Breaking News
Home / ਭਾਰਤ / ਸੁਪਰੀਮ ਕੋਰਟ ਦੇ 9 ਜੱਜਾਂ ਨੇ ਇਕੋ ਵੇਲੇ ਸਹੁੰ ਚੁੱਕ ਕੇ ਸਿਰਜਿਆ ਇਤਿਹਾਸ

ਸੁਪਰੀਮ ਕੋਰਟ ਦੇ 9 ਜੱਜਾਂ ਨੇ ਇਕੋ ਵੇਲੇ ਸਹੁੰ ਚੁੱਕ ਕੇ ਸਿਰਜਿਆ ਇਤਿਹਾਸ

ਸੁਪਰੀਮ ਕੋਰਟ ਦੇ ਜੱਜਾਂ ਦੀ ਕੁੱਲ ਗਿਣਤੀ ਵਧ ਕੇ 33 ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਵਿੱਚ ਮੰਗਲਵਾਰ ਨੂੰ ਉਸ ਵੇਲੇ ਇਤਿਹਾਸ ਸਿਰਜਿਆ ਗਿਆ ਜਦੋਂ 9 ਨਵੇਂ ਜੱਜਾਂ ਨੇ ਇਕੋ ਵੇਲੇ ਅਹੁਦੇ ਦਾ ਹਲਫ਼ ਲਿਆ। ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਸਿਖਰਲੀ ਅਦਾਲਤ ਵਿੱਚ ਜੱਜਾਂ ਦੀ ਕੁੱਲ ਕੰਮਕਾਜੀ ਸਮਰੱਥਾ 33 ਹੋ ਗਈ ਹੈ। ਸੁਪਰੀਮ ਕੋਰਟ ਦੇ ਨਵੇਂ ਜੱਜਾਂ ਵਜੋਂ ਸਹੁੰ ਚੁੱਕਣ ਵਾਲਿਆਂ ਵਿੱਚ ਜਸਟਿਸ ਅਭੈ ਸ੍ਰੀਨਿਵਾਸ ਓਕਾ, ਵਿਕਰਮ ਨਾਥ, ਜਿਤੇਂਦਰ ਸਿੰਘ ਮਹੇਸ਼ਵਰੀ, ਹਿਮਾ ਕੋਹਲੀ ਤੇ ਬੀ.ਵੀ.ਨਾਗਰਤਨਾ ਵੀ ਸ਼ਾਮਲ ਹਨ। ਭਾਰਤ ਦੇ ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਨੇ ਜਿਨ੍ਹਾਂ ਹੋਰਨਾਂ ਜੱਜਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ ਉਨ੍ਹਾਂ ਵਿੱਚ ਜਸਟਿਸ ਸੀ.ਟੀ.ਰਵੀਕੁਮਾਰ, ਐੱਮ.ਐੱਮ.ਸੁੰਦਰੇਸ਼, ਬੇਲਾ ਐੱਮ.ਤ੍ਰਿਵੇਦੀ ਤੇ ਪੀ.ਐੱਸ.ਨਰਸਿਮ੍ਹਾ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜਸਟਿਸ ਨਰਸਿਮ੍ਹਾ ਸੀਨੀਅਰ ਐਡਵੋਕੇਟ ਤੇ ਸਾਬਕਾ ਵਧੀਕ ਸੌਲੀਸਿਟਰ ਜਨਰਲ ਸਨ। ਨਵੀਆਂ ਨਿਯੁਕਤੀਆਂ ਨਾਲ ਭਾਰਤ ਦੇ ਚੀਫ਼ ਜਸਟਿਸ ਸਮੇਤ ਸੁਪਰੀਮ ਕੋਰਟ ਦੇ ਜੱਜਾਂ ਦੀ ਸਮਰੱਥਾ ਵਧ ਕੇ 33 ਹੋ ਗਈ ਹੈ, ਜੋ ਕਿ ਕੁੱਲ ਸਮਰੱਥਾ ਨਾਲੋਂ ਅਜੇ ਵੀ ਇਕ ਘੱਟ ਹੈ। ਨਵਨਿਯੁਕਤ 9 ਜੱਜਾਂ ਵਿੱਚੋਂ ਜਸਟਿਸ ਸ੍ਰੀਨਿਵਾਸ ਓਕਾ ਸਭ ਤੋਂ ਸੀਨੀਅਰ ਹਨ। ਸਿਖਰਲੀ ਅਦਾਲਤ ਵਿੱਚ ਨਿਯੁਕਤੀ ਤੋਂ ਪਹਿਲਾਂ ਉਹ ਕਰਨਾਟਕ ਹਾਈ ਕੋਰਟ ਵਿੱਚ ਚੀਫ਼ ਜਸਟਿਸ ਸਨ। ਉਸ ਤੋਂ ਪਹਿਲਾਂ ਉਹ ਬੰਬੇ ਹਾਈਕੋਰਟ ਵਿੱਚ ਜੱਜ ਵੀ ਰਹੇ। ਉਹ ਬੁਨਿਆਦੀ ਹੱਕਾਂ ਤੇ ਨਾਗਰਿਕ ਆਜ਼ਾਦੀ ਦੀ ਸੁਰੱਖਿਆ ਲਈ ਦਿੱਤੇ ਫੈਸਲਿਆਂ ਨੂੰ ਲੈ ਕੇ ਮਕਬੂਲ ਹਨ। ਉਨ੍ਹਾਂ ਕੋਵਿਡ-19 ਮਹਾਮਾਰੀ ਨਾਲ ਜੁੜੇ ਮੁੱਦਿਆਂ ਸਮੇਤ ਪਰਵਾਸੀ ਕਾਮਿਆਂ ਦੇ ਦੁੱਖ ਤਕਲੀਫਾਂ ਬਾਰੇ ਵੀ ਕਈ ਹੁਕਮ ਪਾਸ ਕੀਤੇ ਹਨ।
ਜਸਟਿਸ ਨਾਗਰਤਨਾ ਨੂੰ 2027 ‘ਚ ਪਹਿਲੀ ਮਹਿਲਾ ਸੀਜੇਆਈ ਵਜੋਂ ਮਿਲੇਗਾ ਮੌਕਾ
ਜਸਟਿਸ ਬੀ.ਵੀ.ਨਾਗਰਤਨਾ ਸਤੰਬਰ 2027 ਮਗਰੋਂ ਸੀਜੇਆਈ ਦੇ ਅਹੁਦੇ ਦੀ ਕਤਾਰ ਵਿੱਚ ਲੱਗਣ ਵਾਲੀ ਪਹਿਲੀ ਮਹਿਲਾ ਹੋਣਗੇ। ਉਹ ਕਰਨਾਟਕ ਹਾਈਕੋਰਟ ਦੇ ਜੱਜ ਸਨ। ਉਨ੍ਹਾਂ ਨੂੰ ਜਸਟਿਸ ਵਿਕਰਮ ਨਾਥ ਮਗਰੋਂ ਇਕ ਮਹੀਨੇ ਲਈ ਨਿਆਂਪਾਲਿਕਾ ਦਾ ਮੁਖੀ ਬਣਨ ਦਾ ਮੌਕਾ ਮਿਲੇਗਾ। ਉਨ੍ਹਾਂ ਦਾ ਜਨਮ 30 ਅਕਤੂਬਰ 1962 ਨੂੰ ਸਾਬਕਾ ਸੀਜੇਆਈ ਈ.ਐੱਸ.ਵੈਂਕਟਰਮੱਈਆ ਦੇ ਘਰ ਹੋਇਆ। ਫਰਵਰੀ 2008 ਵਿੱਚ ਉਹ ਕਰਨਾਟਕ ਹਾਈਕੋਰਟ ਦੇ ਵਧੀਕ ਜੱਜ ਨਿਯੁਕਤ ਹੋਏ ਤੇ ਮਗਰੋਂ ਉਨ੍ਹਾਂ ਨੂੰ ਸਥਾਈ ਜੱਜ ਵਜੋਂ ਨਿਯੁਕਤੀ ਮਿਲ ਗਈ।

 

 

Check Also

ਸ਼ਰਧਾਲੂਆਂ ਦੇ ਲਈ ਬੰਦ ਹੋਏ ਗੰਗੋਤਰੀ ਧਾਮ ਦੇ ਕਿਵਾੜ

17 ਨਵੰਬਰ ਨੂੰ ਬੰਦ ਕੀਤੇ ਜਾਣਗੇ ਬਦਰੀਨਾਥ ਧਾਮ ਦੇ ਕਿਵਾੜ ਗੜ੍ਹਵਾਲ : ਗੰਗੋਤਰੀਧਾਮ ਦੇ ਕਿਵਾੜ …