ਰਾਮਪੁਰ ਨੇੜੇ ਬੱਸ ਸਤਲੁਜ ਨਦੀ ‘ਚ ਡਿੱਗੀ, 28 ਵਿਅਕਤੀਆਂ ਦੀ ਮੌਤ
ਹਿਮਾਚਲ/ਬਿਊਰੋ ਨਿਊਜ਼
ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਕੋਲ ਇਕ ਦਰਦਨਾਕ ਹਾਦਸਾ ਹੋਇਆ ਹੈ, ਜਿੱਥੇ ਇਕ ਪ੍ਰਾਈਵੇਟ ਬੱਸ ਦੇ ਸਤਲੁਜ ਨਦੀ ਵਿਚ ਡਿੱਗਣ ਨਾਲ 28 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਵਿਅਕਤੀ ਜ਼ਖਮੀ ਹੋਏ ਹਨ। ਬੱਸ ਵਿਚ 37 ਵਿਅਕਤੀ ਸਵਾਰ ਸਨ। ਇਹ ਬੱਸ ਕਿੰਨੌਰ ਜ਼ਿਲ੍ਹੇ ਦੇ ਰਿਕਾਂਗਪੀਓ ਤੋਂ ਰਾਮਪੁਰ ਹੁੰਦੇ ਹੋਏ ਸੋਲਨ ਵੱਲ ਆ ਰਹੀ ਸੀ। ਬੱਸ ਵਿਚ ਇਕ ਪੁਲਸ ਕਰਮਚਾਰੀ ਵੀ ਸਵਾਰ ਸੀ, ਜਿਸਦੀ ਇਸ ਹਾਦਸੇ ਵਿਚ ਜਾਨ ਬਚੀ ਹੈ, ਉਸ ਨੇ ਪਹਿਲਾਂ ਜ਼ਖਮੀਆਂ ਨੂੰ ਸੜਕ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਉਸ ਨੇ ਕਿਸੇ ਤਰ੍ਹਾਂ ਸੜਕ ‘ਤੇ ਪਹੁੰਚ ਕੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਇਸ ਦਰਦਨਾਕ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

