ਕਾਂਗਰਸੀ ਆਗੂ ਨੇ ਹਿੰਦੂਤਵ ਦੀ ਤੁਲਨਾ ਆਈਐਸ ਆਈਐਸ ਨਾਲ ਕੀਤੀ
ਨਵੀਂ ਦਿੱਲੀ : ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਦੀ ਕਿਤਾਬ ‘ਸਨਰਾਈਜ਼ ਓਵਰ ਅਯੁੱਧਿਆ’ ‘ਤੇ ਵਿਵਾਦ ਛਿੜ ਗਿਆ ਹੈ। ਇਸ ਕਿਤਾਬ ਵਿਚ ਖੁਰਸ਼ੀਦ ਨੇ ਹਿੰਦੂਤਵ ਦੀ ਤੁਲਨਾ ਅੱਤਵਾਦੀ ਸੰਗਠਨ ਆਈ ਐਸ ਆਈ ਐਸ ਅਤੇ ਬੋਕੋ ਹਰਮ ਨਾਲ ਕੀਤੀ ਹੈ। ਖੁਰਸ਼ੀਦ ਦੀ ਇਹ ਇਹ ਕਿਤਾਬ ਲੰਘੇ ਬੁੱਧਵਾਰ ਨੂੰ ਰਿਲੀਜ਼ ਹੋਈ ਅਤੇ 24 ਘੰਟਿਆਂ ਦੇ ਅੰਦਰ ਹੀ ਉਨ੍ਹਾਂ ਖਿਲਾਫ ਦਿੱਲੀ ਪੁਲਿਸ ‘ਚ ਸ਼ਿਕਾਇਤ ਦਰਜ ਹੋ ਗਈ। ਇਸ ਮਾਮਲੇ ‘ਚ ਵਿਵੇਕ ਗਰਗ ਨਾਮੀ ਵਕੀਲ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਕੇਸ ਦਰਜ ਕਰਨ ਦੀ ਅਪੀਲ ਕੀਤੀ। ਖੁਰਸ਼ੀਦ ‘ਤੇ ਆਰੋਪ ਹੈ ਕਿ ਉਨ੍ਹਾਂ ਨੇ ਹਿੰਦੂਤਵ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਥੇ ਹੀ ਇਸ ਕਿਤਾਬ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਗੌਰਵ ਭਾਟੀਆ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਸਲਮਾਨ ਖੁਰਸ਼ੀਦ ਜਾਂ ਕਾਂਗਰਸ ਦੇ ਕੁੱਝ ਆਗੂਆਂ ਦੀ ਲਾਈਨ ਨਹੀਂ ਬਲਕਿ ਪੂਰੀ ਕਾਂਗਰਸ ਪਾਰਟੀ ਦੀ ਇਹ ਵਿਚਾਰਧਾਰਾ ਹੈ। ਭਾਟੀਆ ਨੇ ਕਿਹਾ ਕਿ ਜੇਕਰ ਸੋਨੀਆ ਗਾਂਧੀ ਹਿੰਦੂਆਂ ਦਾ ਸਨਮਾਨ ਕਰਦੀ ਹੈ ਤਾਂ ਉਨ੍ਹਾਂ ਨੂੰ ਇਸ ਮਾਮਲੇ ‘ਤੇ ਚੁੱਪੀ ਤੋੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਚੁੱਪ ਰਹਿੰਦੇ ਹੋ ਤਾਂ ਇਸ ਤੋਂ ਸਾਫ਼ ਹੋ ਜਾਵੇਗਾ ਕਿ ਕਾਂਗਰਸ ਦੀ ਵਿਚਾਰਧਾਰਾ ਹੀ ਹਿੰਦੂਆਂ ਨਾਲ ਨਫ਼ਰਤ ਕਰਨਾ ਹੈ।