Breaking News
Home / ਦੁਨੀਆ / ਅਮਰੀਕੀ ਵੀਜ਼ਾ ਜਾਅਲਸਾਜ਼ੀ : ਦਸ ਭਾਰਤੀਆਂ ਸਣੇ 21 ਗ੍ਰਿਫ਼ਤਾਰ

ਅਮਰੀਕੀ ਵੀਜ਼ਾ ਜਾਅਲਸਾਜ਼ੀ : ਦਸ ਭਾਰਤੀਆਂ ਸਣੇ 21 ਗ੍ਰਿਫ਼ਤਾਰ

8ਸਰਕਾਰ ਨੇ ਫ਼ਰਜ਼ੀ ਯੂਨੀਵਰਸਿਟੀ ਬਣਾ ਕੇ ਕੀਤਾ ਸਟਿੰਗ ਅਪਰੇਸ਼ਨ
ਵਾਸ਼ਿੰਗਟਨ : ਅਮਰੀਕਾ ‘ਚ ਵੀਜ਼ਾ ਜਾਅਲਸਾਜ਼ੀ ਬਾਰੇ ਕੀਤੇ ਗਏ ਸਟਿੰਗ ਅਪਰੇਸ਼ਨ ਵਿੱਚ ਦਸ ਭਾਰਤੀ ਅਮਰੀਕੀਆਂ ਸਣੇ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਟਿੰਗ ਅਪਰੇਸ਼ਨ ਤਹਿਤ ਵੀਜ਼ਾ ਘਪਲੇ ਦਾ ਪਰਦਾਫ਼ਾਸ਼ ਕਰਨ ਲਈ ਅਮਰੀਕੀ ਪ੍ਰਸ਼ਾਸਨ ਨੇ ਇਕ ਫ਼ਰਜ਼ੀ ਯੂਨੀਵਰਸਿਟੀ ਬਣਾਈ, ਜਿਸ ਨੇ ਇਕ ਹਜ਼ਾਰ ਤੋਂ ਵੱਧ ਵਿਦੇਸ਼ੀਆਂ ਨੂੰ ਵਿਦਿਆਰਥੀ ਤੇ ਕੰਮਕਾਜ ਦੇ ਵੀਜ਼ੇ ਦੀ ਇਜਾਜ਼ਤ ਦਿੱਤੀ। ਕੌਮੀ ਪੱਧਰ ਦੀ ਇਸ ਮੁਹਿੰਮ ਵਿੱਚ ਸੰਘੀ ਪ੍ਰਸ਼ਾਸਨ ਨੇ ਨਿਊਯਾਰਕ, ਨਿਊਜਰਸੀ ਅਤੇ ਵਰਜੀਨੀਆ ਤੋਂ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਨਿਊਜਰਸੀ ਦੇ ਅਮਰੀਕੀ ਅਟਾਰਨੀ ਪੌਲ ਜੇ ਫਿਸ਼ਮੈਨ ਨੇ ਪੱਤਰਕਾਰਾਂ ਨੂੰ ਦੱਸਿਆ, ‘ਇਨ੍ਹਾਂ ਮੁਲਜ਼ਮਾਂ ਨੇ ਲੋਕਾਂ ਨੂੰ ਫ਼ਰਜ਼ੀ ਯੂਨੀਵਰਸਿਟੀ ਵਿੱਚ ਦਾਖਲੇ ਦਿਵਾ ਕੇ ਉਨ੍ਹਾਂ ਲਈ ਵੀਜ਼ੇ ਹਾਸਲ ਕਰ ਲਏ। ਉਨ੍ਹਾਂ ਦੀ ਬਦਕਿਸਮਤੀ ਇਹ ਰਹੀ ਕਿ ਇਸ ਫ਼ਰਜ਼ੀ ਯੂਨੀਵਰਸਿਟੀ ਆਫ ਨੌਰਦਨ ਨਿਊਜਰਸੀ ਨੂੰ ਹੋਮਲੈਂਡ ਸੁਰੱਖਿਆ ਵਿਭਾਗ ਦੇ ਏਜੰਟਾਂ ਵੱਲੋਂ ਹੀ ਚਲਾਇਆ ਜਾ ਰਿਹਾ ਸੀ।’ ਗ੍ਰਿਫ਼ਤਾਰ ਕੀਤੇ ਗਏ ਲੋਕ ਦਲਾਲ, ਭਰਤੀ ਕਰਨ ਵਾਲੇ ਅਤੇ ਕਰਮਚਾਰੀ ਸਨ, ਜੋ ਗੈਰਕਾਨੂੰਨੀ ਅਤੇ ਫ਼ਰਜ਼ੀ ਢੰਗ ਨਾਲ ਵਿਦਿਆਰਥੀਆਂ ਲਈ ਵੀਜ਼ਿਆਂ ਦਾ ਜੁਗਾੜ ਕਰਦੇ ਸਨ, ਜਿਨ੍ਹਾਂ ਨੇ 26 ਦੇਸ਼ਾਂ ਦੇ ਇਕ ਹਜ਼ਾਰ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ੇ ਤੇ ਵਿਦੇਸ਼ੀ ਕੰਮਕਾਜ ਵੀਜ਼ਾ ਹਾਸਲ ਕੀਤਾ। ਜਾਂਚ ਵਿੱਚ ਸਾਹਮਣੇ ਆਇਆ ਕਿ ਵੱਡੀ ਗਿਣਤੀ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੂੰ ਜ਼ਰੂਰੀ ਵੀਜ਼ਾ ਤੇ ਅਮਰੀਕਾ ਵਿੱਚ ਕੰਮਕਾਜ ਦੀ ਇਜਾਜ਼ਤ ਦਿੱਤੀ ਗਈ ਉਨ੍ਹਾਂ ਵਿੱਚ ਬਹੁਗਿਣਤੀ ਭਾਰਤੀਆਂ ਦੀ ਸੀ ਜਿਨ੍ਹਾਂ ਨੇ ਵੀਜ਼ੇ ਲੈਣ ਲਈ ਪੈਸਾ ਦਿੱਤਾ ਸੀ। ਇਨ੍ਹਾਂ ਵਿੱਚ ਤਾਜੇਸ਼ ਕੋਡਾਲੀ, ਜੋਤੀ ਪਟੇਲ, ਸ਼ਾਹਜ਼ਾਦੀ ਐਮ. ਪਰਵੀਨ, ਨਰਿੰਦਰ ਸਿੰਘ ਪਲਾਹਾ, ਸੰਜੀਵ ਸੁਖੀਜਾ, ਹਰਪ੍ਰੀਤ ਸਚਦੇਵ, ਅਭਿਨਾਸ਼ ਸ਼ੰਕਰ, ਕਾਰਤਿਕ ਨਿੰਮਾਲਾ, ਗੋਰਵਰਧਨ ਦਯਾਵਰ ਸ਼ੈਟੀ ਤੇ ਸਈਅਦ ਕਾਸਿਮ ਅੱਬਾਸ ਸ਼ਾਮਲ ਹਨ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …