Breaking News
Home / ਪੰਜਾਬ / ਮਨਪ੍ਰੀਤ ਸਿੰਘ ਇਆਲੀ ਅਕਾਲੀ ਲੀਡਰਸ਼ਿਪ ਦੇ ਫੈਸਲੇ ਤੋਂ ਹੋਏ ਬਾਗੀ

ਮਨਪ੍ਰੀਤ ਸਿੰਘ ਇਆਲੀ ਅਕਾਲੀ ਲੀਡਰਸ਼ਿਪ ਦੇ ਫੈਸਲੇ ਤੋਂ ਹੋਏ ਬਾਗੀ

ਵਿਧਾਇਕ ਨੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿਚ ਪਾਰਟੀ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਰਾਸ਼ਟਰਪਤੀ ਚੋਣਾਂ ਦਾ ਬਾਈਕਾਟ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਰਾਸ਼ਟਰਪਤੀ ਚੋਣਾਂ ਲਈ ਐੱਨਡੀਏ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਦਾ ਫੈਸਲਾ ਕੀਤਾ ਸੀ। ਵਿਧਾਇਕ ਇਆਲੀ ਨੇ ਕੋਰ ਕਮੇਟੀ ਦੇ ਫੈਸਲੇ ਨੂੰ ਮੰਨਣ ਦੀ ਥਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਨੂੰ ਤਰਜੀਹ ਦਿੱਤੀ।
ਸਿਆਸੀ ਹਲਕੇ ਮਨਪ੍ਰੀਤ ਇਆਲੀ ਦੇ ਇਸ ਫੈਸਲੇ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਦੇ ਮੁੱਢ ਵਜੋਂ ਦੇਖ ਰਹੇ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਹਾਰ ਮਗਰੋਂ ਪਾਰਟੀ ਨੇ ਇਸ ਦੀ ਸਮੀਖਿਆ ਲਈ ਝੂੰਦਾਂ ਕਮੇਟੀ ਦਾ ਗਠਨ ਕੀਤਾ ਸੀ। ਪਾਰਟੀ ਨੇ ਹਾਲਾਂਕਿ ਅਜੇ ਤੱਕ ਇਸ ਕਮੇਟੀ ਦੀ ਰਿਪੋਰਟ ‘ਤੇ ਕੋਈ ਚਰਚਾ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲਈ ਵਿਧਾਇਕ ਇਆਲੀ ਦਾ ਇਹ ਪੈਂਤੜਾ ਇੱਕ ਨਵੀਂ ਚੁਣੌਤੀ ਬਣ ਗਿਆ ਹੈ।
ਮਨਪ੍ਰੀਤ ਇਆਲੀ ਨੇ ਵੀਡੀਓ ਜਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ ‘ਤੇ ਸਿੱਧੇ ਸੁਆਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਐੱਨਡੀਏ ਉਮੀਦਵਾਰ ਨੂੰ ਹਮਾਇਤ ਦੇਣ ਤੋਂ ਪਹਿਲਾਂ ਉਨ੍ਹਾਂ ਨਾਲ ਕੋਈ ਮਸ਼ਵਰਾ ਹੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਹੁਤ ਆਸਾਂ ਹਨ, ਪ੍ਰੰਤੂ ਅੱਜ ਪਾਰਟੀ ਦੀ ਸਥਿਤੀ ਬਹੁਤ ਕਮਜ਼ੋਰ ਹੋ ਚੁੱਕੀ ਹੈ। ਲੰਘੀਆਂ ਚੋਣਾਂ ਵਿਚ ਪਾਰਟੀ ਸਿਰਫ਼ ਤਿੰਨ ਸੀਟਾਂ ਤੱਕ ਸੀਮਤ ਰਹਿ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੇਕਰ ਆਪਣਾ ਵਜੂਦ ਕਾਇਮ ਰੱਖਣਾ ਹੈ ਤਾਂ ਲੋਕਾਂ ਅਤੇ ਸਿੱਖ ਕੌਮ ਦੇ ਜਜ਼ਬਾਤ ਨੂੰ ਸਮਝਦੇ ਹੋਏ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਹੈ। ਰਾਸ਼ਟਰਪਤੀ ਚੋਣਾਂ ਦੇ ਬਾਈਕਾਟ ਦੇ ਫੈਸਲੇ ਬਾਰੇ ਮਨਪ੍ਰੀਤ ਇਆਲੀ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਨਾਲ ਵਿਤਕਰਾ ਕੀਤਾ ਹੈ। ਹਾਲੇ ਤੱਕ ਚੰਡੀਗੜ੍ਹ, ਪੰਜਾਬ ਨੂੰ ਨਹੀਂ ਦਿੱਤਾ ਗਿਆ ਹੈ ਅਤੇ ਪੰਜਾਬੀ ਬੋਲਦੇ ਇਲਾਕੇ ਵੀ ਨਹੀਂ ਮਿਲੇ ਹਨ। ਪਾਣੀਆਂ ਦਾ ਮਸਲਾ ਹਾਲੇ ਲਟਕ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਵਿਧਾਨ ਸਭਾ ਲਈ ਜ਼ਮੀਨ ਦੇਣਾ, ਚੰਡੀਗੜ੍ਹ ਵਿਚ ਕੇਂਦਰੀ ਨਿਯਮ ਲਾਗੂ ਕਰਨੇ, ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ‘ਵਰਸਿਟੀ ਬਣਾਉਣ ਦੀ ਤਜਵੀਜ਼, ਬੀਬੀਐੱਮਬੀ ਵਿਚ ਸਥਾਈ ਪ੍ਰਤੀਨਿਧਤਾ ਖਤਮ ਕਰਨਾ, ਬੰਦੀ ਸਿੱਖਾਂ ਦੀ ਰਿਹਾਈ ਆਦਿ ਮਸਲੇ ਕੇਂਦਰ ਦੀ ਭਾਜਪਾ ਸਰਕਾਰ ਨੇ ਹੱਲ ਨਹੀਂ ਕੀਤੇ।
ਅਕਾਲੀ ਦਲ ‘ਚ ਹਲਚਲ ਵਧੀ
ਮਨਪ੍ਰੀਤ ਸਿੰਘ ਇਆਲੀ ਦੇ ਇਸ ਫੈਸਲੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਵਿਚ ਹਲਚਲ ਵਧ ਗਈ ਹੈ। ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਨਾਲ ਅੰਦਰੋਂ-ਅੰਦਰੀ ਨੇੜਤਾ ਵਧਾਉਣ ਤੋਂ ਇਆਲੀ ਔਖ ਵਿਚ ਹਨ ਅਤੇ ਚੋਣਾਂ ਵਿਚ ਮਿਲੀ ਨਮੋਸ਼ੀਜਨਕ ਹਾਰ ਤੋਂ ਕੋਈ ਸਬਕ ਨਾ ਸਿੱਖਣ ਕਰਕੇ ਪਾਰਟੀ ਵਿਧਾਇਕ ਨੇ ਇਹ ਕਦਮ ਚੁੱਕਿਆ ਹੈ। ਇਆਲੀ ਦੇ ਇਨ੍ਹਾਂ ਤੇਵਰਾਂ ਮਗਰੋਂ ਹੁਣ ਪਾਰਟੀ ਲੀਡਰਸ਼ਿਪ ਨੂੰ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਰਾਹ ਵੀ ਪੈਣਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਮਨਪ੍ਰੀਤ ਇਆਲੀ ਵੱਲੋਂ ਮਿਲੇ ਸੁਝਾਵਾਂ ਦਾ ਸਵਾਗਤ ਕੀਤਾ ਸੀ।

 

Check Also

ਸੁਖਪਾਲ ਖਹਿਰਾ ਨੇ ਦਲਬੀਰ ਗੋਲਡੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਦੱਸਿਆ ਵੱਡਾ ਕਾਰਨ

ਕਿਹਾ : ਵਿਜੀਲੈਂਸ ਦੀ ਜਾਂਚ ਤੋਂ ਡਰਦਿਆਂ ਗੋਲਡੀ ਨੇ ਭਗਵੰਤ ਮਾਨ ਮੂਹਰੇ ਟੇਕੇ ਗੋਡੇ ਸੰਗਰੂਰ/ਬਿਊਰੋ …