ਬਿਹਾਰ ’ਚ ਸਭ ਤੋਂ ਜ਼ਿਆਦਾ ਅਬਾਦੀ ਬਹੁਤ ਜ਼ਿਆਦਾ ਪਛੜੇ ਪਰਿਵਾਰਾਂ ਦੀ

ਪਟਨਾ/ਬਿਊਰੋ ਨਿਊਜ਼ : ਬਿਹਾਰ ਦੀ ਨੀਤਿਸ਼ ਕੁਮਾਰ ਸਰਕਾਰ ਨੇ ਅੱਜ ਜਾਤੀ ਜਨਗਣਨਾ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਮੁੱਖ ਸਕੱਤਰ ਸਚਿਵ ਵਿਵੇਕ ਕੁਮਾਰ ਸਿੰਘ ਵੱਲੋਂ ਇਸ ਸਬੰਧੀ ਇਕ ਕਿਤਾਬ ਜਾਰੀ ਕੀਤੀ ਗਈ ਹੈ ਅਤੇ ਉਨ੍ਹਾਂ ਕਿਹਾ ਕਿ ਬਿਹਾਰ ’ਚ 2 ਕਰੋੜ 83 ਲੱਖ 44 ਹਜ਼ਾਰ 160 ਪਰਿਵਾਰ ਰਹਿੰਦੇ ਹਨ। ਜਦਕਿ ਬਿਹਾਰ ਦੀ ਕੁੱਲ ਅਬਾਦੀ 13 ਕਰੋੜ 7 ਲੱਖ 25 ਹਜ਼ਾਰ 310 ਦੱਸੀ ਗਈ ਹੈ। ਜਾਰੀ ਅੰਕੜਿਆਂ ਅਨੁਸਾਰ ਬਿਹਾਰ ’ਚ 36 ਫੀਸਦੀ ਲੋਕ ਬਹੁਤ ਜ਼ਿਆਦਾ ਪਛੜੇ ਵਰਗ ਨਾਲ ਸਬੰਧਤ ਹਨ ਜਦਕਿ 27 ਫੀਸਦੀ ਲੋਕ ਪਿਛੜੇ ਵਰਗ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 19 ਫੀਸਦੀ ਅਨੁਸੂਚਿਤ ਜਾਤੀ ਅਤੇ 1.68 ਫੀਸਦੀ ਜਨਜਾਤੀ ਦੀ ਗਿਣਤੀ ਦੱਸੀ ਗਈ ਹੈ। ਜਦਕਿ ਬਿਹਾਰ ’ਚ 15.52 ਫੀਸਦੀ ਆਬਾਦੀ ਸਾਧਾਰਨ ਪਰਿਵਾਰਾਂ ਦੀ ਹੈ, 2.86 ਫੀਸਦੀ ਖੇਤੀ ਨਾਲ ਸਬੰਧਤ ਹਨ , ਬ੍ਰਾਹਮਣ 3.66 ਫੀਸਦੀ, ਕੁਰਮੀ 2.87 ਫੀਸਦੀ, ਯਾਦਵ 14 ਫੀਸਦੀ ਅਤੇ 3.45 ਫੀਸਦੀ ਰਾਜਪੂਤਾਂ ਦੀ ਅਬਾਦੀ ਦੱਸੀ ਗਈ ਹੈ। ਇਸ ਤੋਂ ਇਲਾਵਾ ਬਿਹਾਰ ਵਿਚ ਵਿਚ ਧਰਮ ਦੇ ਅਧਾਰ ’ਤੇ 82. 99 ਹਿੰਦੂ ਧਰਮ ਨਾਲ ਸਬੰਧਤ ਪਰਿਵਾਰ ਹਨ ਜਦਕਿ 17.7 ਫੀਸਦੀ ਅਬਾਦੀ ਮੁਸਲਿਮ ਧਰਮ ਨਾਲ ਸਬੰਧਤ ਦੱਸੀ ਗਈ ਹੈ। ਲੰਘੀ 7 ਜਨਵਰੀ ਤੋਂ ਬਿਹਾਰ ’ਚ ਜਨਗਣਨਾ ਦਾ ਪਹਿਲਾ ਚਰਨ ਸ਼ੁਰੂ ਹੋਇਆ ਸੀ ਜਦਕਿ ਦੂਸਰਾ ਚਰਨ 15 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ ਅਤੇ ਇਸ ਨੂੰ 15 ਮਈ ਤੱਕ ਪੂਰਾ ਕੀਤਾ ਜਾਣਾ ਸੀ ਪ੍ਰੰਤੂ ਇਸੇ ਦੌਰਾਨ ਪਟਨਾ ਹਾਈ ਕੋਰਟ ਨੇ ਜਾਤੀ ਜਨਗਣਨਾ ’ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਪਟਨਾ ਹਾਈ ਕੋਰਟ ਨੇ 1 ਅਗਸਤ ਨੂੰ ਜਾਤੀ ਜਨਗਣਨਾ ਖਿਲਾਫ ਦਾਖਲ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਸਰਕਾਰ ਚਾਹੇ ਤਾਂ ਜਾਤੀ ਜਨਗਣਨਾ ਕਰਵਾ ਸਕਦੀ ਹੈ। ਇਸ ਤੋਂ ਤੁਰੰਤ ਬਾਅਦ ਨੀਤਿਸ਼ ਕੁਮਾਰ ਸਰਕਾਰ ਨੇ ਜਾਤੀ ਜਨਗਣਨਾ ਨੂੰ ਪੂਰਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ।