-7.8 C
Toronto
Monday, January 19, 2026
spot_img
HomeਕੈਨੇਡਾFrontਬੀਬੀਸੀ  ਦਾ ਭਾਰਤ ਵਿਚ ਬਦਲਿਆ ਰੂਪ, ਕਲੈਕਟਿਵ ਨਿਊਜ਼ਰੂਮ ਨੇ ਕੰਮ ਸ਼ੁਰੂ ਕੀਤਾ 

ਬੀਬੀਸੀ  ਦਾ ਭਾਰਤ ਵਿਚ ਬਦਲਿਆ ਰੂਪ, ਕਲੈਕਟਿਵ ਨਿਊਜ਼ਰੂਮ ਨੇ ਕੰਮ ਸ਼ੁਰੂ ਕੀਤਾ 

ਭਾਰਤ ਵਿਚ ਬੀਬੀਸੀ ਦਾ ਰੂਪ ਬਦਲ ਗਿਆ ਹੈ। ਬਿ੍ਰਟਿਸ਼ ਬਰੌਡਕਾਸਟ ਕਾਰਪੋਰੇਸ਼ਨ ਲਈ ਭਾਰਤ ਵਿਚ ਅਜ਼ਾਦ ਮੀਡੀਆ ਕੰਪਨੀ ਕਲੈਕਟਿਵ ਨਿਊਜ਼ਰੂਮ ਨੇ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ।
ਇਹ ਪੂਰੀ ਤਰ੍ਹਾਂ ਨਾਲ ਇਕ ਭਾਰਤੀ ਕੰਪਨੀ ਹੈ। ਬੀਬੀਸੀ ਦੇ ਚਾਰ ਸੀਨੀਅਰ ਪੱਤਰਕਾਰਾਂ ਨੇ ਅਸਤੀਫਾ ਦੇ ਕੇ ਕਲੈਕਟਿਵ ਨਿਊਜ਼ਰੂਮ ਦੀ ਸਥਾਪਨਾ ਕੀਤੀ ਹੈ। ਡਿਜ਼ੀਟਲ ਮੀਡੀਆ ਦੇ ਖੇਤਰ ਵਿਚ ਵਿਦੇਸ਼ੀ ਨਿਵੇਸ਼ ਦੇ ਨਿਯਮਾਂ ਅਨੁਸਾਰ ਇਹ ਵਿਵਸਥਾ ਕੀਤੀ ਗਈ ਹੈ। ਨਵੀਂ ਵਿਵਸਥਾ ਤਹਿਤ ਕਲੈਕਟਿਵ ਨਿਊਜ਼ਰੂਮ ਭਾਰਤ ਵਿਚ ਬੀਬੀਸੀ ਲਈ ਕੰਟੈਂਟ ਬਣਾਏਗਾ ਤੇ ਪ੍ਰਕਾਸ਼ਿਤ ਕਰੇਗਾ। ਅਸਰਦਾਰ ਪੱਤਰਕਾਰੀ ਜ਼ਰੀਏ ਭਾਰਤੀ ਆਡੀਐਂਸ ਤੱਕ ਖਬਰਾਂ ਪਹੁੰਚਾਉਣਾ ਇਸਦਾ ਮਕਸਦ ਹੈ।
ਸੰਪਾਦਕੀ ਆਊਟਪੁਟ ਨੂੰ ਲੈ ਕੇ ਕਲੈਕਟਿਵ ਨਿਊਜ਼ਰੂਮ ਕਾਫੀ ਉਤਸ਼ਾਹਿਤ ਹੈ ਅਤੇ ਭਾਰਤ ਵਿਚ ਮਿਆਰੀ ਪੱਤਰਕਾਰੀ ਨੂੰ ਸਥਾਪਿਤ ਕਰਨਾ ਚਾਹੁੰਦਾ ਹੈ। ਨਵੀਂ ਕੰਪਨੀ ਫਿਲਹਾਲ ਬੀਬੀਸੀ ਦੇ ਲਈ ਕੰਟੈਂਟ ਬਣਾਵੇਗੀ ਅਤੇ ਪ੍ਰਕਾਸ਼ਿਤ ਕਰੇਗੀ ਪਰ ਇਕ ਅਜ਼ਾਦ ਮੀਡੀਆ ਕੰਪਨੀ ਵਜੋਂ ਭਵਿੱਖ ਵਿਚ ਦੂਸਰੇ ਕਲਾਈਂਟਾਂ ਲਈ ਵੀ ਉਚ ਪੱਧਰੀ ਕੰਟੈਂਟ ਬਣਾਉਣ ਦਾ ਇਰਾਦਾ ਰੱਖਦੀ ਹੈ।
ਕਲੈਕਟਿਵ ਨਿਊਜ਼ਰੂਮ ਦੀ ਸੀਈਓ ਰੂਪਾ ਝਾਅ ਨੇ ਕਿਹਾ, ‘‘ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਲੈਕਟਿਵ ਨਿਊਜ਼ਰੂਮ ਸਭ ਤੋਂ ਵੱਧ ਭਰੋਸੇਯੋਗ, ਸਿਰਜਣਾਤਮਕ ਅਤੇ ਦਲੇਰਾਨਾ ਪੱਤਰਕਾਰੀ ਕਰਨ ਦੇ ਇਕ ਸਪੱਸ਼ਟ ਅਤੇ ਬੁਲੰਦ ਟੀਚੇ ਨਾਲ ਅਧਿਕਾਰਿਤ ਸ਼ੁਰੂਆਤ ਕਰਨ ਜਾ ਰਿਹਾ ਹੈ। ਸਾਡੀਆਂ ਟੀਮਾਂ ਤਜਰਬੇ ਅਤੇ ਹੁਨਰ ਨਾਲ ਲੈਸ ਹਨ।’’
‘‘ਦਰਸ਼ਕ ਜਲਦੀ ਹੀ ਕਲੈਕਟਿਵ ਨਿਊਜ਼ਰੂਮ ਨੂੰ ਇਕ ਅਜਿਹੇ ਸੁਤੰਤਰ ਮੀਡੀਆ ਅਦਾਰੇ ਵਜੋਂ ਜਾਨਣਗੇ, ਜੋ ਤੱਥ ਅਧਾਰਿਤ ਪੱਤਰਕਾਰਤਾ ਰਾਹੀਂ ਲੋਕ ਹਿੱਤ ਵਿਚ ਕੰਮ ਕਰਦਾ ਹੈ ਅਤੇ ਬਹੁ-ਦਿ੍ਰਸ਼ਟੀਕੋਣ ਅਤੇ ਵਿਭਿੰਨ ਆਵਾਜ਼ਾਂ ਨੂੰ ਮੰਚ ਮੁਹੱਈਆ ਕਰਵਾਉਂਦਾ ਹੈ।’’
ਰੂਪਾ ਝਾਅ ਦੇ ਨਾਲ-ਨਾਲ ਮੁਕੇਸ਼ ਸ਼ਰਮਾ, ਸੰਜੋਂਏ ਮਜੂਮਦਾਰ, ਸਾਰਾ ਹਸਨ ਇਸ ਮੀਡੀਆ ਕੰਪਨੀ ਦੇ ਤਿੰਨ ਹੋਰ ਡਾਇਰੈਕਟਰ ਹਨ। ਜਿਨ੍ਹਾਂ ਕੋਲ ਸੰਪਾਦਕੀ ਅਤੇ ਪ੍ਰੋਗਰਾਮ ਪ੍ਰੋਡਕਸ਼ਨ ਦੇ ਖੇਤਰ ਦਾ ਲੰਬਾ ਤੇ ਗਹਿਰਾ ਤਜਰਬਾ ਹੈ।
ਕਲੈਕਟਿਵ ਨਿਊਜ਼ਰੂਮ ਦਾ ਪਹਿਲਾ ਗਾਹਕ ਬੀਬੀਸੀ ਹੈ, ਇਸ ਕੋਲ ਸਭ ਤੋਂ ਵੱਧ ਸਰੋਤਿਆਂ ਤੇ ਪਾਠਕਾਂ ਵਾਲੀ ਬੀਬੀਸੀ ਹਿੰਦੀ ਸੇਵਾ ਲਈ ਸਮੱਗਰੀ ਤਿਆਰ ਤੇ ਪ੍ਰਕਾਸ਼ਿਤ ਕਰਨ ਦਾ ਇਕਰਾਰਨਾਮਾ ਹੈ।
ਦਰਸ਼ਕਾਂ ਤੇ ਪਾਠਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਬੀਬੀਸੀ ਲਈ ਭਾਰਤ ਨੰਬਰ ਵਨ ਦੇਸ਼ ਹੈ, ਬੀਬੀਸੀ ਦੀ ਸਮੱਗਰੀ ਭਾਰਤ ਵਿਚ ਅੱਠ ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚਦੀ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਕਲੈਕਟਿਵ ਨਿਊਜ਼ਰੂਮ ਬੀਬੀਸੀ ਲਈ ਛੇ ਭਾਰਤੀ ਭਾਸ਼ਾਵਾਂ ਵਿਚ ਸਮੱਗਰੀ ਤਿਆਰ ਅਤੇ ਪ੍ਰਕਾਸ਼ਿਤ ਕਰੇਗਾ।
ਇਨ੍ਹਾਂ ਵਿਚ ਬੀਬੀਸੀ ਨਿਊਜ਼ ਹਿੰਦੀ, ਬੀਬੀਸੀ ਨਿਊਜ਼ ਮਰਾਠੀ, ਬੀਬੀਸੀ ਨਿਊਜ਼ ਗੁਜਰਾਤੀ, ਬੀਬੀਸੀ ਨਿਊਜ਼ ਪੰਜਾਬੀ, ਬੀਬੀਸੀ ਨਿਊਜ਼ ਤਮਿਲ, ਬੀਬੀਸੀ ਨਿਊਜ਼ ਤੇਲੁਗੂ ਦੇ ਨਾਲ-ਨਾਲ ਭਾਰਤੀ ਦਰਸ਼ਕਾਂ ਅਤੇ ਸਰੋਤਿਆਂ ਦੇ ਲਈ ਅੰਗਰੇਜ਼ੀ ਵਿਚ ਡਿਜ਼ਿਟਲ ਅਤੇ ਯੂਟਿਊਬ ਲਈ ਸਮੱਗਰੀ ਵੀ ਸ਼ਾਮਲ ਹੈ।
RELATED ARTICLES
POPULAR POSTS