ਭੂਚਾਲ ਕਾਰਨ ਤੁਰਕੀ ਤੇ ਸੀਰੀਆ ’ਚ ਮੌਤਾਂ ਦੀ ਗਿਣਤੀ 46 ਹਜ਼ਾਰ ਤੋਂ ਟੱਪੀ
ਨਵੀਂ ਦਿੱਲੀ/ਬਿਊਰੋ ਨਿਊਜ਼
ਤੁਰਕੀ ਅਤੇ ਸੀਰੀਆ ਵਿਚ ਲੰਘੀ 6 ਫਰਵਰੀ ਨੂੰ ਵਿਨਾਸ਼ਕਾਰੀ ਭੂਚਾਲ ਆਇਆ ਸੀ। ਇਸ ਭੂਚਾਲ ਕਾਰਨ ਹੋਈਆਂ ਮੌਤਾਂ ਦੀ ਗਿਣਤੀ 46 ਹਜ਼ਾਰ ਤੋਂ ਟੱਪ ਚੁੱਕੀ ਹੈ ਅਤੇ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਹੈ। ਇਸੇ ਦੌਰਾਨ ਆਪ੍ਰੇਸ਼ਨ ਦੋਸਤ ਤਹਿਤ ਤੁਰਕੀ ’ਚ ਤਾਇਨਾਤ ਭਾਰਤੀ ਫੌਜ ਦੀ ਮੈਡੀਕਲ ਟੀਮ ਭਾਰਤ ਪਹੁੰਚ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਇਕ 99 ਮੈਂਬਰੀ ਸਵੈ-ਨਿਰਭਰ ਟੀਮ ਨੇ ਇਸਕੇਂਡਰੁਨ, ਹਤਾਏ ਵਿਚ ਇਕ ਪੂਰੀ ਤਰ੍ਹਾਂ ਨਾਲ ਲੈਸ 30 ਬਿਸਤਰਿਆਂ ਵਾਲੇ ਫੀਲਡ ਹਸਪਤਾਲ ਦੀ ਸਫਲਤਾਪੂਰਵਕ ਸਥਾਪਨਾ ਕੀਤੀ ਅਤੇ ਉਸ ਨੂੰ ਚਲਾਇਆ ਹੈ। ਇਸੇ ਦੌਰਾਨ ਤੁਰਕੀ ਅਤੇ ਸੀਰੀਆ ਵਿਚ ਆਏ ਭੂਚਾਲ ਨੂੰ ਦੋ ਹਫਤੇ ਹੋ ਚੁੱਕੇ ਹਨ। ਤੁਰਕੀ ਦੀ ਸਰਕਾਰ ਨੇ ਰੈਸਕਿਊ ਅਪਰੇਸ਼ਨ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਇਸ ਭੂਚਾਲ ਕਾਰਨ 10 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋਏ ਹਨ ਅਤੇ ਅਰਥ ਵਿਵਸਥਾ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਉਧਰ ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਤੁਰਕੀ ਦਾ ਦੌਰਾ ਕਰਨ ਵਾਲੇ ਹਨ। ਇਸ ਦੌਰਾਨ ਉਹ ਭੂਚਾਲ ਤੋਂ ਬਾਅਦ ਤੁਰਕੀ ਅਤੇ ਸੀਰੀਆ ਨੂੰ ਦਿੱਤੀ ਜਾਣ ਵਾਲੀ ਮੱਦਦ ਅਤੇ ਰਾਹਤ ਪੈਕੇਜ ’ਤੇ ਚਰਚਾ ਕਰਨਗੇ।