Breaking News
Home / ਪੰਜਾਬ / ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਾਂਗੇ : ਗੁਰਮੀਤ ਸਿੰਘ ਖੁੱਡੀਆਂ

ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਾਂਗੇ : ਗੁਰਮੀਤ ਸਿੰਘ ਖੁੱਡੀਆਂ

ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੌਰੇ ‘ਤੇ ਆਏ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਨਮਾਨ ‘ਚ ਫਰੈਂਡਜ਼ ਆਫ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਸਨਮਾਨ ਸਮਾਗਮ ਕੀਤਾ ਗਿਆ, ਜਿਸ ‘ਚ ਪੰਜਾਬੀ ਭਾਈਚਾਰੇ ਦੇ ਲੋਕ ਅਤੇ ਸਿਆਸੀ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਨੇ ਖੁੱਡੀਆਂ ਦਾ ਸਵਾਗਤ ਕੀਤਾ ਤੇ ਪਰਵਾਸੀ ਭਾਰਤੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਦੱਸਿਆ। ਇਸ ਦੇ ਜਵਾਬ ਵਿੱਚ ਖੇਤੀ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਸਾਰੀਆਂ ਸਮੱਸਿਆਵਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ ਤੇ ਉਨ੍ਹਾਂ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣੇ ਯਕੀਨੀ ਬਣਾਉਣਗੇ।
ਸਰੀ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਅਤੇ ਰਣਦੀਪ ਸਿੰਘ ਸਰਾਏ ਨੇ ਵੀ ਖੁੱਡੀਆਂ ਦਾ ਸਵਾਗਤ ਕਰਦੇ ਹੋਏ ਫਾਊਂਡੇਸ਼ਨ ਵੱਲੋਂ ਦੋਵਾਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧਾਂ ਲਈ ਕੀਤੇ ਜਾਂਦੇ ਯਤਨਾਂ ਦੀ ਸ਼ਲਾਘਾ ਕੀਤੀ। ਕੁਝ ਲੋਕਾਂ ਨੇ ਫਗਵਾੜਾ-ਸ੍ਰੀ ਅਨੰਦਪੁਰ ਸਾਹਿਬ ਸੜਕ ਨੂੰ ਚੌੜਾ ਤੇ ਮਜ਼ਬੂਤ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ। ਖੇਤੀ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ ਅਤੇ ਸਰਕਾਰ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਾਉਂਦਿਆਂ ਪਰਵਾਸੀਆਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ। ਉਨ੍ਹਾਂ ਪੰਜਾਬ ‘ਚ ਨਿਵੇਸ਼ ਕੀਤੇ ਜਾਣ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਰਿਆਇਤਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਥਾਪਤ ਕੀਤੇ ਜਾਣ ਵਾਲੇ ਉਦਯੋਗ ਜਾਂ ਕਾਰੋਬਾਰ ਲਈ ਸਿੰਗਲ ਵਿੰਡੋ ਦਾ ਪ੍ਰਬੰਧ ਕੀਤਾ ਹੈ, ਜਿੱਥੋਂ ਅਗਾਊਂ ਮਨਜ਼ੂਰੀਆਂ ਇੱਕ ਹਫਤੇ ਵਿੱਚ ਜਾਰੀ ਹੁੰਦੀਆਂ ਹਨ। ਇਸ ਮੌਕੇ ਰੇਡੀਓ ਹੋਸਟ ਗੁਰਬਾਜ਼ ਸਿੰਘ ਬਰਾੜ, ਬੂਟਾ ਸਿੰਘ ਢਿੱਲੋਂ, ਸਤਬੀਰ ਸਿੰਘ ਚੀਮਾ, ਸੁਰਿੰਦਰ ਸਿੰਘ ਢੇਸੀ, ਬਲਬੀਰ ਸਿੰਘ ਪੱਡਾ, ਹਰਦੀਪ ਸਿੰਘ ਗਿੱਲ ਤੇ ਮੰਤਰੀ ਦੇ ਭਰਾ ਤੇ ਕਾਰੋਬਾਰੀ ਹਰਮੀਤ ਸਿੰਘ ਖੁੱਡੀਆਂ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵੱਲੋਂ ਖੇਤੀ ਮੰਤਰੀ ਨੂੰ ਦੁਪਹਿਰ ਦੇ ਖਾਣੇ ‘ਤੇ ਸੱਦਾ ਦਿੱਤਾ ਗਿਆ।
ਖੇਤੀ ਮੰਤਰੀ ਨੇ ਪੰਜਾਬ ਤੇ ਕੈਨੇਡਾ ਵਿਚਾਲੇ ਵਪਾਰ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਉਤਪਾਦ ਸਿੱਧੇ ਕੈਨੇਡਾ ਭੇਜੇ ਜਾਣ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ।

 

Check Also

ਮੁੱਖ ਮੰਤਰੀ  ਭਗਵੰਤ ਮਾਨ ਸਮੇਤ ਸਮੂਹ ਕੈਬਨਿਟ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਕਿਹਾ : ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਆਪਸੀ ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ …