ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਹੋਇਆ ਫੈਸਲਾ
ਨਵੀਂ ਦਿੱਲੀ : ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਮੋਦੀ ਸਰਕਾਰ ਖ਼ਿਲਾਫ਼ ਮੁਹਿੰਮ ਵਿੱਢਣ ਦਾ ਫ਼ੈਸਲਾ ਕੀਤਾ ਹੈ ਜਿਸ ਤਹਿਤ ਵੱਡੇ ਬੈਂਕ ਘੁਟਾਲਿਆਂ, ਰਾਫਾਲ ਸੌਦੇ ਤੇ ਅਰਥਚਾਰੇ ਦੀ ਮੰਦੀ ਹਾਲਤ ਜਿਹੇ ਮੁੱਦਿਆਂ ਨੂੰ ਉਭਾਰਿਆ ਜਾਵੇਗਾ। ਇਹ ਫ਼ੈਸਲਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ‘ਚ ਕੀਤਾ ਗਿਆ ਜਿਸ ਵਿੱਚ ਆਗੂਆਂ ਨੇ ਅਸਾਮ ਦੇ ਕੌਮੀ ਨਾਗਰਿਕ ਰਜਿਸਟਰ ਖਰੜੇ ਦੇ ਅਹਿਮ ਮੁੱਦੇ ‘ਤੇ ਵੀ ਰਣਨੀਤੀ ਉਲੀਕੀ।ਸੀਡਬਲਯੂਸੀ ਪਾਰਟੀ ਦੀ ਫ਼ੈਸਲੇ ਲੈਣ ਵਾਲੀ ਸਭ ਤੋਂ ਵੱਡੀ ਕਮੇਟੀ ਹੈ ਤੇ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਏ ਕੇ ਐਂਟਨੀ, ਗ਼ੁਲਾਮ ਨਬੀ ਅਜ਼ਾਦ, ਮਲਿਕਾਰੁਜਨ ਖੜਗੇ, ਅਹਿਮਦ ਪਟੇਲ ਤੇ ਅਸ਼ੋਕ ਗਹਿਲੋਤ ਸ਼ਾਮਲ ਹੋਏ। ਰਾਹੁਲ ਗਾਂਧੀ ਦੀ ਅਗਵਾਈ ਹੇਠ ਸੀਡਬਲਯੂਸੀ ਦੇ ਮੁੜ ਗਠਨ ਤੋਂ ਬਾਅਦ ਇਹ ਦੂਜੀ ਮੀਟਿੰਗ ਸੀ। ਕਾਂਗਰਸ ਨੇ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਮੋਦੀ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਭਾਰਨ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਪਾਰਟੀ ਇਨ੍ਹਾਂ ਮੁੱਦਿਆਂ ‘ਤੇ ਜਨ ਅੰਦੋਲਨ ਸ਼ੁਰੂ ਕਰੇਗੀ ਜਿਸ ਦੇ ਪ੍ਰੋਗਰਾਮ ਦੇ ਵੇਰਵੇ ਆਉਂਦੇ ਦਿਨੀਂ ਸੂਬਾਈ ਇਕਾਈਆਂ ਦੇ ਆਗੂਆਂ ਨਾਲ ਸਲਾਹ ਮਸ਼ਵਰਾ ਕਰ ਕੇ ਤੈਅ ਕੀਤੇ ਜਾਣਗੇ। ਰਾਹੁਲ ਗਾਂਧੀ ਨੇ ਆਪਣੇ ਇਕ ਟਵੀਟ ਵਿੱਚ ਕਿਹਾ ”ਸੀਡਬਲਯੂਸੀ ਦੀ ਮੀਟਿੰਗ ਹੋਈ। ਇਕ ਟੀਮ ਵਜੋਂ ਅਸੀਂ ਦੇਸ਼ ਦੇ ਸਿਆਸੀ ਹਾਲਾਤ ‘ਤੇ ਚਰਚਾ ਕੀਤੀ ਤੇ ਕਾਂਗਰਸ ਲਈ ਇਹ ਇਕ ਵੱਡਾ ਮੌਕਾ ਹੈ ਕਿ ਭ੍ਰਿਸ਼ਟਾਚਾਰ ਦੇ ਮੁੱਦੇ ਉਭਾਰੇ ਜਾਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ‘ਚ ਸਰਕਾਰ ਦੀ ਨਾਕਾਮੀ ਦੇ ਮੁੱਦੇ ਉਭਾਰੇ ਜਾਣ। ਮੀਟਿੰਗ ‘ਚ ਹਾਜ਼ਰ ਹੋਣ ਵਾਲਿਆਂ ਸਭਨਾ ਦਾ ਸ਼ੁਕਰੀਆ।” ਹਾਲ ਹੀ ਵਿੱਚ ਮੀਡੀਆ ਰਿਪੋਰਟਾਂ ਆਈਆਂ ਹਨ ਕਿ ਸਰਕਾਰੀ ਏਜੰਸੀਆਂ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਸਾਢੇ 13 ਹਜ਼ਾਰ ਕਰੋੜ ਰੁਪਏ ਦੇ ਪੀਐਨਬੀ ਬੈਂਕ ਘਪਲੇ ਦਾ ਇਕ ਸੂਤਰਧਾਰ ਮੇਹੁਲ ਚੋਕਸੀ ਐਂਟੀਗਾ ‘ਚ ਨਾਗਰਿਕਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ ਸੀ ਤੇ ਕਾਂਗਰਸ ਹੁਣ ਸਰਕਾਰ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਉਣ ਜਾ ਰਹੀ ਹੈ।
ਐਨਆਰਸੀ ਕਵਾਇਦ ‘ਤੇ ਹੱਕ ਜਤਾਇਆ
ਨਵੀਂ ਦਿੱਲੀ: ਅਸਾਮ ਵਿੱਚ ਐਨਆਰਸੀ ਕਵਾਇਦ ‘ਤੇ ਹੱਕ ਜਤਾਉਂਦਿਆਂ ਕਾਂਗਰਸ ਨੇ ਭਾਜਪਾ ‘ਤੇ ਇਸ ਦਾ ਸਿਆਸੀਕਰਨ ਕਰ ਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਪਾਰਟੀ ਐਨਆਰਸੀ ਖਰੜੇ ਵਿਚੋਂ ਲਾਂਂਭੇ ਰਹਿ ਗਏ ਹਰੇਕ ਭਾਰਤੀ ਦਾ ਸਾਥ ਦੇਵੇਗੀ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਐਨਆਰਸੀ ਕਾਂਗਰਸ ਪਾਰਟੀ ਦਾ ਬੱਚਾ ਹੈ। ਭਾਜਪਾ ਸਿਆਸੀ ਮੁਫ਼ਾਦ ਦੀ ਖਾਤਰ ਇਸ ਮੁੱਦੇ ਦਾ ਸਿਆਸੀਕਰਨ ਕਰ ਰਹੀ ਹੈ।
ਸੀਡਬਲਿਊਸੀ ‘ਭ੍ਰਿਸ਼ਟਾਚਾਰ ਵਾਲੀ ਕਮੇਟੀ’ : ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਵਰਕਿੰਗ ਕਮੇਟੀ (ਸੀਡਬਿਲਊਸੀ) ਨੂੰ ‘ਭ੍ਰਿਸ਼ਟਾਚਾਰ ਵਾਲੀ ਪਾਰਟੀ’ ਗਰਦਾਨਿਆ। ਭਾਜਪਾ ਨੇ ਇਹ ਟਿੱਪਣੀ ਕਾਂਗਰਸ ਵਰਕਿੰਗ ਕਮੇਟੀ ਵਿੱਚ ਸਰਕਾਰ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਘੇਰਨ ਦਾ ਫੈਸਲਾ ਕੀਤੇ ਜਾਣ ਦੇ ਬਾਅਦ ਆਈ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਭਾਰਤ ਵਿੱਚ ਭ੍ਰਿਸ਼ਟਾਚਾਰ ਦੀ ਹਰ ਕਾਰਵਾਈ ਇਸ ਪਾਰਟੀ ਨਾਲ ਜੁੜੀ ਹੋਈ ਹੈ ਅਤੇ ਇਹ ਝੂਠ ਬੋਲ ਕੇ ਲੋਕਾਂ ਨੂੰ ਸਰਕਾਰ ਬਾਰੇ ਗੁਮਰਾਹ ਕਰ ਰਹੀ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ
ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …