ਚੀਫ ਜਸਟਿਸ ਦੀਪਕ ਮਿਸ਼ਰਾ ਨੇ ਤਿੰਨਾਂ ਨੂੰ ਚੁਕਾਈ ਅਹੁਦੇ ਦੀ ਸਹੁੰ
ਨਵੀਂ ਦਿੱਲੀ : ਸੁਪਰੀਮ ਕੋਰਟ ਵਿਚ ਤਿੰਨ ਨਵੇਂ ਜੱਜਾਂ ਨੇ ਅਹੁਦੇ ਦੀ ਸਹੁੰ ਚੁੱਕੀ। ਚੀਫ ਜਸਟਿਸ ਦੀਪਕ ਮਿਸ਼ਰਾ ਨੇ ਮੰਗਲਵਾਰ ਨੂੰ ਜਸਟਿਸ ਇੰਦਰਾ ਬੈਨਰਜੀ, ਜਸਟਿਸ ਵਿਨੀਤ ਸ਼ਰਨ ਤੇ ਜਸਟਿਸ ਕੇਐੱਸ ਜੋਸਫ ਨੂੰ ਸਹੁੰ ਚੁਕਵਾਈ। ਤਿੰਨ ਨਵੇਂ ਜੱਜਾਂ ਦੇ ਆਉਣ ਪਿੱਛੋਂ ਸੁਪਰੀਮ ਕੋਰਟ ਵਿਚ ਜੱਜਾਂ ਦੀ ਕੁੱਲ ਗਿਣਤੀ 25 ਹੋ ਗਈ ਹੈ। ਸੁਪਰੀਮ ਕੋਰਟ ਵਿਚ ਚੀਫ ਜਸਟਿਸ ਸਮੇਤ ਜੱਜਾਂ ਦੇ ਕੁਲ 31 ਅਹੁਦੇ ਮਨਜ਼ੂਰ ਹਨ ਤੇ ਅਜੇ ਛੇ ਅਹੁਦੇ ਖ਼ਾਲੀ ਪਏ ਹਨ। ਚੇਤੇ ਰਹੇ ਕਿ ਜਸਟਿਸ ਜੋਸਫ ਦਾ ਨਾਂ ਕੋਲੇਜੀਅਮ ਵੱਲੋਂ ਸਰਕਾਰ ਨੂੰ ਭੇਜੇ ਜਾਣ ਨੂੰ ਲੈ ਕੇ ਸਹੁੰ ਚੁੱਕਣ ਵਿਚ ਸੀਨੀਆਰਤਾ ਨੂੰ ਲੈ ਕੇ ਵਿਵਾਦ ਵੀ ਰਿਹਾ। ਜਸਟਿਸ ਇੰਦਰਾ ਬੈਨਰਜੀ ਮੂਲ ਰੂਪ ਵਿਚ ਕਲਕੱਤਾ ਹਾਈ ਕੋਰਟ ਤੋਂ ਹਨ। ਸੁਪਰੀਮ ਕੋਰਟ ਵਿਚ ਤਰੱਕੀ ਹੋਣ ਤੋਂ ਪਹਿਲਾਂ ਉਹ ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਸਨ। ਜਸਟਿਸ ਵਿਨੀਤ ਸ਼ਰਨ ਮੂਲ ਰੂਪ ਵਿਚ ਇਲਾਹਾਬਾਦ ਹਾਈ ਕੋਰਟ ਤੋਂ ਹਨ ਤੇ ਸੁਪਰੀਮ ਕੋਰਟ ਵਿਚ ਆਉਣ ਤੋਂ ਪਹਿਲਾਂ ਉਹ ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਸਨ। ਜਸਟਿਸ ਕੇਐੱਸ ਜੋਸਫ ਮੂਲ ਰੂਪ ਵਿਚ ਕੇਰਲ ਹਾਈ ਕੋਰਟ ਤੋਂ ਹਨ ਤੇ ਸੁਪਰੀਮ ਕੋਰਟ ਵਿਚ ਆਉਣ ਤੋਂ ਪਹਿਲਾਂ ਉਹ ਉੱਤਰਾਖੰਡ ਹਾਈਕੋਰਟ ਵਿਚ ਚੀਫ ਜਸਟਿਸ ਸਨ।
ਸੁਪਰੀਮ ਕੋਰਟ ‘ਚ ਪਹਿਲੀ ਵਾਰ ਤਿੰਨ ਮਹਿਲਾ ਜੱਜ
ਸੁਪਰੀਮ ਕੋਰਟ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਇੱਕੋ ਵੇਲੇ ਤਿੰਨ ਮਹਿਲਾ ਜੱਜ ਹੋ ਗਏ ਹਨ। ਸੁਪਰੀਮ ਕੋਰਟ ‘ਚ ਮਹਿਲਾ ਜੱਜਾਂ ਦੀ ਕੁੱਲ ਗਿਣਤੀ ਵੱਧ ਕੇ ਤਿੰਨ ਹੋ ਗਈ ਹੈ। ਜਸਟਿਸ ਆਰ ਭਾਨੂਮਤੀ, ਜਸਟਿਸ ਇੰਦੂ ਮਲਹੋਤਰਾ ਤੇ ਜਸਟਿਸ ਇੰਦਰਾ ਬੈਨਰਜੀ। ਉਂਜ ਜਸਟਿਸ ਬੈਨਰਜੀ ਅਜ਼ਾਦੀ ਤੋਂ ਬਾਅਦ ਸੁਪਰੀਮ ਕੋਰਟ ਵਿਚ ਅੱਠਵੀਂ ਮਹਿਲਾ ਜੱਜ ਹਨ। ਸੁਪਰੀਮ ਕੋਰਟ ਵਿਚ ਪਹਿਲੀ ਮਹਿਲਾ ਜੱਜ ਜਸਟਿਸ ਫ਼ਾਤਿਮਾ ਬੀਬੀ ਸਨ। ਜਸਟਿਸ ਫ਼ਾਤਿਮਾ ਬੀਬੀ ਨੂੰ ਕੇਰਲ ਹਾਈ ਕੋਰਟ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ 1989 ਵਿਚ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਸੀ।
Check Also
ਏਅਰ ਸਟਰਾਈਕ ’ਤੇ ਬੋਲੇ ਭਾਰਤੀ ਏਅਰ ਮਾਰਸ਼ਲ
ਕਿਹਾ : ਸਾਡੇ ਸਾਰੇ ਫੌਜੀ ਅੱਡੇ ਤੇ ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਨਵੀਂ ਦਿੱਲੀ/ਬਿਊਰੋ ਨਿਊਜ਼ …