ਸੁਪਰੀਮ ਕੋਰਟ ਨੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਕੀਤੀ ਹਦਾਇਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਖਨੌਰੀ ਸਰਹੱਦ ‘ਤੇ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਾਈਵੇਅ ਨਾ ਰੋਕਣ ਲਈ ਮਨਾਉਣ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਨਾ ਹੋਵੇ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਉੱਜਲ ਭੂਈਆਂ ਦੇ ਬੈਂਚ ਨੇ ਡੱਲੇਵਾਲ ਵੱਲੋਂ ਦਾਇਰ ਹੈਬੀਅਸ ਕੋਰਪਸ ਪਟੀਸ਼ਨ ਰੱਦ ਕਰ ਦਿੱਤੀ।
ਚੇਤੇ ਰਹੇ ਕਿ ਡੱਲੇਵਾਲ ਨੂੰ 26 ਨਵੰਬਰ ਨੂੰ ਪੰਜਾਬ-ਹਰਿਆਣਾ ਸਰਹੱਦ ਉੱਤੇ ਖਨੌਰੀ ਵਿਚ ਪ੍ਰਦਰਸ਼ਨ ਵਾਲੀ ਥਾਂ ਉਪਰ ਮਰਨ ਵਰਤ ‘ਤੇ ਬੈਠਣ ਤੋਂ ਪਹਿਲਾਂ ਪੁਲਿਸ ਨੇ ਉਨ੍ਹਾਂ ਨੂੰ ਚੁੱਕ ਲਿਆ ਸੀ। ਬੈਂਚ ਨੇ ਕਿਹਾ, ”ਅਸੀਂ ਦੇਖਿਆ ਹੈ ਕਿ ਡੱਲੇਵਾਲ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਕਿਸਾਨ ਆਗੂ ਨੇ ਪਿਛਲੇ ਦਿਨੀਂ ਆਪਣੇ ਇੱਕ ਸਾਥੀ ਪ੍ਰਦਰਸ਼ਨਕਾਰੀ ਨੂੰ ਮਰਨ ਵਰਤ ਖਤਮ ਕਰਨ ਲਈ ਮਨਾ ਲਿਆ ਸੀ।” ਉਂਜ ਬੈਂਚ ਨੇ ਕਿਹਾ ਕਿ ਕਿਸਾਨਾਂ ਵੱਲੋਂ ਉਠਾਏ ਗਏ ਮੁੱਦੇ ਅਦਾਲਤ ਦੇ ਧਿਆਨ ‘ਚ ਹਨ ਅਤੇ ਇਹ ਵਿਚਾਰ ਅਧੀਨ ਮਾਮਲਾ ਹੈ। ਬੈਂਚ ਨੇ ਡੱਲੇਵਾਲ ਵੱਲੋਂ ਪੇਸ਼ ਵਕੀਲ ਗੁਨਿੰਦਰ ਕੌਰ ਗਿੱਲ ਨੂੰ ਕਿਹਾ, ”ਜਮਹੂਰੀ ਪ੍ਰਬੰਧ ਵਿਚ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਸਕਦੇ ਹੋ ਪਰ ਇਸ ਨਾਲ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਨਾ ਹੋਵੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਖਨੌਰੀ ਬਾਰਡਰ ਪੰਜਾਬ ਲਈ ਜੀਵਨ ਰੇਖਾ ਹੈ। ਅਸੀਂ ਇਸ ਰੋਸ ਪ੍ਰਦਰਸ਼ਨ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਟਿੱਪਣੀ ਨਹੀਂ ਕਰ ਰਹੇ ਹਾਂ।” ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਡੱਲੇਵਾਲ ਪ੍ਰਦਰਸ਼ਨਕਾਰੀਆਂ ਨੂੰ ਕਾਨੂੰਨ ਤਹਿਤ ਅਤੇ ਲੋਕਾਂ ਨੂੰ ਕੋਈ ਅਸੁਵਿਧਾ ਪੈਦਾ ਕੀਤੇ ਬਿਨਾਂ ਸ਼ਾਂਤਮਈ ਪ੍ਰਦਰਸ਼ਨਾਂ ਲਈ ਰਾਜ਼ੀ ਕਰ ਸਕਦੇ ਹਨ। ਬੈਂਚ ਨੇ ਕਿਹਾ ਕਿ ਇਸ ਪੜਾਅ ਉੱਤੇ ਡੱਲੇਵਾਲ ਦੀ ਪਟੀਸ਼ਨ ਉਪਰ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ ਪਰ ਉਹ ਬਾਅਦ ਵਿਚ ਅਦਾਲਤ ਤੱਕ ਪਹੁੰਚ ਕਰ ਸਕਦੇ ਹਨ।