ਰੈਂਟਸ ਨੂੰ ਆਕਰਸ਼ਿਤ ਕੀਤਾ ਜਾ ਸਕੇ ਅਤੇ ਪਰਿਵਾਰਾਂ ਨੂੰ ਇੱਕਜੁੱਟ ਕੀਤਾ ਜਾ ਸਕੇ |
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਵੱਲੋਂ ਕੈਨੇਡਾ ਦੇ ਸੁਪਰ ਵੀਜ਼ਾ ਪ੍ਰੋਗਰਾਮ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ। ਇਸ ਤਰ੍ਹਾਂ ਦੇ ਵਾਧੇ ਨਾਲ ਕੈਨੇਡੀਅਨਜ਼ ਨੂੰ ਆਪਣੇ ਮਾਪਿਆਂ ‘ਤੇ ਗ੍ਰੈਂਡਪੇਰੈਂਟਸ ਨਾਲ ਕੈਨੇਡਾ ਵਿੱਚ ਮੁੜ ਮਿਲਣਾ ਆਸਾਨ ਹੋਵੇਗਾ। ਇਸੇ ਤਰ੍ਹਾਂ ਸੁਪਰ ਵੀਜ਼ਾ ਹੋਲਡਰ ਲੰਮੇਂ ਸਮੇਂ ਤੱਕ ਦੇਸ਼ ਵਿੱਚ ਰਹਿ ਸਕਣਗੇ। ਇਹ ਤਬਦੀਲੀਆਂ 4 ਜੁਲਾਈ, 2022 ਤੋਂ ਪ੍ਰਭਾਵੀ ਹੋਣਗੀਆਂ | ਦਸ ਦਈਏ ਕੇ, ਇਹ ਤਬਦੀਲੀਆਂ ਹਰ ਵਾਰੀ ਕੈਨੇਡਾ ਦਾਖਲ ਹੋਣ ਉੱਤੇ ਸੁਪਰ ਵੀਜ਼ਾ ਹੋਲਡਰਜ਼ ਦੀ ਸਟੇਅ ਵਧਾ ਕੇ 5 ਸਾਲ ਕਰ ਦਿੱਤੀ ਗਈ ਹੈ।
ਜਿਨ੍ਹਾਂ ਲੋਕਾਂ ਕੋਲ ਸੁਪਰ ਵੀਜ਼ਾ ਹੋਵੇਗਾ ਉਹ ਕੈਨੇਡਾ ਵਿੱਚ ਆਪਣੀ ਸਟੇਅ ਵਿੱਚ 2 ਸਾਲ ਦੇ ਹੋਰ ਵਾਧੇ ਦੀ ਅਪੀਲ ਵੀ ਕਰ ਸਕਦੇ ਹਨ। ਇਸ ਤੋਂ ਭਾਵ ਹੈ ਕਿ ਸੁਪਰ ਵੀਜ਼ਾ ਹੋਲਡਰ ਕੈਨੇਡਾ ਵਿੱਚ ਲਗਾਤਾਰ 7 ਸਾਲ ਲਈ ਰੁਕ ਸਕਣਗੇ। ਇਸ ਦੌਰਾਨ ਇਮੀਗ੍ਰੇਸ਼ਨ ਮੰਤਰੀ ਭਵਿੱਖ ਵਿੱਚ ਸੁਪਰ ਵੀਜ਼ਾ ਬਿਨੈਕਾਰਾਂ ਲਈ ਮੈਡੀਕਲ ਕਵਰੇਜ ਮੁਹੱਈਆ ਕਰਵਾਉਣ ਵਾਸਤੇ ਇੰਟਰਨੈਸ਼ਨਲ ਮੈਡੀਕਲ ਇੰਸ਼ੋਰੈਂਸ ਕੰਪਨੀਆਂ ਨੂੰ ਤੈਅ ਕਰ ਸਕਦੇ ਹਨ।
ਇਸ ਸਮੇਂ ਸਿਰਫ ਕੈਨੇਡੀਅਨ ਇੰਸ਼ੋਰੈਂਸ ਕੰਪਨੀਆਂ ਹੀ ਸੁਪਰ ਵੀਜ਼ਾ ਹੋਲਡਰਜ਼ ਨੂੰ ਲੋੜੀਂਦੀ ਮੈਡੀਕਲ ਕਵਰੇਜ ਮੁਹੱਈਆ ਕਰਵਾ ਸਕਦੀਆਂ ਹਨ। ਕੈਨੇਡਾ ਤੋਂ ਬਾਹਰੋਂ ਮੈਡੀਕਲ ਇੰਸ਼ੋਰੈਂਸ ਦੇਣ ਵਾਲੀਆਂ ਤੈਅ ਕੀਤੀਆਂ ਕੰਪਨੀਆਂ ਬਾਰੇ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਆਈਆਰਸੀਸੀ ਦੀ ਵੈੱਬਸਾਈਟ ਉੱਤੇ ਦੇ ਦਿੱਤੀ ਜਾਵੇਗੀ।