0.3 C
Toronto
Saturday, February 28, 2026
spot_img
Homeਭਾਰਤਪਰਿਵਾਰਵਾਦ ਦੀ ਸਿਆਸਤ ਤੋਂ ਅੱਕੇ ਭਾਰਤ ਵਾਸੀ : ਨਰਿੰਦਰ ਮੋਦੀ

ਪਰਿਵਾਰਵਾਦ ਦੀ ਸਿਆਸਤ ਤੋਂ ਅੱਕੇ ਭਾਰਤ ਵਾਸੀ : ਨਰਿੰਦਰ ਮੋਦੀ

ਭਾਜਪਾ ਵਰਕਰਾਂ ਨੂੰ ਪਤਨ ਵੱਲ ਗਏ ਹੁਕਮਰਾਨਾਂ ਤੋਂ ਸਬਕ ਲੈਣ ਦੀ ਸਲਾਹ
ਹੈਦਰਾਬਾਦ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਮੈਂਬਰਾਂ ਨੂੰ ਉਨ੍ਹਾਂ ਪਾਰਟੀਆਂ ਦੀਆਂ ਗਲਤੀਆਂ ਤੋਂ ਸਬਕ ਲੈਣ ਲਈ ਕਿਹਾ ਹੈ, ਜਿਨ੍ਹਾਂ ਲੰਬੇ ਸਮੇਂ ਤੱਕ ਦੇਸ਼ ‘ਤੇ ਰਾਜ ਕੀਤਾ ਪਰ ਹੁਣ ਉਹ ਪਤਨ ਵੱਲ ਹਨ। ਮੋਦੀ ਨੇ ਸੰਜਮ, ਸੰਤੁਲਿਤ ਨਜ਼ਰੀਏ ਅਤੇ ਤਾਲਮੇਲ ਬਣਾ ਕੇ ਰੱਖਣ ਜਿਹੇ ਗੁਣਾਂ ‘ਤੇ ਵੀ ਜ਼ੋਰ ਦਿੱਤਾ।
ਭਾਜਪਾ ਕੌਮੀ ਕਾਰਜਕਾਰਨੀ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪਾਰਟੀ ਵਰਕਰਾਂ ਨੂੰ ਹੋਕਾ ਦਿੱਤਾ ਕਿ ਉਹ ਮੁਲਕ ਨੂੰ ‘ਸ੍ਰੇਸ਼ਠ’ ਬਣਾਉਣ ਲਈ ਮਿਹਨਤ ਕਰਨ ਅਤੇ ਉਨ੍ਹਾਂ ਦਾ ਟੀਚਾ ‘ਤੁਸ਼ਟੀਕਰਨ’ ਤੋਂ ‘ਤ੍ਰਿਪਤੀਕਰਨ’ ਵੱਲ ਹੋਣਾ ਚਾਹੀਦਾ ਹੈ ਜਿਸ ਬਾਰੇ ਵਿਰੋਧੀ ਪਾਰਟੀਆਂ ਭਾਜਪਾ ‘ਤੇ ਆਰੋਪ ਲਾਉਂਦੀਆਂ ਆ ਰਹੀਆਂ ਹਨ। ਮੋਦੀ ਨੇ ਕਿਹਾ ਕਿ ਇਸ ਨਾਲ ਸਭ ਦਾ ਵਿਕਾਸ ਹੋਵੇਗਾ ਅਤੇ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ।
ਉਨ੍ਹਾਂ ‘ਸਨੇਹ ਯਾਤਰਾ’ ਕੱਢਣ ਦਾ ਸੱਦਾ ਵੀ ਦਿੱਤਾ ਜੋ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਤੱਕ ਪਹੁੰਚਣ ਦੇ ਨਾਲ-ਨਾਲ ਉਨ੍ਹਾਂ ‘ਚ ਪ੍ਰੇਮ ਦੇ ਸੰਚਾਰ ਵੱਲ ਕੇਂਦਰਤ ਹੋਣ। ਉਨ੍ਹਾਂ ਲੋਕ ਪੱਖੀ ਤੋਂ ਚੰਗੇ ਰਾਜ (ਪੀ2 ਤੋਂ ਜੀ2) ਵੱਲ ਵਧਣ ‘ਤੇ ਵੀ ਜ਼ੋਰ ਦਿੱਤਾ।
ਵਿਰੋਧੀ ਧਿਰ ‘ਤੇ ਨਿਸ਼ਾਨਾ ਸੇਧਦਿਆਂ ਮੋਦੀ ਨੇ ਕਿਹਾ ਕਿ ਮੁਲਕ ਪਰਿਵਾਰਵਾਦ ਦੀ ਸਿਆਸਤ ਅਤੇ ਅਜਿਹੀਆਂ ਪਾਰਟੀਆਂ ਤੋਂ ਅੱਕ ਗਿਆ ਹੈ ਅਤੇ ਹੁਣ ਉਨ੍ਹਾਂ ਦਾ ਲੰਬੇ ਸਮੇਂ ਤੱਕ ਟਿਕਣਾ ਮੁਸ਼ਕਲ ਹੋਵੇਗਾ। ਪਾਰਟੀ ਵਰਕਰਾਂ ਨੂੰ ਲੋਕਾਂ ਨਾਲ ਜੁੜਨ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਪਤਨ ਵੱਲ ਜਾ ਰਹੀਆਂ ਪਾਰਟੀਆਂ ਦਾ ਮਖੌਲ ਨਹੀਂ ਉਡਾਉਣਾ ਚਾਹੀਦਾ ਹੈ। ਉਨ੍ਹਾਂ 2016 ‘ਚ ਭਾਜਪਾ ਵਰਕਰਾਂ ਨੂੰ ਦਿੱਤੇ ਗਏ ਭਾਸ਼ਨ ਦੌਰਾਨ ‘ਸੇਵਾ ਭਾਵ’, ‘ਸੰਤੁਲਨ’, ‘ਸੰਜਮ’, ਸਾਕਾਰਾਤਮਕ, ‘ਸਦਭਾਵਨਾ’ ਅਤੇ ‘ਸੰਵਾਦ’ ਦੇ ਗੁਣਾਂ ਨੂੰ ਯਾਦ ਕਰਦਿਆਂ ਇਹ ਸੁਨੇਹਾ ਦੁਹਰਾਇਆ। ਦੋ ਦਿਨੀਂ ਕਾਰਜਕਾਰਨੀ ਦੀ ਮੀਟਿੰਗ ‘ਚ ਭਾਜਪਾ ਨੇ ਜਥੇਬੰਦਕ ਸਰਗਰਮੀਆਂ ਦਾ ਜਾਇਜ਼ਾ ਲਿਆ ਅਤੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਚੰਗੇ ਸ਼ਾਸਨ ਦੀ ਸ਼ਲਾਘਾ ਕੀਤੀ।
ਪਾਰਟੀ ਆਗੂਆਂ ਨੇ ਕਿਹਾ ਕਿ ਉਦੈਪੁਰ ‘ਚ ਦਰਜੀ ਦੀ ਹੱਤਿਆ ਅਤੇ ਨੂਪੁਰ ਸ਼ਰਮਾ ਜਿਹੇ ਵਿਵਾਦਾਂ ਬਾਰੇ ਮੀਟਿੰਗ ‘ਚ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ। ਉਂਜ ਦਰਜੀ ਕਨ੍ਹੱਈਆ ਲਾਲ ਦਾ ਸ਼ੋਕ ਮਤੇ ‘ਚ ਜ਼ਿਕਰ ਜ਼ਰੂਰ ਕੀਤਾ ਗਿਆ ਹੈ।
ਹੈਦਰਾਬਾਦ ਨੂੰ ਭਾਗਿਆਨਗਰ ਦਾ ਨਾਮ ਦਿੰਦਿਆਂ ਮੋਦੀ ਨੇ ਕਿਹਾ ਕਿ ਸਰਦਾਰ ਵੱਲਬਭਾਈ ਪਟੇਲ ਨੇ ਸਾਰੇ ਖਿੱਤਿਆਂ ਨੂੰ ਇਕਜੁੱਟ ਕਰਕੇ ‘ਏਕ ਭਾਰਤ’ ਦੀ ਨੀਂਹ ਰੱਖੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਾਰਾ ਸਰਮਾਇਆ ਹਰੇਕ ਭਾਰਤੀ ਦਾ ਹੈ ਅਤੇ ਭਾਜਪਾ ਇਸ ਫਲਸਫੇ ‘ਚ ਯਕੀਨ ਰਖਦੀ ਹੈ ਅਤੇ ਇਸੇ ਕਰਕੇ ਉਸ ਵੱਲੋਂ ਪਟੇਲ ਵਰਗੇ ਕਾਂਗਰਸ ਦੇ ਦਿੱਗਜ ਨੇਤਾਵਾਂ ਦਾ ਸਨਮਾਨ ਕੀਤਾ ਜਾਂਦਾ ਹੈ। ਭਾਜਪਾ ਦੇ ਜਮਹੂਰੀ ਤਾਣੇ-ਬਾਣੇ ‘ਤੇ ਸਵਾਲ ਉਠਾਉਣ ਲਈ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੀਆਂ ਜਥੇਬੰਦੀਆਂ ‘ਚ ਜਮਹੂਰੀਅਤ ਦੇ ਦਰਜੇ ਵੱਲ ਦੇਖਣ।
ਮੋਦੀ ਨੇ ਤਿਲੰਗਾਨਾ ਦੇ ਲੋਕਾਂ ਤੋਂ ਇੱਕ ਮੌਕਾ ਮੰਗਿਆ
ਹੈਦਰਾਬਾਦ ‘ਚ ਵਿਜੈ ਸੰਕਲਪ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐੱਨਡੀਏ ਸਰਕਾਰ ਹਰੇਕ ਨਾਗਰਿਕ ਦੇ ਜੀਵਨ ‘ਚ ਸਕਾਰਾਤਮਕ ਬਦਲਾਅ ਲਿਆਉਣ ਦੀਆਂ ਕੋਸ਼ਿਸ਼ਾਂ ‘ਚ ਹੈ ਅਤੇ ਪਿਛਲੇ ਅੱਠ ਸਾਲਾਂ ਦੌਰਾਨ ਲੋਕਾਂ ਦਾ ਜੀਵਨ ਸੁਖਾਲਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਤਿਲੰਗਾਨਾ ਦੇ ਲੋਕਾਂ ਨੇ ਸੂਬੇ ‘ਚ ਡਬਲ ਇੰਜਣ ਸਰਕਾਰ ਲਿਆਉਣ ਦਾ ਤਹੱਈਆ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤਿਲੰਗਾਨਾ ‘ਚ ਭਾਜਪਾ ਸਰਕਾਰ ਬਣੇਗੀ ਤਾਂ ਸੂਬੇ ਦੇ ਵਿਕਾਸ ਕਾਰਜਾਂ ‘ਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਮੋਦੀ ਨੇ ਦਾਅਵਾ ਕੀਤਾ ਕਿ ਕੋਵਿਡ-19 ਦੌਰਾਨ ਉਨ੍ਹਾਂ ਦੀ ਸਰਕਾਰ ਨੇ ਤਿਲੰਗਾਨਾ ਦੇ ਹਰੇਕ ਪਰਿਵਾਰ ਨੂੰ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਸੀ।

 

RELATED ARTICLES
POPULAR POSTS