Breaking News
Home / ਦੁਨੀਆ / ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰੂਸ ਦੇ ਫੌਜ ਮੁਖੀ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰੂਸ ਦੇ ਫੌਜ ਮੁਖੀ

ਅੰਮ੍ਰਿਤਸਰ : ਰੂਸ ਦੀ ਥਲ ਸੈਨਾ ਦੇ ਮੁਖੀ ਜਨਰਲ ਓਲਿਗ ਲਿਉਨੀਡੋਵਿਚ ਸੈਲਿਯੂਕੋਵ ਨੇ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਥੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਖ਼ੁਸ਼ੀ ਪ੍ਰਾਪਤ ਹੋਈ ਹੈ। ਰੂਸ ਦੇ ਫ਼ੌਜ ਮੁਖੀ ਦਾ ਇੱਥੇ ਪੁੱਜਣ ‘ਤੇ ਸ਼੍ਰੋਮਣੀ ਕਮੇਟੀ ਵਲੋਂ ਸਵਾਗਤ ਕੀਤਾ ਗਿਆ। ਇਹ ਪਹਿਲੀ ਵਾਰ ਹੈ ਕਿ ਰੂਸ ਦੀ ਫ਼ੌਜ ਦੇ ਮੁਖੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਹਨ। ਪਰਿਕਰਮਾ ਕਰਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਸਿੱਖ ਕੌਮ ਦੇ ਇਸ ਅਹਿਮ ਧਾਰਮਿਕ ਅਸਥਾਨ ਦੇ ਇਤਿਹਾਸ, ਰਵਾਇਤਾਂ ਅਤੇ ਲੰਗਰ ਪ੍ਰੰਪਰਾ ਸਬੰਧੀ ਜਾਣਕਾਰੀ ਦਿੱਤੀ। ਫ਼ੌਜ ਮੁਖੀ ਨੇ ਸਿੱਖ ਇਤਿਹਾਸ ਅਤੇ ਲੰਗਰ ਪ੍ਰਥਾ ਬਾਰੇ ਵਿਸ਼ੇਸ਼ ਰੁਚੀ ਦਿਖਾਈ। ਉਹ ਇਹ ਜਾਣ ਕੇ ਪ੍ਰਭਾਵਿਤ ਹੋਏ ਕਿ ਗੁਰੂ ਰਾਮਦਾਸ ਲੰਗਰ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਸ਼ਰਧਾਲੂ ਬਿਨਾ ਭੇਦ-ਭਾਵ ਦੇ ਪ੍ਰਸ਼ਾਦਾ ਛਕਦੇ ਹਨ। ਉਨ੍ਹਾਂ ਨਤਮਸਤਕ ਹੋਣ ਸਮੇਂ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਰਵਾਈ। ਇਸ ਉਪਰੰਤ ਸੂਚਨਾ ਕੇਂਦਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਧਾਰਮਿਕ ਅਸਥਾਨ ‘ਤੇ ਆ ਕੇ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਹੋਈ ਹੈ, ਉਨ੍ਹਾਂ ਨੂੰ ਇਥੋਂ ਦਾ ਸ਼ਾਂਤਮਈ ਵਾਤਾਵਰਨ ਚੰਗਾ ਲੱਗਿਆ ਹੈ।ਇਸ ਮੌਕੇ ਜਨਰਲ ਓਲਿਗ ਸੈਲਿਯੂਕੋਵ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਵੱਲੋਂ ਸਿਰੋਪਾਓ, ਸੱਚਖੰਡ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਆ ਗਿਆ। ਉਨ੍ਹਾਂ ਯਾਤਰੂ ਕਿਤਾਬ ਵਿਚ ਆਪਣੀਆਂ ਭਾਵਨਾਵਾਂ ਵੀ ਦਰਜ ਕੀਤੀਆਂ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਸਵਾਗਤ ਅਤੇ ਸਨਮਾਨ ਲਈ ਧੰਨਵਾਦ ਵੀ ਕੀਤਾ।

Check Also

ਬਿ੍ਟੇਨ ’ਚ 4 ਜੁਲਾਈ ਨੂੰ ਵੋਟਿੰਗ

ਸਰਵੇ ਮੁਤਾਬਕ ਪੀਐਮ ਰਿਸ਼ੀ ਸੂਨਕ ਦੀ ਪਾਰਟੀ ਦੀ ਹਾਰ ਤੈਅ ਲੰਡਨ/ਬਿਊਰੋ ਨਿਊਜ਼ ਬਿ੍ਰਟੇਨ ਵਿਚ ਭਾਰਤੀ …