13.8 C
Toronto
Tuesday, March 10, 2026
spot_img
Homeਹਫ਼ਤਾਵਾਰੀ ਫੇਰੀਕਰਤਾਰਪੁਰ ਦੀ ਮਿੱਟੀ ਨੂੰ ਸੁੰਘ ਕੇ ਚੈਕ ਕਰਦੇ ਨੇ ਕਸਟਮ ਅਧਿਕਾਰੀ

ਕਰਤਾਰਪੁਰ ਦੀ ਮਿੱਟੀ ਨੂੰ ਸੁੰਘ ਕੇ ਚੈਕ ਕਰਦੇ ਨੇ ਕਸਟਮ ਅਧਿਕਾਰੀ

ਸ਼ਰਧਾਲੂਆਂ ਦਾ ਕਹਿਣਾ – ਸੋਨੇ-ਚਾਂਦੀ ਨਾਲੋਂ ਵੀ ਵੱਧ ਕੀਮਤੀ ਕਰਤਾਰਪੁਰ ਸਾਹਿਬ ਦੀ ਮਿੱਟੀ
ਜਲੰਧਰ/ਬਿਊਰੋ ਨਿਊਜ਼ : ਕੌਮਾਂਤਰੀ ਸਰਹੱਦਾਂ ‘ਤੇ ਤਾਇਨਾਤ ਕਸਟਮ ਅਧਿਕਾਰੀ ਆਮ ਤੌਰ ‘ਤੇ ਬੇਸ਼ਕੀਮਤੀ ਚੀਜ਼ਾਂ ‘ਤੇ ਹੀ ਤਿੱਖੀ ਨਜ਼ਰ ਰੱਖਦੇ ਹਨ। ਕਸਟਮ ਅਧਿਕਾਰੀਆਂ ਦਾ ਸੋਨਾ, ਚਾਂਦੀ, ਹੀਰਿਆਂ ਅਤੇ ਹੋਰ ਕੀਮਤੀ ਚੀਜ਼ਾਂ ਦੀ ਤਸਕਰੀ ‘ਤੇ ਵੀ ਸਾਰਾ ਧਿਆਨ ਹੁੰਦਾ ਹੈ ਪਰ ਕਰਤਾਰਪੁਰ ਲਾਂਘੇ ਰਾਹੀਂ ਵਾਪਸ ਆਉਣ ਵਾਲੇ ਸ਼ਰਧਾਲੂਆਂ ਦਾ ਸਾਮਾਨ ਫਰੋਲਣ ਲੱਗਿਆਂ ਕਸਟਮ ਅਧਿਕਾਰੀ ਉਨ੍ਹਾਂ ਦੇ ਬੈਗਾਂ ਵਿਚੋਂ ਮਿੱਟੀ ਲੱਭਦੇ ਹਨ। ਇਨ੍ਹਾਂ ਸ਼ਰਧਾਲੂਆਂ ਦਾ ਬੈਗ ਚੈੱਕ ਕਰਨ ਤੋਂ ਪਹਿਲਾਂ ਹੀ ਕਸਟਮ ਅਧਿਕਾਰੀ ਉਨ੍ਹਾਂ ਨੂੰ ਇਹ ਪੁੱਛ ਲੈਂਦੇ ਹਨ ਕਿ ਕਿਤੇ ਉਹ ਮਿੱਟੀ ਤਾਂ ਨਹੀਂ ਲੈ ਕੇ ਆਏ? ਜਿਹੜੇ ਸ਼ਰਧਾਲੂਆਂ ਦੇ ਬੈਗਾਂ ਵਿਚੋਂ ਮਿੱਟੀ ਮਿਲਦੀ ਹੈ ਉਨ੍ਹਾਂ ਨੂੰ ਇਹ ਅਧਿਕਾਰੀ ਸੁੰਘ-ਸੁੰਘ ਕੇ ਚੈੱਕ ਕਰਦੇ ਹਨ। ਕਸਟਮ ਅਧਿਕਾਰੀ ਮਿੱਟੀ ਨੂੰ ਵਾਰ-ਵਾਰ ਹੱਥ ਲਾ ਕੇ ਮਲਦੇ ਹਨ, ਫਿਰ ਉਹ ਕਈ ਵਾਰ ਸੁੰਘਦੇ ਹਨ ਪਰ ਉਹ ਸ਼ਰਧਾਲੂਆਂ ਵੱਲੋਂ ਮਿੱਟੀ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦਿੰਦੇ। ਲਾਂਘੇ ਦੇ ਸ਼ੁਰੂਆਤੀ ਜਥਿਆਂ ‘ਚ ਵਾਪਸ ਪਰਤੇ ਜਿਹੜੇ ਸ਼ਰਧਾਲੂਆਂ ਕੋਲ ਬਾਬੇ ਨਾਨਕ ਦੇ ਖੇਤਾਂ ਦੀ ਮਿੱਟੀ ਸੀ ਉਨ੍ਹਾਂ ਨੂੰ ਇਹ ਉਚੇਚਾ ਪੁੱਛਿਆ ਜਾਂਦਾ ਸੀ ਕਿ ਉਹ ਮਿੱਟੀ ਕਿਉਂ ਲੈ ਕੇ ਆਏ ਹਨ। ਹੋਰ ਜਿਹੜੇ ਯਾਤਰੂ ਮਿੱਟੀ ਲੈ ਕੇ ਆਏ ਸਨ ਉਨ੍ਹਾਂ ਦਾ ਇਹ ਕਹਿਣਾ ਸੀ ਕਿ 72 ਸਾਲਾਂ ਤੋਂ ਉਹ ਇਸ ਮਿੱਟੀ ਨੂੰ ਹੀ ਸਿਜਦਾ ਕਰਨ ਲਈ ਤਰਸ ਰਹੇ ਹਨ, ਹੁਣ ਜਦੋਂ ਸਿੱਖ ਪੰਥ ਦੀਆਂ ਕੀਤੀਆਂ ਬੇਅੰਤ ਅਰਦਾਸਾਂ ਨੂੰ ਬੂਰ ਪਿਆ ਹੈ ਤੇ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ ਤਾਂ ਉੱਥੇ ਉਹ ਬਾਬੇ ਦੇ ਖੇਤਾਂ ਦੀ ਮਿੱਟੀ ਵੀ ਲਿਆ ਰਹੇ ਹਨ। ਇਨ੍ਹਾਂ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਲਈ ਇਹ ਮਿੱਟੀ ਸੋਨੇ, ਚਾਂਦੀ ਜਾਂ ਹੀਰਿਆਂ ਤੋਂ ਵੀ ਕੀਮਤੀ ਹੈ। ਡੇਰਾ ਬਾਬਾ ਨਾਨਕ ਨੇੜੇ ਬਣੇ ਲਾਂਘੇ ਰਾਹੀਂ ਪਰਤੇ ਇਕ ਸ਼ਰਧਾਲੂ ਨੇ ਦੱਸਿਆ ਕਿ ਅਸਲ ਵਿਚ ਸਰਕਾਰਾਂ ਮਿੱਟੀ ਨਾਲ ਜੁੜੇ ਹੋਏ ਕਿਰਤੀਆਂ ਤੋਂ ਹਮੇਸ਼ਾ ਡਰਦੀਆਂ ਰਹੀਆਂ ਹਨ ਕਿਉਂਕਿ ਸਰਕਾਰਾਂ ਜਾਣਦੀਆਂ ਹਨ ਕਿ ਜਦੋਂ ਵੀ ਕੋਈ ਬਗ਼ਾਵਤ ਉੱਠੀ ਤਾਂ ਜ਼ਮੀਨ ਨਾਲ ਜੁੜੇ ਲੋਕ ਹੀ ਮੋਹਰਲੀ ਕਤਾਰ ਵਿਚ ਹੋਣਗੇ। ਜਿਹੜੀ ਸਰਕਾਰ ਮਿੱਟੀ ਤੋਂ ਹੀ ਡਰ ਰਹੀ ਹੈ ਉਸ ਨੂੰ ਇਸ ਦੇ ਅਸਲ ਅਰਥਾਂ ਦਾ ਪਤਾ ਹੈ ਕਿ ਮਿੱਟੀ ਨਾਲ ਜੁੜਿਆ ਹੋਇਆ ਇਨਸਾਨ ਹੀ ਹਰ ਫਰੰਟ ‘ਤੇ ਲੜਨ ਦੇ ਸਮਰੱਥ ਹੁੰਦਾ ਹੈ।
ਮਜ਼ਾਰ ਨੇੜੇ ਖ਼ੂਹ ਕੋਲੋਂ ਤੇ ਖੇਤਾਂ ‘ਚੋਂ ਲਿਆਉਂਦੇ ਨੇ ਸ਼ਰਧਾਲੂ ਮਿੱਟੀ
ਕਸਟਮ ਅਧਿਕਾਰੀਆਂ ਲਈ ਮਿੱਟੀ ਦੀ ਭਾਵੇਂ ਕੋਈ ਕੀਮਤ ਨਾ ਹੋਵੇ ਪਰ ਜਿਹੜਾ ਵੀ ਸ਼ਰਧਾਲੂ ਇਸ ਨੂੰ ਲਿਆ ਰਿਹਾ ਹੈ ਉਹ ਇਸ ਨੂੰ ਬੇਸ਼ਕੀਮਤੀ ਮੰਨਦਾ ਹੈ। ਜ਼ਿਆਦਾਤਰ ਸ਼ਰਧਾਲੂ ਮਿੱਟੀ ਉਸ ਥਾਂ ਤੋਂ ਲਿਆਉਂਦੇ ਹਨ ਜਿਥੇ ਬਾਬੇ ਨਾਨਕ ਦੀ ਮਜ਼ਾਰ ਬਣਾਈ ਗਈ ਹੈ ਤੇ ਨਾਲ ਹੀ ਉਹ ਖੂਹ ਹੈ ਜਿਥੋਂ ਗੁਰੂ ਨਾਨਕ ਦੇਵ ਜੀ ਖੇਤਾਂ ਨੂੰ ਪਾਣੀ ਲਾਉਂਦੇ ਸਨ। ਕਈ ਸ਼ਰਧਾਲੂ ਖੇਤਾਂ ਵਿਚੋਂ ਮਿੱਟੀ ਲਿਆਉਂਦੇ ਹਨ। ਇਕ ਸ਼ਰਧਾਲੂ ਬੀਬੀ ਦਾ ਕਹਿਣਾ ਸੀ ਕਿ ਇਹ ਮਿੱਟੀ ਹੀ ਤਾਂ ਉਨ੍ਹਾਂ ਨੂੰ ਅਵਾਜ਼ਾਂ ਮਾਰ ਰਹੀ ਸੀ, ਜਿਸ ਨੂੰ ਹੱਥ ਲਾਉਣ ਦਾ ਮੌਕਾ ਹੀ 70 ਸਾਲ ਬਾਅਦ ਮਿਲਿਆ ਹੈ।

RELATED ARTICLES
POPULAR POSTS