Breaking News
Home / ਪੰਜਾਬ / ਦੋਧੀ ਤੋਂ ਸਫਰ ਸ਼ੁਰੂ ਕਰ ਕੇ 1.83 ਲੱਖ ਕਰੋੜ ਦੇ ਮਾਲਕ ਬਣੇ ਭੰਗੂ ਦਾ ਦੁਖਦਾਈ ਅੰਤ

ਦੋਧੀ ਤੋਂ ਸਫਰ ਸ਼ੁਰੂ ਕਰ ਕੇ 1.83 ਲੱਖ ਕਰੋੜ ਦੇ ਮਾਲਕ ਬਣੇ ਭੰਗੂ ਦਾ ਦੁਖਦਾਈ ਅੰਤ

5.5 ਕਰੋੜ ਤੋਂ ਵੱਧ ਨਿਵੇਸ਼ਕਾਂ ਨੂੰ ਅੱਜ ਵੀ ਚਿੱਟ ਫੰਡ ਸਕੀਮ ‘ਚ ਲਾਈ ਆਪਣੀ ਕਮਾਈ ਦੇ ਰਿਫੰਡ ਦੀ ਆਸ
ਚੰਡੀਗੜ੍ਹ : ਰੋਪੜ ਨੇੜੇ ਚਮਕੌਰ ਸਾਹਿਬ ਦੇ ਪਿੰਡ ਅਟਾਰੀ ਦਾ ਨਿਰਮਲ ਸਿੰਘ ਭੰਗੂ, ਜਿਸ ਨੇ ਇਕ ਦੋਧੀ ਵਜੋਂ ਕੰਮ ਸ਼ੁਰੂ ਕਰਕੇ 1.83 ਲੱਖ ਕਰੋੜ ਰੁਪਏ ਦੀ ਟਰਨਓਵਰ ਵਾਲੀ ਪਰਲਜ਼ ਗਰੁੱਪ ਆਫ਼ ਕੰਪਨੀਜ਼ ਦਾ ਸਾਮਰਾਜ ਚਲਾਇਆ, ਦਿੱਲੀ ਦੇ ਇਕ ਹਸਪਤਾਲ ਵਿਚ ਇਕਲਾਪੇ ਦੀ ਮੌਤ ਮਰ ਗਿਆ। ਭੰਗੂ 2016 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਸੀ ਤੇ ਸਿਹਤ ਵਿਗੜਨ ਮਗਰੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਸਾਲ 2011 ਵਿਚ ਉਸ ਦੇ ਪੁੱਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਦੀਆਂ ਦੋ ਧੀਆਂ ਹਨ, ਜੋ ਆਸਟਰੇਲੀਆ ਰਹਿੰਦੀਆਂ ਹਨ। ਭੰਗੂ ਦੀ ਪਤਨੀ ਪ੍ਰੇਮ ਕੌਰ ਵੀ ਜੇਲ੍ਹ ਵਿਚ ਹੈ।
ਭੰਗੂ ਦੀਆਂ ਚਿੱਟ ਫੰਡ ਸਕੀਮਾਂ ਜ਼ਰੀਏ 5.5 ਕਰੋੜ ਤੋਂ ਵੱਧ ਨਿਵੇਸ਼ਕਾਰਾਂ ਤੋਂ ਕਰੀਬ 45,000 ਕਰੋੜ ਰੁਪਏ (ਨਿਵੇਸ਼ਕਾਂ ਮੁਤਾਬਕ 60,000 ਕਰੋੜ) ਦੀ ਠੱਗੀ ਮਾਰੀ ਗਈ। ਹੁਣ ਤੱਕ 21 ਲੱਖ ਨਿਵੇਸ਼ਕਾਂ ਨੂੰ ਉਨ੍ਹਾਂ ਦੀ ਰਾਸ਼ੀ ਵਾਪਸ ਮਿਲ ਚੁੱਕੀ ਹੈ। ਪਰਲਜ਼ ਗਰੁੱਪ ਦੀਆਂ ਜਾਮ ਕੀਤੀਆਂ ਜਾਇਦਾਦਾਂ ਵੇਚ ਕੇ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਪੈਸਾ ਮੋੜਨ ਲਈ 2015 ਵਿਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਸਟਿਸ ਲੋਧਾ ਕਮੇਟੀ ਬਣਾਈ ਗਈ ਸੀ। ‘ਆਲ ਇਨਵੈਸਟਰ ਸੇਫਟੀ ਆਰਗੇਨਾਈਜ਼ੇਸ਼ਨ’ ਬਣਾਉਣ ਵਾਲੇ ਨਿਵੇਸ਼ਕਾਂ ਨੇ ਧਰਨੇ ਤੇ ਰੋਸ ਮੁਜ਼ਾਹਰਿਆਂ ਰਾਹੀਂ ਦਾਅਵਾ ਕੀਤਾ ਸੀ ਕਿ ਬਹੁਗਿਣਤੀ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਨਹੀਂ ਮਿਲੇ। ਜਥੇਬੰਦੀ ਦੇ ਤਰਜਮਾਨ ਦਰਸ਼ਨ ਸਿੰਘ ਨੇ ਕਿਹਾ ਕਿ ਅਗਲਾ ਧਰਨਾ 6 ਸਤੰਬਰ ਨੂੰ ਨਵੀਂ ਦਿੱਲੀ ਦੇ ਜੰਤਰ ਮੰਤਰ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ, ”ਹੁਣ ਤੱਕ ਸਿਰਫ਼ 21 ਲੱਖ ਨਿਵੇਸ਼ਕਾਂ, ਜਿਨ੍ਹਾਂ 19000 ਰੁਪਏ ਦਾ ਛੋਟਾ ਨਿਵੇਸ਼ ਕੀਤਾ ਸੀ, ਨੂੰ ਹੀ ਮੁਆਵਜ਼ਾ ਮਿਲਿਆ ਹੈ।” ਦਰਸ਼ਨ ਨੇ ਖ਼ੁਦ ਕਿਸ਼ਤਾਂ ਵਿਚ 50 ਲੱਖ ਰੁਪਏ ਨਿਵੇਸ਼ ਕੀਤੇ ਸਨ। ਉਸ ਨੇ ਕਿਹਾ ਕਿ ਕਈ ਤਾਂ ਆਪਣੀ ਉਮਰ ਭਰ ਦੀ ਕਮਾਈ ਗੁਆ ਚੁੱਕੇ ਹਨ।
ਭੰਗੂ ਆਪਣੇ ਜਵਾਨੀ ਦੇ ਦਿਨਾਂ ਦੌਰਾਨ ਚਮਕੌਰ ਸਾਹਿਬ ਨੇੜੇ ਘਰਾਂ ਵਿਚ ਦੁੱਧ ਪਾਉਂਦਾ ਸੀ। 1970ਵਿਆਂ ਦੇ ਅਖੀਰ ਵਿਚ ਉਹ ਕੋਲਕਾਤਾ ਗਿਆ, ਜਿੱਥੇ ਉਸ ਨੇ ਪਹਿਲਾਂ ਪੀਅਰਲੈੱਸ ਚਿੱਟ ਫੰਡ ਕੰਪਨੀ ਵਿਚ ਕੰਮ ਕੀਤਾ ਤੇ ਮਗਰੋਂ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਤੋਂ ਚਿੱਟ ਫੰਡ ਕਾਰੋਬਾਰ ਦੀਆਂ ਬਾਰੀਕੀਆਂ ਸਿੱਖੀਆਂ। ਭੰਗੂ ਨੇ 1980 ਵਿਚ ਪਰਲਜ਼ ਗੋਲਡਨ ਫੋਰੈਸਟ ਲਿਮਟਿਡ ਬਣਾਈ, ਜਿਸ ਨੇ ਨਿਵੇਸ਼ ਬਦਲੇ ਮੋਟੇ ਮੁਨਾਫੇ ਦਾ ਵਾਅਦਾ ਕੀਤਾ।
ਨਿਰਮਲ ਭੰਗੂ ਦੀ ਧੀ ਨੇ ਹਰ ਨਿਵੇਸ਼ਕ ਦਾ ਪੈਸਾ ਮੋੜਨ ਦਾ ਵਾਅਦਾ ਕੀਤਾ
5.5 ਕਰੋੜ ਨਿਵੇਸ਼ਕਾਂ ਨਾਲ 45,000 ਕਰੋੜ (ਨਿਵੇਸ਼ਕਾਂ ਅਨੁਸਾਰ 60,000 ਕਰੋੜ) ਤੋਂ ਵੱਧ ਦੀ ਧੋਖਾਧੜੀ ਕਰਨ ਵਾਲੇ ਪਰਲ ਗਰੁੱਪ ਆਫ਼ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਭੰਗੂ ਦੀ ਮੌਤ ਤੋਂ ਬਾਅਦ ਉਸ ਦੀ ਧੀ ਨੇ ਜਨਤਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਵਾਅਦਾ ਕੀਤਾ ਗਿਆ ਹੈ ਕਿ ਉਹ ਹਰ ਨਿਵੇਸ਼ਕ ਦਾ ਪੈਸਾ ਮੋੜੇਗੀ।

Check Also

ਚੰਡੀਗੜ੍ਹ ਗਰਨੇਡ ਹਮਲੇ ਦਾ ਪੰਜ ਲੱਖ ਰੁਪਏ ’ਚ ਹੋਇਆ ਸੀ ਸੌਦਾ

ਬਲਾਸਟ ਤੋਂ ਬਾਅਦ ਜੰਮੂ ਭੱਜਣ ਵਾਲੇ ਸਨ ਹਮਲਾਵਰ, ਪਾਕਿਸਤਾਨ ਆਏ ਸਨ ਹਥਿਆਰ ਚੰਡੀਗੜ੍ਹ/ਬਿਊਰੋ ਨਿਊਜ਼ : …