Breaking News
Home / ਭਾਰਤ / ਅਫਗਾਨਿਸਤਾਨ ਦੇ ਮੁੱਦੇ ’ਤੇ ਹੋਈ ਆਲ ਪਾਰਟੀ ਮੀਟਿੰਗ

ਅਫਗਾਨਿਸਤਾਨ ਦੇ ਮੁੱਦੇ ’ਤੇ ਹੋਈ ਆਲ ਪਾਰਟੀ ਮੀਟਿੰਗ

ਕਾਬੁਲ ’ਚ ਫਸੇ ਭਾਰਤੀਆਂ ਨੂੰ ਹਰ ਹਾਲਤ ’ਚ ਲਿਆਂਦਾ ਜਾਵੇਗਾ ਵਾਪਸ : ਜੈਸ਼ੰਕਰ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ’ਤੇ ਚਰਚਾ ਕਰਨ ਲਈ ਅੱਜ ਕੇਂਦਰ ਸਰਕਾਰ ਨੇ ਆਲ ਪਾਰਟੀ ਮੀਟਿੰਗ ਕੀਤੀ। ਇਸ ’ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਦਨ ਦੇ ਆਗੂਆਂ ਨੂੰ ਅਫਗਾਨਿਸਤਾਨ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਸਾਢੇ ਤਿੰਨ ਘੰਟੇ ਚੱਲੀ ਸਰਬ ਪਾਰਟੀ ਮੀਟਿੰਗ ’ਚ 31 ਦਲਾਂ ਦੇ 37 ਆਗੂਆਂ ਨੇ ਹਿੱਸਾ ਲਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਰੇ ਦਲਾਂ ਨਾਲ ਚੰਗੀ ਗੱਲਬਾਤ ਹੋਈ। ਸਰਕਾਰ ਸਮੇਤ ਸਾਰੇ ਦਲਾਂ ਦੀ ਇਸ ਮਸਲੇ ’ਤੇ ਇਕ ਹੀ ਰਾਏ ਹੈ। ਅਪਰੇਸ਼ਨ ਦੇਵੀ ਸ਼ਕਤੀ ਦੇ ਤਹਿਤ ਜਿਨ੍ਹਾਂ ਵਿਅਕਤੀਆਂ ਨੂੰ ਕਾਬੁਲ ਤੋਂ ਭਾਰਤ ਲਿਆਂਦਾ ਗਿਆ ਹੈ, ਉਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਨਾਗਰਿਕ ਸ਼ਾਮਲ ਹਨ। ਪ੍ਰੰਤੂ ਅਜੇ ਵੀ ਕੁਝ ਭਾਰਤੀ ਕਾਬੁਲ ’ਚ ਫਸੇ ਹੋਏ ਹਨ ਤੇ ਉਨ੍ਹਾਂ ਨੂੰ ਹਰ ਹਾਲਤ ’ਚ ਭਾਰਤ ਵਾਪਸ ਲਿਆਂਦਾ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਮਰੀਕਾ ਅਤੇ ਤਾਲਿਬਾਨ ਵਿਚਾਲੇ 2020 ਵਿਚ ਹੋਏ ਦੋਹਾ ਸਮਝੌਤੇ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਤਾਲਿਬਾਨ ਦੋਹਾ ਸਮਝੌਤੇ ’ਤੇ ਖਰਾ ਨਹੀਂ ਉਤਰਿਆ। ਇਸ ਸਰਬ ਪਾਰਟੀ ਮੀਟਿੰਗ ’ਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ, ਮਲਿਕਾਅਰਜੁਨ ਖੜਗੇ, ਕੇਂਦਰੀ ਮੰਤਰੀ ਪਿਊਸ਼ ਗੋਇਲ, ਸ਼ਰਦ ਪਵਾਰ, ਟੀ ਆਰ ਬਾਲੂ, ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਅਤੇ ਅਨੁਪਿ੍ਰਯਾ ਪਟੇਲ ਵੀ ਮੌਜੂਦ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਸ਼ੰਕਰ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਦਲਾਂ ਨੂੰ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦੇਣ। ਵਿਰੋਧੀ ਧਿਰਾਂ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਅਫਗਾਨਿਸਤਾਨ ਬਾਰੇ ਇਕ ਬਿਆਨ ਵੀ ਜਾਰੀ ਕਰਨ।

 

Check Also

ਪਤੰਜਲੀ ਨੇ ਸੁਪਰੀਮ ਕੋਰਟ ’ਚ ਫਿਰ ਮੰਗੀ ਮੁਆਫੀ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਹੁਣ 23 ਅਪ੍ਰੈਲ ਨੂੰ ਹੋਵੇਗੀ ਸੁਣਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ …