Breaking News
Home / ਹਫ਼ਤਾਵਾਰੀ ਫੇਰੀ / ਕੰਸਰਵੇਟਿਵ ਪਾਰਟੀ ਨੇ ਖਾਲਿਸਤਾਨੀ ਅੱਤਵਾਦ ਬਾਰੇ ਵਿਵਾਦਗ੍ਰਸਤ ਬਿਲ ਫਿਲਹਾਲ ਕੀਤਾ ਮੁਲਤਵੀ

ਕੰਸਰਵੇਟਿਵ ਪਾਰਟੀ ਨੇ ਖਾਲਿਸਤਾਨੀ ਅੱਤਵਾਦ ਬਾਰੇ ਵਿਵਾਦਗ੍ਰਸਤ ਬਿਲ ਫਿਲਹਾਲ ਕੀਤਾ ਮੁਲਤਵੀ

ਓਟਵਾ/ਬਿਊਰੋ ਨਿਊਜ਼ : ਵੀਰਵਾਰ ਸਵੇਰੇ ਕੰਸਰਵੇਟਿਵ ਪਾਰਟੀ ਵੱਲੋਂ ਕੈਨੇਡਾ ਵਿੱਚਲੇ ‘ਖਾਲਿਸਤਾਨ ਅੱਤਵਾਦ’ ਬਾਰੇ ਪੇਸ਼ ਕੀਤਾ ਜਾਣ ਵਾਲਾ ਬਿੱਲ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।
ਵਰਨਣਯੋਗ ਹੈ ਕਿ ਬੁੱਧਵਾਰ ਨੂੰ ਜਦੋਂ ਹੀ ਇਹ ਖ਼ਬਰ ਆਈ ਕਿ ਕੰਸਰਵੇਟਿਵ ਪਾਰਟੀ ਕੈਨੇਡਾ ਵਿੱਚ ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਅਤੇ ਹਿੰਸਾ ਨੂੰ ਵਧਾਉਣ ਵਾਲੇ ਲੋਕਾਂ ਦੇ ਖਿਲਾਫ ਵੀਰਵਾਰ ਸਵੇਰੇ ਹਾਊਸ ਆਫ ਕਾਮਨਜ਼ ਵਿੱਚ ਇਕ ਬਿੱਲ ਪੇਸ਼ ਕਰੇਗੀ ਤਾਂ ਸਿੱਖ ਭਾਈਚਾਰੇ ਦੇ ਕਈ ਹਲਕਿਆਂ ਅਤੇ ਸੰਸਥਾਵਾਂ ਵੱਲੋਂ ਇਸਦਾ ਜ਼ੋਰਦਾਰ ਵਿਰੋਧ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਬਿੱਲ ਨੂੰ ਪੇਸ਼ ਕਰਨ ਵਾਲੇ ਡਰਹਮ ਦੇ ਐਮਪੀ ਐਰਿਨ ਓ ਟੂਲ ਅਤੇ ਪਾਰਟੀ ਲੀਡਰ ਐਂਡਰਿਊ ਸ਼ੀਅਰ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਫੋਨ ਰਾਹੀਂ, ਈਮੇਲ ਰਾਹੀਂ ਇਹ ਸੁਨੇਹਾ ਪਹੁੰਚਾਊਣ ਕਿ ਇਹ ਬਿੱਲ ਸਿਰਫ਼ ਸਿੱਖਾਂ ਨੂੰ ਨਿਸ਼ਾਨੇ ‘ਤੇ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਸਾਰੇ ਸਿੱਖਾਂ ਨੂੰ ਅੱਤਵਾਦੀ ਦੱਸ ਕੇ ਬਦਨਾਮ ਕਰਨ ਦੀ ਇਕ ਸੋਚੀ-ਸਮਝੀ ਸਾਜਿਸ਼ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਟੋਰਾਂਟੋ ਤੋਂ ਡਿਕਸੀ ਗੁਰੂਘਰ ਦੀ ਮੈਨਜਮੈਂਟ ਕਮੇਟੀ ਤੋਂ ਇਲਾਵਾ ਕਈ ਹੋਰ ਗੁਰੂਘਰਾਂ, ਬੀਸੀ ਤੋਂ ਲਗਭਗ 15 ਗੁਰੂਘਰਾਂ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਵੀ ਇਸ ਬਿੱਲ ਦਾ ਸਖ਼ਤ ਵਿਰੋਧ ਕੀਤਾ ਗਿਆ, ਜਿਸਦੇ ਚਲਦਿਆਂ ਕੰਸਰਵੇਟਿਵ ਪਾਰਟੀ ਨੇ ਇਸ ਨੂੰ ਫਿਲਹਾਲ ਦੋ ਹਫਤਿਆਂ ਲਈ ਮੁਲਤਵੀ ਕਰਨ ਵਿੱਚ ਹੀ ਭਲਾਈ ਸਮਝੀ।
ਪਾਰਟੀ ਦੇ ਇਕ ਹੋਰ ਐਮਪੀ ਦੀਪਕ ਓਬਰਾਏ, ਜਿਨ੍ਹਾਂ ਨੇ ਇਸ ਬਿੱਲ ‘ਤੇ ਹੋਣ ਵਾਲੀ ਬਹਿਸ ਵਿੱਚ ਹਿੱਸਾ ਲੈਣਾ ਸੀ, ਵੱਲੋਂ ਵੀ ਭੇਜੀ ਗਈ ਇਕ ਈਮੇਲ ਮੁਤਾਬਕ ਇਹ ਬਿੱਲ ਹੁਣ ਤਰਮੀਮ ਕਰਕੇ ਦੋ ਹਫਤੇ ਬਾਦ ਫਿਰ ਪੇਸ਼ ਕੀਤਾ ਜਾਵੇਗਾ। ਪਰੰਤੂ ਕੁਝ ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਕਿ ਲਗਦਾ ਹੈ ਕਿ ਹੁਣ ਦੋਬਾਰਾ ਕੰਸਰਵੇਟਿਵ ਪਾਰਟੀ ਅਜਿਹਾ ਬਿੱਲ ਪੇਸ਼ ਨਹੀਂ ਕਰੇਗੀ ਕਿਊਂਕਿ ਇਨ੍ਹਾਂ ਵੱਡਾ ਵਿਰੋਧ ਹੋਣ ਤੋਂ ਬਾਦ ਪਾਰਟੀ ਅਜਿਹਾ ਜੌਖਮ ਨਹੀਂ ਲਵੇਗੀ। ਵੈਸੇ ਵੀ ਪਾਰਟੀ ਦੇ ਆਪਣੇ ਕਈ ਐਮਪੀ ਵੀ ਇਸ ਬਿੱਲ ਦੀ ਸ਼ਬਦਾਵਲੀ ਨਾਲ ਸਹਿਮਤ ਨਹੀਂ ਸਨ ਅਤੇ ਉਨ੍ਹਾਂ ਦਾ ਦੋਸ਼ ਸੀ ਕਿ ਪਾਰਟੀ ਪੱਧਰ ‘ਤੇ ਬਿਨਾਂ ਵਿਚਾਰਿਆਂ ਇਹ ਬਿੱਲ ਪੇਸ਼ ਕੀਤਾ ਜਾ ਰਿਹਾ ਸੀ।
ਪੇਸ਼ ਹੈ ਇਸ ਬਿੱਲ ਦਾ ਪੰਜਾਬੀ ਵਿੱਚ ਤਰਜ਼ਮਾ:
ਇਹ ਹਾਊਸ
ਕੈਨੇਡੀਅਨ ਸਿੱਖਾਂ ਅਤੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਕੌਮੀ ਪੱਧਰ ‘ਤੇ ਪਾਏ ਯੋਗਦਾਨ ਦੀ ਸ਼ਲਾਘਾ ਕਰਦਾ ਹੈ।
ਬਹੁਤ ਹੀ ਸਖ਼ਤ ਸ਼ਬਦਾਂ ਵਿੱਚ ਨਿੇਖਧੀ ਕਰਦਾ ਹੈ ਕਿਸੇ ਵੀ ਤਰਾ੍ਹਂ ਦੇ ਅੱਤਵਾਦ ਦੀ, ਜਿਸ ਵਿੱਚ ਖਾਲਿਸਤਾਨੀ ਅੱਤਵਾਦ ਸ਼ਾਮਲ ਹੈ, ਅਜਿਹੇ ਕਿਸੇ ਵੀ ਵਿਅਕਤੀ ਦੀ ਪ੍ਰਸੰਸ਼ਾ ਕਰਨ ਦੀ ਵੀ, ਜੋ ਹਿੰਸਾ ਰਾਹੀਂ ਭਾਰਤ ਵਿੱਚ ਆਜ਼ਾਦ ਖਾਲਿਸਤਾਨ ਸੂਬੇ ਦੀ ਮੰਗ ਵਿੱਚ ਸ਼ਾਮਲ ਹੋਵੇ।
ੲ) ਸੰਯੁਕਤ ਭਾਰਤ ਲਈ ਵਚਨਬੱਧ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਉਸ ਤੋਂ ਬਾਅਦ ਸਾਬਕਾ ਅੱਤਵਾਦੀ ਜਸਪਾਲ ਅਟਵਾਲ ਨੂੰ ਕੈਨੇਡੀਅਨ ਹਾਈ ਕਮਿਸ਼ਨਰ ਵੱਲੋਂ ਰਾਤਰੀ ਭੋਜ ਲਈ ਦਿੱਤੇ ਸੱਦੇ ਤੋਂ ਬਾਅਦ ਪੈਦਾ ਹੋਏ ਵਿਵਾਦ ਤੋਂ ਬਾਦ ਇਹ ਬਿੱਲ ਦੋਹਾਂ ਮੁਲਕਾਂ ਦੇ ਸਬੰਧਾਂ ਨੂੰ ਲੈ ਕੇ ਇਕ ਨਵਾਂ ਵਿਵਾਦ ਪੈਦਾ ਕਰ ਸਕਦਾ ਸੀ।
ਓਧਰ ਬਹੁਤ ਲੋਕ ਮੰਗ ਕਰ ਰਹੇ ਸਨ ਕਿ ਜੇਕਰ ਇਹ ਬਿੱਲ ਪੇਸ਼ ਹੁੰਦਾ ਹੈ ਤਾਂ ਕੰਸਰਵੇਟਿਵ ਪਾਰਟੀ ਦੇ ਲੀਡਰਾਂ ਦੇ ਗੁਰੂਘਰਾਂ ਵਿੱਚ ਦਾਖਲੇ ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇ।
ਕਈ ਲੋਕਾਂ ਦੀ ਇਹ ਵੀ ਚਿੰਤਾ ਹੈ ਕਿ ਰਾਜਨੀਤੀ ਵਿੱਚ ਧਰਮ ਦੀ ਸ਼ਮੂਲੀਅਤ ਤੋਂ ਮੁਕਤ ਕੈਨੇਡਾ ਵਿੱਚ ਧਾਰਮਿਕ ਮਾਮਲਿਆਂ ਨੂੰ ਦਖ਼ਲਅੰਦਾਜ਼ੀ ਬਹੁਤ ਹੀ ਖ਼ਤਰਨਾਕ ਰੂਪ ਧਾਰਣ ਕਰਦੀ ਜਾ ਰਹੀ ਹੈ। ਜਿਸਦਾ ਅਸਰ ਇਹ ਹੈ ਕਿ ਭਾਰਤੀ ਭਾਈਚਾਏ ਦੇ ਲੋਕ ਵੀ ਹੁਣ ਦੋ ਹਿੱਸਿਆਂ (ਪਾਰਟੀਆਂ) ਵਿੱਚ ਵੰਡੇ ਸਾਫ਼ ਨਜ਼ਰ ਆ ਰਹੇ ਹਨ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …