Breaking News
Home / ਭਾਰਤ / ਮੋਦੀ ਨੂੰ ਮਿਲਿਆ ‘ਫਿਲਿਪ ਕੋਟਲਰ’ ਸਨਮਾਨ

ਮੋਦੀ ਨੂੰ ਮਿਲਿਆ ‘ਫਿਲਿਪ ਕੋਟਲਰ’ ਸਨਮਾਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਪਹਿਲਾ ਫਿਲਿਪ ਕੋਟਲਰ ਰਾਸ਼ਟਰਪਤੀ ਸਨਮਾਨ ਹਾਸਲ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਇਹ ਸਨਮਾਨ ‘ਲੋਕਾਈ, ਮੁਨਾਫ਼ੇ ਤੇ ਧਰਤੀ’ ਦੇ ਭਲੇ ਲਈ ਉੱਤਮ ਕੰਮ ਕਰਨ ਵਾਲੇ ਆਗੂ ਨੂੰ ਦਿੱਤਾ ਜਾਵੇਗਾ।ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨ ਦੇਣ ਵੇਲੇ ਉਨ੍ਹਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਨੂੰ ਲਾਮਿਸਾਲ ਦੱਸਿਆ ਗਿਆ ਹੈ ਤੇ ਕੰਮ ਪ੍ਰਤੀ ਲਗਨ ਨੂੰ ਵੀ ਸਨਮਾਨ ਦੇਣ ਦਾ ਇਕ ਅਹਿਮ ਪਹਿਲੂ ਗਰਦਾਨਿਆ ਹੈ। ਆਧਾਰ, ਡਿਜੀਟਲ ਇੰਡੀਆ, ਮੇਕ ਇਨ ਇੰਡੀਆ ਤੇ ਸਵੱਛ ਭਾਰਤ ਜਿਹੇ ਉੱਦਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਫਿਲਿਪ ਕੋਟਲਰ ਨਾਰਥਵੈਸਟਰਨ ਯੂਨੀਵਰਸਿਟੀ ਵਿਚ ਮਾਰਕੀਟਿੰਗ ਦੇ ਪ੍ਰੋਫੈਸਰ ਹਨ।

ਜਨਰਲ ਵਰਗ ਲਈ ਰਾਖਵਾਂਕਰਨ ਲਾਗੂ ਕਰਨ ਵਾਲਾ ਗੁਜਰਾਤ ਬਣਿਆ ਪਹਿਲਾ ਸੂਬਾ
ਅਹਿਮਦਾਬਾਦ/ਬਿਊਰੋ ਨਿਊਜ਼ : ਗੁਜਰਾਤ ਸਰਕਾਰ ਨੇ ਰਾਜ ਵਿਚ ਜਨਰਲ ਵਰਗ ਦੇ ਆਰਥਿਕ ਤੌਰ ‘ਤੇ ਪੱਛੜੇ ਤਬਕਿਆਂ ਲਈ ਨੌਕਰੀਆਂ ਤੇ ਸਿੱਖਿਆ ਵਿਚ ਦਸ ਫ਼ੀਸਦ ਰਾਖਵਾਂਕਰਨ ਲਾਗੂ ਕਰ ਦਿੱਤਾ ਹੈ। ਇਸ ਤਰ੍ਹਾਂ ਗੁਜਰਾਤ ਇਹ ਨਵਾਂ ਕੋਟਾ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਰਾਜ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਇਕ ਟਵੀਟ ਵਿਚ ਦੱਸਿਆ ”ਇਹ ਦੱਸਣ ਵਿਚ ਖੁਸ਼ੀ ਹੋ ਰਹੀ ਹੈ ਕਿ ਗੁਜਰਾਤ ਸਰਕਾਰ ਨੇ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਲਈ 10 ਫ਼ੀਸਦ ਰਾਖਵਾਂਕਰਨ 14 ਜਨਵਰੀ 2019 ਤੋਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਭਰਤੀ ਦੀ ਚੱਲ ਰਹੀ ਪ੍ਰਕਿਰਿਆ ਵਿਚ ਲਾਗੂ ਕੀਤਾ ਜਾਵੇਗਾ ਜਿੱਥੇ ਮਹਿਜ਼ ਇਕ ਇਸ਼ਤਿਹਾਰ ਹੀ ਪ੍ਰਕਾਸ਼ਤ ਹੋਇਆ ਹੈ ਪਰ ਆਖਰੀ ਪ੍ਰੀਖਿਆ ਅਜੇ ਹੋਣੀ ਹੈ।” ਇਸ ਦੌਰਾਨ, ਇਕ ਸਰਕਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਵਿਚ ਆਮ ਵਰਗਾਂ ਦੇ ਗਰੀਬਾਂ ਨੂੰ ਦਸ ਫੀਸਦ ਰਾਖਵਾਂਕਰਨ ਦੇਣ ਬਾਰੇ ਸੰਵਿਧਾਨਕ ਸੋਧ ਬਿੱਲ ਅਮਲ ਵਿਚ ਆ ਗਈ ਹੈ। ਸੰਵਿਧਾਨਕ ਸੋਧ ਬਿੱਲ, 2019 ਨੂੰ ਸ਼ਨਿਚਰਵਾਰ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲ ਗਈ ਸੀ। ਇਸ ਤਹਿਤ ਸੰਵਿਧਾਨ ਦੀ ਧਾਰਾ 15 ਅਤੇ 16 ਵਿਚ ਇਕ ਨਵੀਂ ਧਾਰਾ ਸ਼ਾਮਲ ਕੀਤੀ ਗਈ ਹੈ ਜਿਸ ਤਹਿਤ ਨਾਗਰਿਕਾਂ ਦੇ ਆਰਥਿਕ ਤੌਰ ‘ਤੇ ਕਿਸੇ ਵੀ ਤਬਕੇ ਦੇ ਉਥਾਨ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਇਸ ਸਬੰਧੀ ਪਾਰਲੀਮੈਂਟ ਨੇ ਲੰਘੀ 9 ਜਨਵਰੀ ਨੂੰ ਬਿੱਲ ਪਾਸ ਕੀਤਾ ਸੀ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …