ਸ਼੍ਰੇਅਸ ਅਈਅਰ ਨੇ ਬਣਾਈਆਂ 79 ਦੌੜਾਂ
ਦੁਬਈ/ਬਿਊਰੋ ਨਿਊਜ਼ : ਚੈਂਪੀਅਨਜ਼ ਟਰਾਫੀ ਵਿਚ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਇਕ ਰੋਜ਼ਾ ਕਿ੍ਰਕਟ ਮੈਚ ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਪੰਜਾਹ ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ਨਾਲ 249 ਦੌੜਾਂ ਬਣਾਈਆਂ। ਭਾਰਤ ਵੱਲੋਂ ਹਾਰਦਿਕ ਪਾਂਡਿਆਂ ਨੇ ਮੈਚ ਦੇ ਆਖਰੀ ਓਵਰ ਵਿਚ ਛੱਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੈਚ ਆਊਟ ਹੋ ਗਿਆ। ਭਾਰਤ ਵਲੋਂ ਸਭ ਤੋਂ ਵੱਧ ਦੌੜਾਂ ਸ਼੍ਰੇਅਸ ਅਈਅਰ ਨੇ 79 ਬਣਾਈਆਂ। ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਨੇ 45 ਤੇ ਅਕਸ਼ਰ ਪਟੇਲ ਨੇ 42 ਦੌੜਾਂ ਦਾ ਯੋਗਦਾਨ ਪਾਇਆ। ਮੈਚ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ ਨੇ ਪਹਿਲਾਂ ਸ਼ੁਭਮਨ ਗਿੱਲ ਤੇ ਬਾਅਦ ਵਿਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਆਊਟ ਕਰ ਦਿੱਤਾ। ਰੋਹਿਤ ਨੂੰ ਜੈਮੀਸਨ ਨੇ ਵਿਲ ਯੰਗ ਹੱਥੋਂ ਕੈਚ ਆਊਟ ਕਰਵਾਇਆ। ਰੋਹਿਤ ਨੇ 15 ਦੌੜਾਂ ਬਣਾਈਆਂ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ ਪਰ ਉਹ ਵੀ ਜ਼ਿਆਦਾ ਸਮਾਂ ਟਿਕ ਨਾ ਸਕਿਆ ਤੇ ਉਸ ਦਾ ਮੈਟ ਹੈਨਰੀ ਦੀ ਗੇਂਦ ’ਤੇ ਗਲੈਨ ਫਿਲਿਪ ਨੇ ਸ਼ਾਨਦਾਰ ਕੈਚ ਲਿਆ। ਕੋਹਲੀ ਨੇ 14 ਗੇਂਦਾਂ ਵਿਚ 11 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ੀ ਵਧੀਆ ਪ੍ਰਦਰਸ਼ਨ ਨਾ ਕਰ ਸਕੇ ਤੇ ਪੈਵੇਲੀਅਨ ਪਰਤ ਗਏ। ਭਾਰਤ ਦੀਆਂ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਸ਼੍ਰੇਅਸ ਅਈਅਰ ਤੇ ਅਕਸ਼ਰ ਪਟੇਲ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਤੇ ਟਿਕ ਕੇ ਖੇਡਦਿਆਂ ਭਾਰਤ ਦੀਆਂ ਸੌ ਦੌੜਾਂ ਪੂਰੀਆਂ ਕੀਤੀਆਂ। ਸ਼੍ਰੇਅਸ ਨੇ 66 ਗੇਂਦਾਂ ਵਿਚ 44 ਦੌੜਾਂ ਬਣਾ ਲਈਆਂ ਹਨ ਜਦਕਿ ਅਕਸ਼ਰ ਨੇ 48 ਗੇਂਦਾਂ ਵਿਚ 27 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਕਸ਼ਰ 42 ਦੌੜਾਂ ਬਣਾ ਕੇ ਆਊਟ ਹੋਇਆ। ਭਾਰਤ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਇਸ ਤੋਂ ਬਾਅਦ ਸ਼੍ਰੇਅਸ 79 ਦੌੜਾਂ ਬਣਾ ਕੇ ਆਊਟ ਹੋਇਆ। ਇਸ ਤੋਂ ਬਾਅਦ ਕੇ ਐਲ ਰਾਹੁਲ 23 ਤੇ ਰਵਿੰਦਰ ਜਡੇਜਾ 16 ਦੌੜਾਂ ਬਣਾ ਕੇ ਆਊਟ ਹੋਏ।