Breaking News
Home / ਜੀ.ਟੀ.ਏ. ਨਿਊਜ਼ / 2016 ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਐਲਾਨ

2016 ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਐਲਾਨ

Interview Mccallum pic copy copyਤਿੰਨ ਲੱਖ ਤੋਂ ਵੱਧ ਇਮੀਗ੍ਰਾਂਟਸ ਨੂੰ ਕੈਨੇਡਾ ‘ਚ ਵਸਣ ਦਾ ਮਿਲੇਗਾ ਮੌਕਾ : ਜੌਹਨ ਮਕੈਲਮ
ਸਤਪਾਲ ਸਿੰਘ ਜੌਹਲ ਦੀ ਇਮੀਗ੍ਰੇਸ਼ਨ ਮੰਤਰੀ ਜੌਹਨ ਮਕੈਲਮ ਨਾਲ ਵਿਸ਼ੇਸ਼ ਮੁਲਾਕਾ
ਬਰੈਂਪਟਨ/ਬਿਊਰੋ ਨਿਊਜ਼
2016 ਦੀ ਇਮੀਗ੍ਰੇਸ਼ਨ ਨੀਤੀ ਬਾਰੇ ਐਲਾਨ ਕਰਨ ਲਈ ਬੀਤੇ ਮੰਗਲਵਾਰ ਬਰੈਂਪਟਨ ਪੁੱਜੇ ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਜੌਹਨ ਮਕੈਲਮ ਨਾਲ ਉਘੇ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਵਿਸਥਾਰ ਸਹਿਤ ਮੁਲਾਕਾਤ ਕੀਤੀ ਜਿਸ ਵਿੱਚ ਸਿਟਜ਼ਿਨਸ਼ਿਪ ਅਤੇ ਇਮੀਗ੍ਰੇਸ਼ਨ ਦੇ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਮੰਤਰੀ ਮਕੈਲਮ ਨੇ ਕਿਹਾ ਕਿ 2016 ਦੌਰਾਨ ਵਿਦੇਸ਼ਾਂ ਵਿੱਚੋਂ 280000 ਤੋਂ 305000 ਲੋਕਾਂ ਨੂੰ ਪੱਕੇ ਤੌਰ ‘ਤੇ ਆਉਣ ਦਾ ਮੌਕਾ ਦਿੱਤਾ ਜਾਵੇਗਾ ਪਰ ਇਸ ਸਾਲ ਕੈਨੇਡਾ ਦੀ ਆਰਥਿਕਤਾ ਅਤੇ ਰੁਜ਼ਗਾਰ ਮਾਰਕਿਟ ਦੀਆਂ ਲੋੜਾਂ ਦਾ ਖਿਆਲ ਰੱਕਦੇ ਹੋਏ ਸਕਿੱਲਡ ਵਰਕਰਜ਼ ‘ਤੇ ਘੱਟ ਜ਼ੋਰ ਦਿੱਤਾ ਜਾਵੇਗਾ ਜਦ ਕਿ ਪਰਿਵਾਰਾਂ ਨੂੰ ਇਕੱਠੇ ਕਰਨ ਨੂੰ ਅਹਿਮੀਅਤ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕੈਨੇਡਾ ਦੀਆਂ ਜਰੂਰਤਾਂ ਮੁਤਾਬਿਕ ਇਮੀਗਾ੍ਰਂਟ ਆਉਣ ਤਾਂ ਉਨ੍ਹਾਂ ਨੂੰ ਏਥੇ ਸੈਟਲ ਹੋਣ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨਵੀਂ ਨੀਤੀ ਅਨੁਸਾਰ ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿ ਰਹੇ ਲੋਕਾਂ ਦੇ ਵਿਦੇਸ਼ਾਂ ‘ਚ ਰਹਿੰਦੇ ਪਰਿਵਾਰਕ ਜੀਆਂ (ਪਤੀ/ਪਤਨੀ, ਆਸ਼ਰਿਤ ਬੱਚੇ, ਮਾਪੇ, ਦਾਦਾ ਦਾਦੀ, ਨਾਨਾ, ਨਾਨੀ) ਨੂੰ ਪੱਕੇ ਵੀਜ਼ੇ ਜਾਰੀ ਕਰਨ ਦਾ ਕੋਟਾ 75000 ਤੋਂ 82000 ਤੱਕ ਮਿੱਥਿਆ ਗਿਆ ਹੈ। ਜਦੋਂ ਸਤਪਾਲ ਸਿੰਘ ਜੌਹਲ ਨੇ ਮੰਤਰੀ ਮਕੈਲਮ ਨੂੰ ਪੁੱਛਿਆ ਕਿ ਫੈਮਿਲੀ ਕਲਾਸ ਵਿੱਚ ਏਸ ਸਾਲ ਪੇਰੈਂਟਸ ਦੀਆਂ 10000 ਅਰਜ਼ੀਆਂ ਲਈਆਂ ਗਈਆਂ ਹਨ ਤਾਂ ਫਿਰ 82000 ਲੋਕਾਂ ਨੂੰ ਵੀਜ਼ਾ ਕਿਵੇਂ ਦਿੱਤਾ ਜਾਵੇਗਾ ਤਾਂ ਉਨ੍ਹਾਂ ਦੱਸਿਆ ਕਿ ਕੁਝ ਸਾਲਾਂ ਤੋਂ ਅਰਜ਼ੀਆਂ ਦਾ ਬੈਕਲਾਗ ਬਹੁਤ ਵੱਧ ਗਿਆ ਹੋਇਆ ਹੈ ਜਿਸ ਕਰਕੇ ਨਵੀਂਆਂ ਦੇ ਨਾਲ ਪੁਰਾਣੀਆਂ ਐਪਲੀਕੇਸ਼ਨਾਂ ‘ਤੇ ਕੰਮ ਤੇਜ਼ ਕੀਤਾ ਜਾਵੇਗਾ ਅਤੇ ਕੋਟਾ ਪੂਰਾ ਕਰ ਲਿਆ ਜਾਵੇਗਾ।
ਮੰਤਰੀ ਮਕੈਲਮ ਨੇ ਕਿਹਾ ਕਿ ਇਮੀਗਾ੍ਰਂਟ ਕੈਨੇਡਾ ਦੀ ਲੋੜ ਹਨ ਕਿਉਂਕਿ ਕੈਨੇਡਾ ‘ਚ ਬਜ਼ੁਰਗ ਵੱਧਣ ਨਾਲ ਨੌਜਵਾਨ ਪੀੜ੍ਹੀ ਘੱਟਦੀ ਜਾ ਰਹੀ ਜਿਸ ਕਰਕੇ ਸਰਕਾਰ ਇਮੀਗ੍ਰਾਂਟਾਂ ਦਾ ਕੋਟਾ ਵਧਾ ਰਹੀ ਹੈ। ਜਦੋਂ ਸਤਪਾਲ ਸਿੰਘ ਜੌਹਲ ਵਲੋਂ ਉਨ੍ਹਾਂ ਨੂੰ ਕੈਨੇਡਾ ‘ਚ ਲੰਬੇ ਸਮੇਂ (20 ਸਾਲਾਂ ਤੋਂ ਵੀ ਵੱਧ) ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਵਿਦੇਸ਼ੀਆਂ ਨੂੰ ਆਮ ਮੁਆਫੀ ਬਾਰੇ ਵਿਚਾਰ ਪੁੱਛਿਆ ਗਿਆ ਤਾਂ ਮੰਤਰੀ ਮਕੈਲਮ ਨੇ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਕੇ ਜਿਵੇਂ-ਕਿਵੇਂ ਪੁੱਜਣ ਵਾਲੇ ਲੋਕਾਂ ਨੂੰ ਆਮ ਮੁਆਫੀ ਦੇਣ ਨਾਲ ਦੇਸ਼-ਵਿਦੇਸ਼ਾਂ ‘ਚ ਠੀਕ ਸੰਦੇਸ਼ ਨਹੀਂ ਜਾਂਦਾ ਜਿਸ ਕਰਕੇ ਵਿਅਕਤੀਗਤ (ਚੰਗੇ ਕੰਮ ਕੀਤੇ, ਟੈਕਸ ਦਿੱਤਾ, ਸਮਾਜ ‘ਚ ਚੰਗੀ ਜਗ੍ਹਾ ਬਣਾਈ ਵਗੈਰਾ) ਕੇਸਾਂ ਬਾਰੇ ਨਰਮੀ ਤਾਂ ਵਰਤੀ ਜਾ ਸਕਦੀ ਹੈ ਪਰ ਇਕ ਵੱਢਿਓਂ ਸਾਰਿਆਂ ਨੂੰ ਪੱਕੇ ਨਹੀਂ ਕੀਤਾ ਜਾਵੇਗਾ। ਕੈਨੇਡਾ ਤੋਂ ਅਮਰੀਕਾ ਜਾਂਦੇ ਟਰੱਕ ਡਰਾਈਵਰਾਂ ਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣ ਸਮੇਂ ਕੈਨੇਡਾ ‘ਚ ਬਿਤਾਏ ਸਮੇਂ ਦੀ ਸ਼ਰਤ ਪੂਰੀ ਕਰਨ ‘ਚ ਆਉਂਦੀ ਦਿੱਕਤ ਵਾਲੇ ਮਸਲੇ ਨੂੰ ਉਨ੍ਹਾਂ ਨੇ ਗਹੁ ਨਾਲ ਸੁਣਿਆ ਅਤੇ ਕਿਹਾ ਕਿ ਏਸ ਮਸਲੇ ਨੂੰ ਹੱਲ ਕੀਤਾ ਜਾਵੇਗਾ। ਜਦੋਂ ਉਨ੍ਹਾਂ ਦਾ ਧਿਆਨ ਮਾਪਿਆਂ ਨਾਲ ਨਿਰਭਰ ਬੱਚਿਆਂ ਦੀ ਉਮਰ 19 ਤੋਂ ਵਧਾ ਕੇ 22 ਸਾਲ ਕਰਨ ਵਾਲੇ ਚੋਣ ਵਾਅਦੇ ਵੱਲ੍ਹ ਦੁਆਇਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਕਾਨੂੰਨ ਵਿੱਚ ਸੋਧ ਲਈ ਉਹ ਆਪਣੇ ਆਰਡਰ ‘ਤੇ ਦਸਤਖਤ ਕਰ ਚੁੱਕੇ ਹਨ ਪਰ ਅਜੇ ਲਾਗੂ ਕਰਨ ਨੂੰ ਕੁਝ ਮਹੀਨੇ ਲੱਗ ਸਕਦੇ ਕਿਉਂਕਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਕੁਝ ਸਮਾਂ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੋ ਕੇਸ ਪਹਿਲਾਂ ਅਪਲਾਈ (19 ਸਾਲ ਉਮਰ ਹੱਦ ਵਾਲੇ ਕਾਨੂੰਨ ਤਹਿਤ) ਹਨ ਉਨ੍ਹਾਂ ਵਿੱਚ 22 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਸ਼ਾਮਿਲ ਕਰਨ ਦੀ ਖੁਲ੍ਹ ਦੇਣ ਬਾਰੇ ਅਜੇ ਉਨ੍ਹਾਂ ਵਿਚਾਰ ਨਹੀਂ ਕੀਤਾ ਪਰ ਉਹ ਏਸ ਵਿਚਾਰ ਦੇ ਹੱਕ ਵਿੱਚ ਹਨ। ਉਨ੍ਹਾਂ ਨੇ ਦਸਿਆ ਕਿ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਦੀਆਂ ਫੀਸਾਂ ਘੱਟ ਕਰਨ ਲਈ ਕੋਈ ਚੋਣ ਵਾਅਦਾ ਨਹੀਂ ਕੀਤਾ ਗਿਆ ਸੀ। ਉਨ੍ਹਾਂ ਮੰਨਿਆ ਕਿ ਸਰਕਾਰ ਦੇ ਖਜ਼ਾਨੇ ਨੂੰ ਫੀਸਾਂ ਦੀ ਲੋੜ ਹੈ। ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਡੋਨਾਲਡ ਟਰੰਪ ਦੀ ਹੋਈ ਚੜ੍ਹਤ ਤੋਂ ਡਰੇ ਅਮਰੀਕੀਆਂ ਦੇ ਕੈਨੇਡਾ ‘ਚ ਆ ਕੇ ਵਸਣ ਬਾਰੇ ਚੱਲ ਰਹੀ ਚਰਚਾ ਨੂੰ ਠੱਲ੍ਹਦਿਆਂ ਸ੍ਰੀ ਮਕੈਲਮ ਨੇ ਕਿਹਾ ਕਿ ਜਾਰਜ ਬੁੱਸ਼ ਦੇ ਸਮੇਂ ਵੀ ਅਜਿਹੀਆਂ ਚਰਚਾਵਾਂ ਚੱਲੀਆਂ ਸਨ ਪਰ ਅਮਰੀਕਾ ਛੱਡ ਕੇ ਕੋਈ ਵਿਅਕਤੀ ਕੈਨੇਡਾ ਨਹੀਂ ਆਇਆ ਸੀ ਅਤੇ ਏਸ ਵਾਰ ਵੀ ਅਜਿਹਾ ਕੁਝ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕੈਨੇਡਾ ਦੀਆਂ ਅੰਬੈਸੀਆਂ ਤੋਂ ਮਲਟੀਪਲ ਵੀਜ਼ਾ (ਟੈਂਪਰੇਰੀ ਰੈਜ਼ੀਡੈਂਟ ਪਰਮਿਟ) ਜਾਰੀ ਹੋ ਰਹੇ ਹਨ ਅਤੇ ਸਿੰਗਲ ਐਂਟਰੀ ਵੀਜ਼ਾ ਵਿਸ਼ੇਸ਼ ਹਾਲਤਾਂ ਵਿੱਚ ਹੀ ਦਿੱਤਾ ਜਾਵੇਗਾ। ਇਹ ਵੀ ਕਿ ਜਿਸ ਪਾਸਪੋਰਟ ਵਿੱਚ ਕੈਨੇਡਾ ਦਾ ਵੈਲਿਡ ਵੀਜ਼ਾ ਲੱਗਾ ਹੋਵੇ ਪਰ ਪਾਸਪੋਰਟ ਦੀ ਤਰੀਕ ਮੁੱਕ ਜਾਵੇ ਤਾਂ ਨਵੇਂ ਅਤੇ ਪੁਰਾਣੇ ਪਾਸਪੋਰਟ ਨਾਲ ਕੈਨੇਡਾ ‘ਚ ਦਾਖਿਲ ਹੋਇਆ ਜਾ ਸਕਦਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …