
ਸੀਐਮ ਭਗਵੰਤ ਮਾਨ ਨੇ ਰਾਹੁਲ ਗਾਂਧੀ ਖਿਲਾਫ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਲੀਡਰਸ਼ਿਪ ’ਤੇ ਸਵਾਲ ਚੁੱਕੇ ਗਏ ਹਨ। ਇਸ ਤੋਂ ਬਾਅਦ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੇ ਸੀਐਮ ਮਾਨ ਖਿਲਾਫ ਸਵਾਲ ਚੁੱਕੇ ਹਨ। ਬਾਜਵਾ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਭਗਵੰਤ ਮਾਨ ਤਾਂ ਭਾਜਪਾ ਦੀ ਲੀਹ ’ਤੇ ਚੱਲ ਰਹੇ ਹਨ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਆਪਣੇ ਆਪ ਨੂੰ ਭਾਜਪਾ ਦੀ ‘ਟ੍ਰੋਲ ਆਰਮੀ’ ਵਿਚ ਇਕ ਹੋਰ ਪਿਆਦੇ ਵਜੋਂ ਸ਼ਾਮਲ ਕੀਤਾ ਹੈ। ਉਹਨਾਂ ਦਾਅਵਾ ਕੀਤਾ ਕਿ ਸੀਐਮ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਮੁਤਾਬਕ ਕੰਮ ਕਰਦੇ ਹਨ। ਧਿਆਨ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਟੀਵੀ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਰਾਹੁਲ ਗਾਂਧੀ ਵਿਚ ਆਗੂ ਬਣਨ ਦੇ ਗੁਣ ਨਹੀਂ ਹਨ ਅਤੇ ਉਨ੍ਹਾਂ ਨੂੰ ਧੱਕੇ ਨਾਲ ਲੀਡਰ ਬਣਾਇਆ ਜਾ ਰਿਹਾ ਹੈ। ਸੀਐਮ ਨੇ ਇਹ ਵੀ ਕਿਹਾ ਸੀ ਕਿ ਜਦੋਂ ਵੀ ਭਾਰਤ ਵਿਚ ਕੋਈ ਅਹਿਮ ਮਾਮਲਾ ਹੁੰਦਾ ਹੈ ਤਾਂ ਰਾਹੁਲ ਗਾਂਧੀ ਇਟਲੀ ’ਚ ਆਪਣੇ ਨਾਨਕੇ ਘਰ ਚਲੇ ਜਾਂਦੇ ਹਨ ਜਾਂ ਫਿਰ ਅਮਰੀਕਾ ਵਿਚ ਹੁੰਦੇ ਹਨ।