Breaking News
Home / ਭਾਰਤ / ਅਜੈ ਮਿਸ਼ਰਾ ਟੇਨੀ ਨੇ ਟਿਕੈਤ ਨੂੰ ਦੱਸਿਆ ‘ਦੋ ਕੌੜੀ ਕਾ ਆਦਮੀ’

ਅਜੈ ਮਿਸ਼ਰਾ ਟੇਨੀ ਨੇ ਟਿਕੈਤ ਨੂੰ ਦੱਸਿਆ ‘ਦੋ ਕੌੜੀ ਕਾ ਆਦਮੀ’

ਲਖੀਮਪੁਰ ਖੀਰੀ ਹਿੰਸਾ ਕੇਸ ‘ਚ ਇਕ ਸਾਲ ਤੋਂ ਜੇਲ੍ਹ ‘ਚ ਹੈ ਮੰਤਰੀ ਦਾ ਪੁੱਤਰ
ਲਖੀਮਪੁਰ ਖੀਰੀ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਟੇਨੀ, ਜਿਨ੍ਹਾਂ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਆਪਣੇ ਪੁੱਤਰ ਦੀ ਭੂਮਿਕਾ ਕਰ ਕੇ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ‘ਦੋ ਕੌੜੀ ਕਾ ਆਦਮੀ’ ਦੱਸਿਆ। ਉਸ ਦੀ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਆਪਣੇ ‘ਤੇ ਲੱਗੇ ਸਾਰੇ ਆਰੋਪਾਂ ਨੂੰ ਨਕਾਰ ਰਿਹਾ ਹੈ। ਗ੍ਰਹਿ ਰਾਜ ਮੰਤਰੀ ਮਿਸ਼ਰਾ ਨੇ ਕਿਹਾ, ‘ਮੰਨ ਲਓ ਕਿ ਮੈਂ ਚੰਗੀ ਰਫ਼ਤਾਰ ਉਤੇ ਕਾਰ ਵਿਚ ਲਖਨਊ ਜਾ ਰਿਹਾ ਹਾਂ, ਰਾਹ ਵਿਚ ਕੁੱਤੇ ਭੌਂਕਦੇ ਹਨ ਤੇ ਗੱਡੀ ਦਾ ਪਿੱਛਾ ਕਰਦੇ ਹਨ, ਇਹ ਉਨ੍ਹਾਂ ਦਾ ਸੁਭਾਅ ਹੈ, ਮੈਂ ਉਸ ਬਾਰੇ ਕੁਝ ਨਹੀਂ ਕਹਾਂਗਾ ਕਿਉਂਕਿ ਸਾਡਾ ਸੁਭਾਅ ਅਜਿਹਾ ਨਹੀਂ ਹੈ। ਜਦ ਚੀਜ਼ਾਂ ਸਾਹਮਣੇ ਆਉਣਗੀਆਂ, ਮੈਂ ਸਾਰਿਆਂ ਨੂੰ ਜਵਾਬ ਦੇਵਾਂਗਾ। ਮੈਨੂੰ ਤੁਹਾਡੇ ਤੋਂ ਸਮਰਥਨ ਮਿਲਦੇ ਰਹਿਣ ਦਾ ਪੂਰਾ ਭਰੋਸਾ ਹੈ।’ ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਅਕਤੂਬਰ ਨੂੰ ਇੱਥੋਂ ਨੇੜਲੇ ਤਿਕੁਨੀਆ ਪਿੰਡ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਇਕ ਗੱਡੀ ਆਣ ਚੜ੍ਹੀ ਸੀ, ਜਿਸ ਦੌਰਾਨ ਚਾਰ ਕਿਸਾਨਾਂ ਦੀ ਜਾਨ ਚਲੇ ਗਈ ਸੀ ਅਤੇ ਇਸ ਤੋਂ ਹੋਈ ਹਿੰਸਾ ਦੌਰਾਨ ਚਾਰ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਕੇਸ ਵਿਚ ਮੰਤਰੀ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਮੁੱਖ ਮੁਲਜ਼ਮ ਹੈ।
ਅਜੈ ਮਿਸ਼ਰਾ ਨੂੰ ਸੱਤਾ ਦਾ ਹੰਕਾਰ : ਰੁਲਦੂ ਸਿੰਘ
ਮਾਨਸਾ : ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਵੱਲੋਂ ਕਿਸਾਨਾਂ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਬਾਰੇ ਦਿੱਤੇ ਗਏ ਬਿਆਨ ਦੀ ਨਿਖੇਧੀ ਕਰਦਿਆਂ ਇਸ ਨੂੰ ਸੱਤਾ ਦਾ ਹੰਕਾਰ ਦੱਸਿਆ ਹੈ। ਉਹ ਇਥੇ ਜਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਜੈ ਮਿਸ਼ਰਾ ਨੂੰ ਕੇਂਦਰੀ ਵਜ਼ਾਰਤ ‘ਚੋਂ ਹਟਾ ਕੇ ਜੇਲ੍ਹ ਵਿੱਚ ਬੰਦ ਕਰਨਾ ਚਾਹੀਦਾ ਹੈ ਤੇ ਜਿੰਨਾ ਚਿਰ ਤੱਕ ਉਸ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ, ਸੰਯੁਕਤ ਕਿਸਾਨ ਮੋਰਚੇ ਦਾ ਸੰਘਰਸ਼ ਜਾਰੀ ਰਹੇਗਾ। ਇਸ ਮਗਰੋਂ ਜਥੇਬੰਦੀ ਦੀ ਮੈਂਬਰਸ਼ਿਪ ਮੁਤਾਬਕ ਪੰਜਾਬ ਤੋਂ ਪਟਨਾ ਇਜਲਾਸ ਲਈ 40 ਡੈਲੀਗੇਟ ਚੁਣੇ ਗਏ।
ਮਿਸ਼ਰਾ ਦੇ ਬਿਆਨਾਂ ਨਾਲ ਜਾਂਚ ‘ਤੇ ਪੈ ਸਕਦੈ ਅਸਰ : ਟਿਕੈਤ
ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੀਆਂ ਟਿੱਪਣੀਆਂ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ‘ਉਸ ਦਾ ਗੁੱਸੇ ਹੋਣਾ ਸੁਭਾਵਿਕ ਹੈ ਕਿਉਂਕਿ ਉਸ ਦਾ ਪੁੱਤਰ ਪਿਛਲੇ ਇਕ ਸਾਲ ਤੋਂ ਜੇਲ੍ਹ ਵਿਚ ਹੈ।’ ਦੱਸਣਯੋਗ ਹੈ ਕਿ ਮਿਸ਼ਰਾ ਵਿਵਾਦਤ ਬਿਆਨਬਾਜ਼ੀ ਲਈ ਜਾਣਿਆ ਜਾਂਦਾ ਹੈ। ਵੀਡੀਓ ਵਾਲੇ ਭਾਸ਼ਣ ਵਿਚ ਮਿਸ਼ਰਾ ਸਫ਼ਾਈ ਦਿੰਦਾ ਵੀ ਨਜ਼ਰ ਆਇਆ ਤੇ ਕਿਹਾ, ‘ਮੈਂ ਕਦੇ ਵੀ ਜ਼ਿੰਦਗੀ ਵਿਚ ਕੁਝ ਗਲਤ ਨਹੀਂ ਕੀਤਾ। ਮੈਂ ਸਹੀ ਚੀਜ਼ ਲਈ ਲੜ ਰਿਹਾ ਹਾਂ। ਜੇਕਰ ਮੈਂ ਕੁਝ ਗਲਤ ਕੀਤਾ ਹੈ ਤਾਂ ਕੋਈ ਵੀ ਅੱਗੇ ਆ ਕੇ ਕਹਿ ਸਕਦਾ ਹੈ।’ ਮਿਸ਼ਰਾ ਭਾਜਪਾ ਦੀ ਟਿਕਟ ‘ਤੇ ਖੀਰੀ ਤੋਂ ਲਗਾਤਾਰ ਦੂਜੀ ਵਾਰ ਲੋਕ ਸਭਾ ਮੈਂਬਰ ਚੁਣਿਆ ਗਿਆ ਸੀ। ਮਿਸ਼ਰਾ ਨੇ ਕਿਹਾ ਕਿ ਉਸ ਦੇ ਸਮਰਥਕਾਂ ਨੂੰ ਕੋਈ ਪ੍ਰੇਸ਼ਾਨ ਨਹੀਂ ਕਰ ਸਕਦਾ, ‘ਚਾਹੇ ਜਿੰਨੇ ਮਰਜ਼ੀ ਰਾਕੇਸ਼ ਟਿਕੈਤ ਆਈ ਜਾਣ’। ਟਿਕੈਤ ਨੇ ਆਰੋਪ ਲਾਇਆ ਕਿ ਮਿਸ਼ਰਾ ਨੇ ਲਖੀਮਪੁਰ ਵਿਚ ‘ਗੁੰਡਾ ਰਾਜ’ ਲਾਗੂ ਕੀਤਾ ਹੋਇਆ ਹੈ ਤੇ ਉਹ ਜਲਦੀ ਹੀ ਇਸ ਵਿਰੁੱਧ ‘ਮੁਕਤੀ ਅਭਿਆਨ’ ਸ਼ੁਰੂ ਕਰਨਗੇ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …