ਆਪਣੀ-ਆਪਣੀ ਟੀਮ ਦੇ ਖਿਡਾਰੀਆਂ ਨਾਲ ਕੀਤੀ ਮੁਲਾਕਾਤ, ਸਟੇਡੀਅਮ ਦਾ ਚੱਕਰ ਵੀ ਲਗਾਇਆ
ਅਹਿਮਦਾਬਾਦ/ਬਿਊਰੋ ਨਿਊਜ਼ : ਭਾਰਤ ਅਤੇ ਆਸਟਰੇਲੀਆ ਦਰਮਿਆਨ ਖੇਡੀ ਜਾ ਰਹੀ ਬਾਰਡਰ-ਗਵਾਸਕਰ ਟਰਾਫੀ ਦੇ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੀ ਸ਼ੁਰੂਆਤ ਅੱਜ ਉਸ ਸਮੇਂ ਇਤਿਹਾਸਕ ਬਣ ਗਈ। ਜਦੋਂ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਮੈਚ ਦੇਖਣ ਲਈ ਅਹਿਮਦਾਬਾਦ ਸਥਿਤ ਨਰਿੰਦਰ ਮੋਦੀ ਸਟੇਡੀਅਮ ਵਿਖੇ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ ਦੀ ਅਗਵਾਈ ਕੀਤੀ ਅਤੇ ਦੋਵੇਂ ਇਕੱਠੇ ਮੈਦਾਨ ਵਿਚ ਪਹੁੰਚੇ। ਦੋਵਾਂ ਨੇ ਪਹਿਲਾਂ ਆਪਣੇ ਆਪਣੇ ਦੇਸ਼ਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਮੋਦੀ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਅਤੇ ਐਲਬਨੀਜ਼ ਨੇ ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੂੰ ਕੈਪ ਪਹਿਨਾਈ। ਇਸ ਤੋਂ ਬਾਅਦ ਦੋਵੇਂ ਪ੍ਰਧਾਨ ਮੰਤਰੀਆਂ ਨੇ ਦੋਵੇਂ ਟੀਮਾਂ ਦੇ ਕਪਤਾਨਾਂ ਨਾਲ ਇਤਿਹਾਸਕ ਫੋਟੋ ਵੀ ਕਰਵਾਈ ਅਤੇ ਫਿਰ ਮੋਦੀ ਅਤੇ ਐਲਬਨੀਜ ਨੇ ਗੋਲਫ ਕਾਰ ’ਤੇ ਸਵਾਰ ਹੋ ਕੇ ਪੂਰੇ ਮੈਦਾਨ ਦਾ ਚੱਕਰ ਵੀ ਲਗਾਇਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗੀਤ ਸਮੇਂ ਦੋਵੇਂ ਪ੍ਰਧਾਨ ਮੰਤਰੀ ਆਪਣੀ-ਆਪਣੀ ਟੀਮ ਨਾਲ ਖੜ੍ਹੇ ਨਜ਼ਰ ਆਏ। ਰਾਸ਼ਟਰੀ ਗੀਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਲਬਨੀਜ਼ ਦੇ ਨਾਲ ਸਟੈਂਡ ’ਚ ਵਾਪਸ ਚਲੇ ਗਏ ਜਿੱਥੇ ਉਨ੍ਹਾਂ ਬੈਠ ਕੇ ਅੱਧੇ ਘੰਟੇ ਤੱਕ ਮੈਚ ਦੇਖਿਆ।