ਕੈਨੇਡਾ ਨੂੰ ਬਦਨਾਮ ਕਰਨ ਦੀ ਸੀ ਕੋਸ਼ਿਸ਼
ਕਿਹਾ : ਭਾਰਤ ਯਾਤਰਾ ਦੌਰਾਨ ਭਾਰਤ ਦੇ ਸਰਕਾਰੀ ਅਮਲੇ ਨੇ ਉਨ੍ਹਾਂ ਦੀ ਦਿਖ ਨੂੰ ਵੀ ਖਰਾਬ ਕਰਨ ਦਾ ਕੀਤਾ ਯਤਨ
ਓਟਵਾ : ਭਾਰਤ ਯਾਤਰਾ ਤੋਂ ਵਾਪਸ ਪਰਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋ ਟੁੱਕ ਸ਼ਬਦਾਂ ‘ਚ ਆਖਿਆ ਕਿ ਭਾਰਤੀ ਸਰਕਾਰੀ ਅਮਲੇ ਨੇ ਕੈਨੇਡਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚਾਰ ਕੁ ਦਿਨ ਪਹਿਲਾਂ ਹੀ ਇਕ ਹਫਤੇ ਦੀ ਭਾਰਤ ਯਾਤਰਾ ਖਤਮ ਕਰਕੇ ਵਾਪਸ ਕੈਨੇਡਾ ਪਰਤੇ ਹਨ। ਇੱਥੇ ਪਹੁੰਚਦੇ ਹੀ ਟਰੂਡੋ ਨੇ ਆਪਣੀ ਗੱਲ ਰੱਖਦਿਆਂ ਭਾਰਤ ਨੂੰ ਨਿਸ਼ਾਨੇ ‘ਤੇ ਲਿਆ। ਟਰੂਡੋ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਦੇ ਉਸ ਦਾਅਵੇ ਦਾ ਸਮਰਥਨ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਯਾਤਰਾ ਦੌਰਾਨ ਭਾਰਤ ਦੇ ਸਰਕਾਰੀ ਅਮਲੇ ਨੇ ਉਨ੍ਹਾਂ ਦੀ ਦਿਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਦਰਅਸਲ, ਮੁੰਬਈ ਵਿਚ ਪ੍ਰਧਾਨ ਮੰਤਰੀ ਟਰੂਡੋ ਦੀ ਪਤਨੀ ਸੋਫੀ ਨਾਲ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਦੀ ਤਸਵੀਰ ਸਾਹਮਣੇ ਆਈ ਸੀ। ਦਿੱਲੀ ਵਿਚ ਕੈਨੇਡੀਅਨ ਹਾਈ ਕਮਾਨ ਦੁਆਰਾ ਆਯੋਜਿਤ ਡਿਨਰ ਵਿਚ ਵੀ ਅਟਵਾਲ ਨੂੰ ਸੱਦਾ ਦਿੱਤਾ ਸੀ।
ਭਾਰਤ ਨੇ ਵੀ ਮੋੜੀ ਭਾਜੀ : ਸਾਨੂੰ ਮਨਜ਼ੂਰ ਨਹੀਂ ਤੱਥਾਂ ਵਹੀਨ ਗੱਲਾਂ
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਕੈਨੇਡਾ ਦੀ ਸੰਸਦ ਵਿਚ ਹਾਲ ਹੀ ਵਿਚ ਚਰਚਾ ਨੂੰ ਦੇਖਿਆ ਹੈ। ਅਸੀਂ ਸਾਫ ਕਹਿਣਾ ਚਾਹੁੰਦੇ ਹਾਂ ਕਿ ਚਾਹੇ ਉਹ ਮੁੰਬਈ ਵਿਚ ਅਟਵਾਲ ਦੀ ਮੌਜੂਦਗੀ ਹੋਵੇ ਜਾਂ ਨਹੀਂ ਦਿੱਲੀ ਵਿਚ ਡਿਨਰ ਵਿਚ ਉਸ ਨੂੰ ਸੱਦਾ ਦਿੱਤੇ ਜਾਣ ਦਾ ਮਾਮਲਾ ਹੈ, ਭਾਰਤੀ ਸੁਰੱਖਿਆ ਏਜੰਸੀਆਂ ਦਾ ਅਟਵਾਲ ਦੀ ਮੌਜੂਦਗੀ ਨਾਲ ਕੋਈ ਸਬੰਧ ਨਹੀਂ ਹੈ। ਇਸ ਤਰ੍ਹਾਂ ਦੀਆਂ ਗੱਲਾਂ ਅਧਾਰਹੀਣ ਹਨ ਅਤੇ ਅਸੀਂ ਕਦੇ ਵੀ ਇਸ ਨੂੰ ਮਨਜੂਰ ਨਹੀਂ ਕਰਾਂਗੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …