Breaking News
Home / ਭਾਰਤ / ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿੱਚ ਕਿਸਾਨੀ ਅੰਦੋਲਨ ਨੂੰ ਹੋਏ 11 ਮਹੀਨੇ

ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿੱਚ ਕਿਸਾਨੀ ਅੰਦੋਲਨ ਨੂੰ ਹੋਏ 11 ਮਹੀਨੇ

ਕਿਸਾਨ ਜਥੇਬੰਦੀਆਂ ਵੱਲੋਂ ਜਿੱਤ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਗਏ ਅੰਦੋਲਨ ਨੇ 11 ਮਹੀਨਿਆਂ ਦਾ ਸਮਾਂ ਮੁਕੰਮਲ ਕਰ ਲਿਆ ਹੈ। ਸੂਬੇ ਵਿੱਚ ਸਵਾ ਸੌ ਤੋਂ ਵੱਧ ਥਾਵਾਂ ‘ਤੇ ਚੱਲ ਰਹੇ ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਸਬਰ ਪਰਖ ਲਿਆ ਹੈ ਤੇ 11 ਮਹੀਨਿਆਂ ਦੇ ਸੰਘਰਸ਼ ਦੌਰਾਨ ਇਹ ਹੀ ਸਿੱਟਾ ਨਿਕਲਿਆ ਹੈ ਕਿ ਅੰਦੋਲਨਕਾਰੀ ਸਿਰੜ ਤੇ ਸਿਦਕ ਦੇ ਪੱਕੇ ਹਨ।
ਇਸ ਲਈ ਮੋਦੀ ਹਕੂਮਤ ਨੂੰ ਇਹ ਵਹਿਮ ਆਪਣੇ ਮਨ ‘ਚੋਂ ਕੱਢ ਦੇਣਾ ਚਾਹੀਦਾ ਹੈ ਕਿ ਕਿਸਾਨ ਅੱਕ ਜਾਂ ਥੱਕ ਜਾਣਗੇ।
ਟੌਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ‘ਚ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ 11 ਮਹੀਨਿਆਂ ਦੇ ਸੰਘਰਸ਼ ਦੌਰਾਨ ਛੇ ਸੌ ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ।
ਅੰਦੋਲਨ ਨੇ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਦਾ ਲੋਕ ਵਿਰੋਧੀ ਚਿਹਰਾ ਦੁਨੀਆ ਸਾਹਮਣੇ ਲਿਆਂਦਾ ਹੈ। ਹਰਿਆਣਾ ਸਰਕਾਰ ਨੇ ਗ਼ੈਰ-ਕਾਨੂੰਨੀ ਆਦੇਸ਼ ਦੇਣ ਵਾਲੇ ਅਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਲਗਪਗ 100 ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਹਨ। ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਇਹ ਕੇਸ ਰੱਦ ਨਾ ਕੀਤੇ ਗਏ ਅਤੇ ਸਬੰਧਤ ਅਧਿਕਾਰੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਹਰਿਆਣਾ ਦੇ ਕਿਸਾਨਾਂ ਦੀ ਹਮਾਇਤ ‘ਚ ਪੰਜਾਬ ਦੇ ਕਿਸਾਨ ਵੀ ਸੰਘਰਸ਼ ਤੇਜ਼ ਕਰਨਗੇ।
ਖੱਟਰ ਸਰਕਾਰ ਦਾ ਤਾਲਿਬਾਨੀ ਚਿਹਰਾ ਆਇਆ ਸਾਹਮਣੇ: ਟਿਕੈਤ
ਸਿਰਸਾ : ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਤਾਲਿਬਾਨੀ ਚਿਹਰਾ ਪ੍ਰਤੱਖ ਹੋ ਚੁੱਕਾ ਹੈ ਅਤੇ ਕਰਨਾਲ ‘ਚ ਤਾਲਿਬਾਨੀ ਕਮਾਂਡਰ ਦੀ ਪਛਾਣ ਵੀ ਹੋ ਚੁੱਕੀ ਹੈ। ਇਸ ਸਰਕਾਰ ਦੇ ਅਫ਼ਸਰ ਤਾਲਿਬਾਨਾਂ ਵਾਂਗ ਆਦੇਸ਼ ਦੇ ਕੇ ਨਿਹੱਥੇ ਕਿਸਾਨਾਂ ‘ਤੇ ਡਾਂਗਾਂ ਵਰ੍ਹਾ ਰਹੇ ਹਨ। ਉਨ੍ਹਾਂ ਨੇ ਕਰਨਾਲ ਦੇ ਐੱਸਡੀਐੱਮ ਆਯੂਸ਼ ਸਿਨਹਾ ‘ਤੇ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ।

 

 

Check Also

ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ

3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …