
ਆਸਟਰੇਲੀਆ ਦੇ ਪੀਐਮ ਅਲਬਨੀਜ਼ ਨੇ ਇਸ ਨੂੰ ਦਹਿਸ਼ਤੀ ਕਾਰਵਾਈ ਦੱਸਿਆ
ਸਿਡਨੀ/ਬਿਊਰੋ ਨਿਊਜ਼
ਆਸਟਰੇਲੀਆ ਦੀ ਰਾਜਧਾਨੀ ਸਿਡਨੀ ਵਿਚ ਯਹੂਦੀਆਂ ਦੇ ਇਕ ਸਮਾਗਮ ’ਚ ਬੰਦੂਕਧਾਰੀ ਪਿਓ-ਪੁੱਤ ਵਲੋਂ ਚਲਾਈਆਂ ਗੋਲੀਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ। ਇਸ ਗੋਲੀਬਾਰੀ ਦੌਰਾਨ ਮਰਨ ਵਾਲਿਆਂ ’ਚ ਇਕ 10 ਸਾਲਾਂ ਦੀ ਬੱਚੀ ਅਤੇ ਇਕ ਸ਼ੂਟਰ ਵੀ ਸ਼ਾਮਲ ਹੈ। ਇਸੇ ਦੌਰਾਨ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਘਟਨਾ ਨੂੰ ਯਹੂਦੀ ਭਾਈਚਾਰੇ ਵਿਰੁੱਧ ਦਹਿਸ਼ਤੀ ਕਾਰਵਾਈ ਕਰਾਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਕਰਨ ਵਾਲੇ ਪਿਉ-ਪੁੱਤ ਸਨ। ਪੁਲਿਸ ਨੇ ਦੱਸਿਆ ਕਿ ਬੌਂਡੀ ਬੀਚ ਤੋਂ ਦੂਰ ਇਕ ਛੋਟੇ ਜਿਹੇ ਪਾਰਕ ਵਿਚ ਆਯੋਜਿਤ ਯਹੂਦੀ ਸਮਾਗਮ ਵਿਚ ਇਕ ਹਜ਼ਾਰ ਦੇ ਕਰੀਬ ਵਿਅਕਤੀ ਮੌਜੂਦ ਸਨ। ਮੀਡੀਆ ਦੀ ਰਿਪੋਰਟ ਮੁਤਾਬਕ ਬੰਦੂਕਧਾਰੀ ਪਿਓ-ਪੁੱਤ ਦੀ ਪਛਾਣ ਪਾਕਿਸਤਾਨੀ ਮੂਲ ਦੇ ਸਾਜਿਦ ਅਕਰਮ ਅਤੇ ਨਾਵੀਦ ਅਕਰਮ ਵਜੋਂ ਹੋਈ ਹੈ। ਇਹ ਵੀ ਦੱਸਿਆ ਗਿਆ ਕਿ ਸਾਜਿਦ ਅਕਰਮ ਦੀ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਮੌਤ ਹੋ ਗਈ, ਜਦੋਂ ਕਿ ਨਾਵੀਦ ਅਕਰਮ ਜ਼ਖ਼ਮੀ ਹੋ ਗਿਆ ਸੀ ਅਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

