Breaking News
Home / ਦੁਨੀਆ / ਸ੍ਰੀਲੰਕਾ ‘ਚ ਹਾਹਾਕਾਰ : ਈਸਟਰ ਮੌਕੇ ਲੜੀਵਾਰ 8 ਬੰਬ ਧਮਾਕੇ

ਸ੍ਰੀਲੰਕਾ ‘ਚ ਹਾਹਾਕਾਰ : ਈਸਟਰ ਮੌਕੇ ਲੜੀਵਾਰ 8 ਬੰਬ ਧਮਾਕੇ

359 ਮੌਤਾਂ, 500 ਤੋਂ ਜ਼ਿਆਦਾ ਜ਼ਖਮੀ
10 ਭਾਰਤੀਆਂ ਦੀ ਵੀ ਗਈ ਜਾਨ ੲ ਅੰਤਰਰਾਸ਼ਟਰੀ ਪੱਧਰ ‘ਤੇ ਹੋ ਰਹੀ ਹੈ ਨਿਖੇਧੀ
ਕੋਲੰਬੋ/ਬਿਊਰੋ ਨਿਊਜ਼
ਸ੍ਰੀਲੰਕਾ ਵਿੱਚ ਈਸਟਰ ਮੌਕੇ ਐਤਵਾਰ ਨੂੰ ਫਿਦਾਈਨ ਹਮਲਿਆਂ ਸਮੇਤ ਲੜੀਵਾਰ ਅੱਠ ਬੰਬ ਧਮਾਕੇ ਹੋਏ, ਜਿਨ੍ਹਾਂ ਵਿੱਚ 359 ਵਿਅਕਤੀ ਮਾਰੇ ਗਏ ਅਤੇ 500 ਦੇ ਕਰੀਬ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਕਰਨਾਟਕ ਨਾਲ ਸਬੰਧਤ ਜਨਤਾ ਦਲ (ਐਸ) ਦੇ ਚਾਰ ਨੇਤਾਵਾਂ ਸਮੇਤ 10 ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ ਹਮਲਿਆਂ ਵਿਚ 39 ਵਿਦੇਸ਼ੀ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਅੱਤਵਾਦੀ ਹਮਲੇ ਦੀ ਅੰਤਰਰਾਸ਼ਟਰੀ ਪੱਧਰ ‘ਤੇ ਨਿਖੇਧੀ ਹੋ ਰਹੀ ਹੈ। ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ।
ਇਹ ਧਮਾਕੇ ਤਿੰਨ ਗਿਰਜਾ ਘਰਾਂ ਅਤੇ ਤਿੰਨ ਹੋਟਲਾਂ ਵਿੱਚ ਹੋਏ। ਇਨ੍ਹਾਂ ਧਮਾਕਿਆਂ ਨੇ ਲਿੱਟੇ ਨਾਲ ਘਰੇਲੂ ਜੰਗ ਦੇ ਖਾਤਮੇ ਬਾਅਦ ਇਕ ਦਹਾਕੇ ਤੋਂ ਚੱਲੀ ਆ ਰਹੀ ਸ਼ਾਂਤੀ ਭੰਗ ਕਰ ਦਿੱਤੀ ਹੈ। ਇਨ੍ਹਾਂ ਧਮਾਕਿਆਂ ਨੂੰ ਖਿੱਤੇ ਦੇ ਇਤਿਹਾਸ ਦਾ ਸਭ ਤੋਂ ਖਤਰਨਾਕ ਹਮਲਾ ਗਰਦਾਨਿਆ ਗਿਆ ਹੈ। ਇਨ੍ਹਾਂ ਲੜੀਵਾਰ ਧਮਾਕਿਆਂ ਵਿਚ 7 ਫਿਦਾਈਨ ਹਮਲਾਵਰ ਸ਼ਾਮਲ ਸਨ। ਇਹ ਧਮਾਕੇ ਕੋਲੰਬੋ ਸਥਿਤ ਸੇਂਟ ਐਂਥਨੀਜ਼ ਚਰਚ, ਨਿਗੋਂਬੋ ਦੇ ਪੱਛਮੀ ਤੱਟੀ ਸ਼ਹਿਰ ਦੀ ਸੇਂਟ ਸੇਬੈਸਟੀਅਨਜ਼ ਚਰਚ ਅਤੇ ਬੱਟੀਕਲੋਆ ਦੇ ਪੂਰਬੀ ਸ਼ਹਿਰ ਵਿਚਲੇ ਚਰਚ ਵਿੱਚ ਐਤਵਾਰ ਨੂੰ ਸਵੇਰੇ 8.45 ਵਜੇ ਉਦੋਂ ਹੋਏ ਈਸਟਰ ਸਭਾ ਚੱਲ ਰਹੀ ਸੀ। ਪੁਲਿਸ ਦੇ ਤਰਜਮਾਨ ਰੁਵਾਨ ਗੁਨਾਸੇਕੇਰਾ ਨੇ ਦੱਸਿਆ ਕਿ ਤਿੰਨ ਪੰਜ ਤਾਰਾ ਹੋਟਲਾਂ ਵਿੱਚ ਵੀ ਧਮਾਕੇ ਹੋਣ ਦੀਆਂ ਖ਼ਬਰਾਂ ਹਨ। ਇਨ੍ਹਾਂ ਹੋਟਲਾਂ ਵਿੱਚ ਕੋਲੰਬੋ ਸਥਿਤ ਸ਼ਾਂਗਰੀ-ਲਾ, ਦਿ ਸਿਨੇਮਨ ਗਰੈਂਡ ਅਤੇ ਕਿੰਗਜ਼ਬਰੀ ਸ਼ਾਮਲ ਹਨ।
ਰੁਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਧਮਾਕਿਆਂ ਵਿੱਚ 359 ਵਿਅਕਤੀ ਮਾਰੇ ਗਏ ਹਨ। ਸ੍ਰੀਲੰਕਾ ਸਰਕਾਰ ਵਿਚ ਮੰਤਰੀ ਰੰਜੀਤਾ ਸੇਨਾਰਤੇ ਨੇ ਦੱਸਿਆ ਕਿ ਧਮਾਕਿਆਂ ਵਿਚ ਸ਼ਾਮਲ ਸਾਰੇ ਫਿਦਾਈਨ ਹਮਲਾਵਰ ਸ੍ਰੀਲੰਕਾ ਦੇ ਨਾਗਰਿਕ ਸਨ। ਇਨਾਂ ਹਮਲਿਆਂ ਦੇ ਸਬੰਧ ‘ਚ 40 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ, ਪਾਕਿਸਤਾਨ, ਅਮਰੀਕਾ, ਮੋਰਾਕੋ ਅਤੇ ਬੰਗਲਾਦੇਸ਼ ਦੇ ਸੈਲਾਨੀ ਧਮਾਕਿਆਂ ਵਿੱਚ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਕੋਲੰਬੋ ਚਿੜੀਆਘਰ ਨੇੜੇ ਸ਼ਕਤੀਸ਼ਾਲੀ ਧਮਾਕਾ ਹੋਇਆ ਜਿਸ ਵਿੱਚ ਦੋ ਵਿਅਕਤੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਦੀ ਟੀਮ ਇਕ ਘਰ ਦੀ ਤਲਾਸ਼ੀ ਲਈ ਦਾਖਲ ਹੋਈ ਤਾਂ ਇਕ ਫਿਦਾਈਨ ਨੇ ਆਪਣੇ ਆਪ ਨੂੰ ਉਡਾ ਲਿਆ। ਇਸ ਨਾਲ ਦੋ ਮੰਜ਼ਿਲਾ ਇਮਾਰਤ ਢਹਿ ਗਈ ਜਿਸ ਕਾਰਨ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਹ ਅੱਠਵਾਂ ਬੰਬ ਧਮਾਕਾ ਸੀ। ਸਰਕਾਰ ਨੇ ਕਰਫਿਊ ਲਗਾ ਦਿੱਤਾ ਹੈ। ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਛੁੱਟੀ ‘ਤੇ ਚੱਲ ਰਹੇ ਡਾਕਟਰਾਂ, ਨਰਸਾਂ ਅਤੇ ਸਿਹਤ ਅਧਿਕਾਰੀਆਂ ਨੂੰ ਕੰਮ ‘ਤੇ ਪਰਤਣ ਲਈ ਕਿਹਾ ਗਿਆ ਹੈ। ਕਾਰਡੀਨਲ ਮੈਲਕੌਮ ਰਣਜੀਤ ਨੇ ਕਿਹਾ ਕਿ ਈਸਟਰ ਸਬੰਧੀ ਸਾਰੀਆਂ ਸਭਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ , ”ਅਚਾਨਕ ਵਾਪਰੀਆਂ ਘਟਨਾਵਾਂ ਤੋਂ ਮੈਨੂੰ ਸਦਮਾ ਲੱਗਾ ਹੈ। ਸੁਰੱਖਿਆ ਬਲਾਂ ਨੂੰ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਗਿਆ ਹੈ।” ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਟਵੀਟ ਕਰਕੇ ਇਨ੍ਹਾਂ ਧਮਾਕਿਆਂ ਨੂੰ ‘ਕਾਇਰਾਨਾ ਹਮਲੇ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਹਾਲਾਤ ਕਾਬੂ ਵਿੱਚ ਰੱਖਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਸ੍ਰੀਲੰਕਾ ਵਾਸੀਆਂ ਨੂੰ ਅਜਿਹੇ ਸਮੇਂ ਵਿੱਚ ਇਕੱਠੇ ਅਤੇ ਮਜ਼ਬੂਤ ਰਹਿਣ ਦਾ ਸੱਦਾ ਦਿੱਤਾ। ਧਾਰਮਿਕ ਥਾਵਾਂ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸਰਕਾਰ ਨੇ ਆਰਜ਼ੀ ਤੌਰ ‘ਤੇ ਸੋਸ਼ਲ ਮੀਡੀਆ ਪਲੇਟਫਾਰਮ ਬੰਦ ਕਰ ਦਿੱਤੇ ਹਨ। ਭਾਰਤ ਨੇ ਹਮਲੇ ਦੀ ਨਿਖੇਧੀ ਕਰਦਿਆਂ ਦਹਿਸ਼ਤਗਰਦੀ ਦੇ ਖਾਤਮੇ ਲਈ ਮਜ਼ਬੂਤ ਆਲਮੀ ਕਾਰਵਾਈ ਕਰਨ ਦਾ ਸੱਦਾ ਦਿੱਤਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਹਾਲਾਤ ‘ਤੇ ਨੇੜਿਓਂ ਨਿਗ੍ਹਾ ਰੱਖ ਰਿਹਾ ਹੈ।
ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੇ ਹਮਲੇ ਨੂੰ ‘ਵਹਿਸ਼ੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ,”ਅਸੀਂ ਆਪਣੀ ਸਰਹੱਦ ਵਿੱਚ ਇਕ ਵਾਰ ਮੁੜ ਅਜਿਹੀਆਂ ਹਿੰਸਕ, ਦਹਿਸ਼ਤੀ ਅਤੇ ਕਾਇਰਾਨਾ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਇਕੱਠੇ ਇਕ ਆਵਾਜ਼ ਵਿੱਚ ਇਸ ਖ਼ਿਲਾਫ਼ ਖੜ੍ਹੇ ਹਾਂ। ਅਸੀਂ ਮੁਲਕ ਵਜੋਂ ਪੂਰੀ ਤਰ੍ਹਾਂ ਇਕਮੁੱਠ ਹਾਂ। ”ਪੋਪ ਫਰਾਂਸਿਸ ਨੇ ਘਟਨਾ ਨੂੰ ‘ਬੇਰਹਿਮ ਹਿੰਸਾ’ ਗਰਦਾਨਿਆ ਹੈ।
ਸ੍ਰੀਲੰਕਾ ਵਿੱਚ ਐਮਰਜੈਂਸੀ ਲਾਗੂ
ਕੋਲੰਬੋ/ਬਿਊਰੋ ਨਿਊਜ਼ : ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਸੱਤ ਆਤਮਘਾਤੀ ਬੰਬਾਰਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਰਾਜਧਾਨੀ ਕੋਲੰਬੋ ਦੇ ਗਿਰਜਾ ਘਰਾਂ ਤੇ ਲਗਜ਼ਰੀ ਹੋਟਲਾਂ ਵਿਚ ਈਸਟਰ ਮੌਕੇ ਹੋਏ ਧਮਾਕਿਆਂ ਵਿਚ ਮ੍ਰਿਤਕਾਂ ਦੀ ਗਿਣਤੀ 290 ਤੱਕ ਪਹੁੰਚ ਗਈ ਹੈ ਜਦਕਿ 500 ਹੋਰ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਵਿਚ ਛੇ ਭਾਰਤੀ ਸ਼ਾਮਲ ਹਨ। ਮੁਲਕ ਵਿਚ ਸੋਮਵਾਰ ਰਾਤ ਤੋਂ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਬੰਬਾਰਾਂ ਦੇ ਕਿਸੇ ਕੌਮਾਂਤਰੀ ਨੈੱਟਵਰਕ ਨਾਲ ਜੁੜਨ ਹੋਣ ਬਾਰੇ ਕਿਹਾ ਹੈ। ਸੇਂਟ ਐਂਥਨੀ, ਸੇਂਟ ਸੇਬੈਸਟੀਅਨ ਤੇ ਜ਼ਿਓਨ ਗਿਰਜਾ ਘਰਾਂ, ਸ਼ਾਂਗਰੀ-ਲਾ, ਸਿਨੈਮਨ ਗਰੈਂਡ ਤੇ ਕਿੰਗਜ਼ਬਰੀ ਹੋਟਲਾਂ ਵਿਚ ਹੋਏ ਇਨ੍ਹਾਂ ਧਮਾਕਿਆਂ ਦੀ ਹਾਲੇ ਕਿਸੇ ਵੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਿਸ ਨੇ 24 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੋਟਲਾਂ ਵਿਚ ਹਮਲੇ ਲਈ ਧਮਾਕਾਖੇਜ਼ ਸਮੱਗਰੀ ਵੈਨ ਵਿਚ ਲੱਦ ਕੇ ਲਿਆਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਇਕ ਕੱਟੜ ਮੁਸਲਿਮ ਗਰੁੱਪ- ਨੈਸ਼ਨਲ ਤੌਹੀਦ ਜਮਾਤ ਵੱਲੋਂ ਗਿਰਜਾ ਘਰਾਂ ‘ਤੇ ਹਮਲਾ ਕਰਨ ਬਾਰੇ ਖ਼ੁਫੀਆ ਏਜੰਸੀਆ ਨੂੰ ਜਾਣਕਾਰੀ ਸੀ। ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੇ ਕਿਹਾ ਕਿ ਖ਼ੁਫੀਆ ਰਿਪੋਰਟ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਰਾਸ਼ਟਰਪਤੀ ਮੈਤਰੀਪਲਾ ਸ੍ਰੀਸੇਨਾ ਨੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕੋਲੰਬੋ ਕੌਮਾਂਤਰੀ ਹਵਾਈ ਅੱਡੇ ਨੇੜਿਓਂ ਵੀ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ।
10 ਦਿਨ ਪਹਿਲਾਂ ਗਿਰਜਾ ਘਰਾਂ ਤੇ ਭਾਰਤੀ ਹਾਈ ਕਮਿਸ਼ਨ ‘ਤੇ ਹਮਲੇ ਦੀ ਮਿਲੀ ਸੀ ਚਿਤਾਵਨੀ
ਕੋਲੰਬੋ : ਸ੍ਰੀਲੰਕਾ ਦੇ ਪੁਲਿਸ ਮੁਖੀ ਨੇ 10 ਦਿਨ ਪਹਿਲਾਂ ਰਾਸ਼ਟਰੀ ਪੱਧਰ ‘ਤੇ ਅਲਰਟ ਜਾਰੀ ਕੀਤਾ ਸੀ ਕਿ ਦੇਸ਼ ਵਿਚ ਪ੍ਰਮੁੱਖ ਗਿਰਜਾ ਘਰਾਂ ਵਿਚ ਆਤਮਘਾਤੀ ਹਮਲੇ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ। ਪੁਲਿਸ ਮੁਖੀ ਪੁਜੁਤ ਜਯਾਸੁੰਦਰਾ ਨੇ 11 ਅਪ੍ਰੈਲ ਨੂੰ ਹਮਲੇ ਦੇ ਖਤਰੇ ਬਾਰੇ ਸਾਰੇ ਪ੍ਰਮੁੱਖ ਅਧਿਕਾਰੀਆਂ ਨੂੰ ਖ਼ੁਫ਼ੀਆ ਚਿਤਾਵਨੀ ਭੇਜੀ ਸੀ। ਅਲਰਟ ਵਿਚ ਕਿਹਾ ਗਿਆ ਸੀ ਕਿ ਇਕ ਵਿਦੇਸ਼ੀ ਖ਼ੁਫ਼ੀਆ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਐਨ. ਟੀ. ਜੇ.(ਨੈਸ਼ਨਲ ਤੌਹੀਤ ਜਮਾਤ) ਪ੍ਰਮੁੱਖ ਗਿਰਜਾ ਘਰਾਂ ਅਤੇ ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨ ਦੀ ਯੋਜਨਾ ਬਣਾ ਰਹੀ ਹੈ। ਐਨ.ਟੀ. ਜੇ. ਸ੍ਰੀਲੰਕਾ ਵਿਚ ਕੱਟੜਵਾਦੀ ਮੁਸਲਿਮ ਗਰੁੱਪ ਹੈ।
ਹਿੰਸਕ ਤੇ ਭਿਆਨਕ ਕਾਰਵਾਈ : ਥੈਰੇਸਾ ਮੇਅ
ਸ੍ਰੀਲੰਕਾ ਵਿਚ ਹੋਏ ਹਮਲਿਆਂ ਦੀ ਨਿੰਦਾ ਕਰਦੇ ਹੋਏ ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਇਸ ਨੂੰ ਭਿਆਨਕ ਕਰਾਰ ਦਿੱਤਾ। ਉਨ੍ਹਾਂ ਨੇ ਟਵੀਟ ਕੀਤਾ ਕਿ ਸ੍ਰੀਲੰਕਾ ਵਿਚ ਗਿਰਜਾ ਘਰਾਂ ਤੇ ਹੋਟਲਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਕ ਕਾਰਵਾਈ ਅਸਲ ਵਿਚ ਭਿਆਨਕ ਹੈ ਅਤੇ ਇਸ ਘਟਨਾ ਨਾਲ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਉਨ੍ਹਾਂ ਦੀ ਡੂੰਘੀ ਹਮਦਰਦੀ ਹੈ।
ਅੱਤਵਾਦ ਖਿਲਾਫ ਸ੍ਰੀਲੰਕਾ ਦੇ ਨਾਲ ਹਾਂ : ਪੁਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸ੍ਰੀਲੰਕਾ ਦੇ ਆਪਣੇ ਹਮਰੁਤਬੇ ਨੂੰ ਭੇਜੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਮਾਸਕੋ ਅੱਤਵਾਦ ਦੇ ਖਿਲਾਫ ਲੜਾਈ ‘ਚ ਸ੍ਰੀਲੰਕਾ ਦਾ ਭਰੋਸੇਮੰਦ ਸਾਂਝੀਦਾਰ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਰੂਸ ਦੇ ਲੋਕ ਮ੍ਰਿਤਕਾਂ ਦੇ ਪਰਿਵਾਰਾਂ ਦੇ ਦੁੱਖ ਵਿਚ ਸ਼ਾਮਲ ਹਨ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਨ।
ਬੇਹੱਦ ਮੰਦਭਾਗੀ ਘਟਨਾ : ਗੁਤਰੇਸ
ਸੰਯੁਕਤ ਰਾਸ਼ਟਰ ਮੁਖੀ ਅੰਟੋਨੀਓ ਗੁਤਰੇਸ ਨੇ ਇਨ੍ਹਾਂ ਹਮਲਿਆਂ ਨੂੰ ਹਿੰਸਾਤਮਕ ਅੱਤਿਆਚਾਰ ਦੱਸਦਿਆਂ ਇਸਦੀ ਕਰੜੀ ਨਿੰਦਾ ਕੀਤੀ ਹੈ। ਗੁਤਰੇਸ ਨੇ ਇਨ੍ਹਾਂ ਅੱਤਵਾਦੀ ਹਮਲਿਆਂ ਨੂੰ ਘਿਨਾਉਣਾ ਅਪਰਾਧ ਦੱਸਦਿਆਂ ਕਿਹਾ ਹੈ ਕਿ ਈਸਟਰ ਸੰਡੇ ਦੁਨੀਆ ਭਰ ਵਿਚ ਈਸਾਈ ਭਾਈਚਾਰੇ ਲਈ ‘ਪਵਿੱਤਰ ਦਿਨ’ ਮੰਨਿਆ ਜਾਂਦਾ ਹੈ ਅਤੇ ਇਸ ਦਿਨ ਲੋਕ ਸਭ ਧਾਰਮਿਕ ਸਥਾਨਾਂ ‘ਤੇ ਪੂਜਾ ਕਰਦੇ ਹਨ, ਅਜਿਹੇ ‘ਚ ਇਹ ਹਮਲੇ ਬੇਹੱਦ ਮੰਦਭਾਗੇ ਹਨ।
ਈਸਟਰ ਦੇ ਦਿਨ ਹੋਏ ਹਮਲੇ ਤੋਂ ਬੇਹੱਦ ਦੁਖੀ ਹਾਂ : ਪੋਪ
ਪੋਪ ਫਰਾਂਸਿਸ ਨੇ ਕਿਹਾ ਕਿ ਈਸਟਰ ਦੇ ਦਿਨ ਸ੍ਰੀਲੰਕਾ ‘ਚ ਹੋਏ ਹਮਲੇ ਦੀ ਖਬਰ ਸੁਣ ਕੇ ਬੇਹੱਦ ਦੁਖੀ ਹਾਂ। ਸਾਰੇ ਪੀੜਤਾਂ ਅਤੇ ਪੂਰੇ ਇਸਾਈ ਭਾਈਚਾਰੇ ਦੇ ਪ੍ਰਤੀ ਉਨ੍ਹਾਂ ਦੀ ਡੂੰਘੀ ਹਮਦਰਦੀ ਹੈ। ਉਨ੍ਹਾਂ ਕਿਹਾ ਕਿ ਉਹ ਹਮਲੇ ਤੋਂ ਪ੍ਰਭਾਵਿਤ ਹਰੇਕ ਵਿਅਕਤੀ ਲਈ ਪ੍ਰਾਰਥਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸਾਈ ਭਾਈਚਾਰੇ ਤੇ ਹਮਲੇ ਦੇ ਹੋਰਨਾਂ ਪੀੜਤਾਂ ਨਾਲ ਖੜ੍ਹੇ ਹਨ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਸਖਤ ਨਿੰਦਾ
ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਬੰਬ ਧਮਾਕਿਆਂ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਦੇ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਧਮਾਕਿਆਂ ਦੀ ਸਖਤ ਨਿੰਦਾ ਕੀਤੀ। ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਭਾਰਤ ਸ੍ਰੀਲੰਕਾ ‘ਚ ਹੋਏ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦਾ ਹੈ।
ਭਾਰਤ ਸ੍ਰੀਲੰਕਾ ਦੇ ਨਾਲ ਹੈ : ਨਰਿੰਦਰ ਮੋਦੀ
ਨਰਿੰਦਰ ਮੋਦੀ ਨੇ ਸ੍ਰੀਲੰਕਾ ‘ਚ ਹੋਏ ਲੜੀਵਾਰ ਧਮਾਕਿਆਂ ਦੇ ਬਾਅਦ ਸ੍ਰੀਲੰਕਾ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਧਮਾਕਿਆਂ ‘ਚ ਮਾਰੇ ਗਏ ਲੋਕਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਧਮਾਕਿਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਖੇਤਰ ‘ਚ ਅਜਿਹੀ ਵਹਿਸ਼ੀਅਤ ਲਈ ਕੋਈ ਸਥਾਨ ਨਹੀਂ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …