ਐਸਜੀਪੀਸੀ ਨੂੰ ਸਹਿਣਾ ਪੈ ਰਿਹਾ ਹੈ ਕਰੋੜਾਂ ਰੁਪਏ ਦਾ ਬੋਝ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਦੇ ਸਭ ਤੋਂ ਵੱਡੇ ਲੰਗਰ ‘ਤੇ ਜੀ. ਐੱਸ. ਟੀ. ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਲੱਗਭਗ 1 ਲੱਖ ਸੰਗਤਾਂ ਲੰਗਰ ਛਕਦੀਆਂ ਹਨ। ਇਸ ਤੋਂ ਇਲਾਵਾ ਸ਼ਨੀਵਾਰ, ਐਤਵਾਰ ਤੇ ਤਿਓਹਾਰਾਂ ਦੇ ਮੌਕੇ 2-3,00,000 ਸ਼ਰਧਾਲੂ ਲੰਗਰ ਛਕਦੇ ਹਨ। ઠਜੀ. ਐੱਸ. ਟੀ.ਲਾਗੂ ਹੋਣ ਮਗਰੋਂ ਇਸ ਲੰਗਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 4-5 ਕਰੋੜ ਰੁਪਏ ਦਾ ਵਾਧੂ ਬੋਝ ਸਹਿਣਾ ਪੈ ਰਿਹਾ ਹੈ।
ਸਾਲ ਭਰ ਵਧੇਗਾ ਬੋਝ : ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤਾਂ ਲਈ ਤਿਆਰ ਹੋਣ ਵਾਲੇ ਲੰਗਰ ਵਿਚ ਰੋਜ਼ਾਨਾ 800 ਕਿਲੋਗ੍ਰਾਮ ਆਟਾ, 500 ਕਿਲੋਗ੍ਰਾਮ ਚੌਲ, 700 ਕਿਲੋਗ੍ਰਾਮ ਦਾਲ ਅਤੇ 400 ਕਿਲੋਗ੍ਰਾਮ ਘਿਓ ਦੀ ਖਪਤ ਹੁੰਦੀ ਹੈ। ਲੰਗਰ ਤਿਆਰ ਕਰਨ ਲਈ ਵਰਤਣ ਵਾਲਾ ਸਾਮਾਨ ਜਿਵੇਂ ਕਿ ਘਿਓ, ਖੰਡ, ਦਾਲਾਂ ਦਾ ਸਾਲਾਨਾ ਖਰਚਾ 40-50 ਕਰੋੜ ਰੁਪਏ ਆਉਂਦਾ ਹੈ। ਜੀ. ਐੱਸ. ਟੀ. ਲਾਗੂ ਹੋਣ ਮਗਰੋਂ ਘਿਓ ਤੇ ਸਾਰੀ ਸਮੱਗਰੀ ‘ਤੇ ਵੱਖ-ਵੱਖ ਟੈਕਸ ਲੱਗ ਰਿਹਾ ਹੈ। ਜਿਸ ਨਾਲ ਲੰਗਰ ‘ਤੇ ਸਾਲਾਨਾ 10-12 ਕਰੋੜ ਰੁਪਏ ਦਾ ਭਾਰ ਪਵੇਗਾ। ਗੁਰਦੁਆਰਾ ਸਾਹਿਬ ਵਿਖੇ ਪ੍ਰਸਾਦੇ ਮਸ਼ੀਨ ਨਾਲ ਤਿਆਰ ਕਰਵਾਏ ਜਾਂਦੇ ਹਨ। ਇਹ ਮਸ਼ੀਨ ਇਕ ਘੰਟੇ ਵਿਚ 25000 ਪ੍ਰਸ਼ਾਦੇ ਬਣਾ ਸਕਦੀ ਹੈ। ਅਜਿਹੇ ਵਿਚ ਕਮੇਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਲੰਗਰ ਨੂੰ ਜੀ. ਐੱਸ. ਟੀ.ਦੇ ਘੇਰੇ ਤੋਂ ਬਾਹਰ ਰੱਖਣਾ ਚਾਹੀਦਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਕ ਐੱਨ. ਜੀ. ਓ. ਨੂੰ ਮੁਕਤ ਕੀਤਾ ਹੋਇਆ ਹੈ। ਅਜਿਹੇ ਵਿਚ ਗੁਰਦੁਆਰਾ ਸਾਹਿਬਾਨ ਨੂੰ ਵੀ ਛੋਟ ਦਿੱਤੀ ਜਾਵੇ। ਇਹ ਸਿਰਫ ਇਕ ਗੁਰਦੁਆਰਾ ਸਾਹਿਬ ਬਾਰੇ ਪ੍ਰਗਟਾਵਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ (ਡੀ. ਐੱਸ. ਜੀ.ਪੀ. ਸੀ.) ਦੇ ਅਧੀਨ ਕਈ ਵੱਡੇ ਗੁਰਦੁਆਰਾ ਸਾਹਿਬਾਨ ਆਉਂਦੇ ਹਨ, ਜਿਨ੍ਹਾਂ ਵਿਚ ਸ੍ਰੀ ਬੰਗਲਾ ਸਾਹਿਬ ਦੇ ਇਲਾਵਾ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਮੋਤੀ ਬਾਗ, ਗੁਰਦੁਆਰਾ ਨਾਨਕ ਪਿਆਓ ਸਭ ਤੋਂ ਵੱਡੇ ਗੁਰਦੁਆਰਾ ਸਾਹਿਬਾਨ ਹਨ ਜਿਥੇ ਸਾਰਾ ਦਿਨ ਲੰਗਰ ਚੱਲਦਾ ਹੈ। ਕਮੇਟੀ ਦਾ ਕਹਿਣਾ ਹੈ ਕਿ ਇਕ ਗੁਰਦੁਆਰਾ ਸਾਹਿਬ ‘ਤੇ ਕਰੋੜਾਂ ਦਾ ਬੋਝ ਪੈ ਰਿਹਾ ਹੈ।
ਕੇਂਦਰ ਸਰਕਾਰ ਲੰਗਰ ਨੂੰ ਜੀ.ਐੱਸ. ਟੀ.ਦੇ ਘੇਰੇ ਵਿਚੋਂ ਕੱਢੇ ਬਾਹਰ : ਸਿਰਸਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਜੀ.ਐੱਸ. ਟੀ.ਮਗਰੋਂ ਲੱਗਭਗ 1 ਕਰੋੜ ਰੁਪਏ ਦਾ ਬੋਝ ਸਾਡੇ ‘ਤੇ ਵਾਧੂ ਪੈ ਰਿਹਾ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਵੀ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਲੰਗਰ ਨੂੰ ਜੀ. ਐੱਸ. ਟੀ.ਦੇ ਘੇਰੇ ਵਿਚ ਨਾ ਲਿਆਵੇ ।
ਸ਼੍ਰੋਮਣੀ ਕਮੇਟੀ ਨੇ ਸੱਤ ਮਹੀਨਿਆਂ ਵਿੱਚ ਭਰੇ ਦੋ ਕਰੋੜ
ਅੰਮ੍ਰਿਤਸਰ : ਜੀਐਸਟੀ ਲਾਗੂ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਇੱਥੇ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰੂ ਘਰਾਂ ਵਿੱਚ ਆਉਣ ਵਾਲੀ ਸੰਗਤ ਨੂੰ ਮੁਫ਼ਤ ਲੰਗਰ ਛਕਾਉਂਦੀ ਹੈ, ਨੂੰ ਪਿਛਲੇ ਵਰ੍ਹੇ ਜੁਲਾਈ 2017 ਤੋਂ ਲੈ ਕੇ ਹੁਣ ਤੱਕ ਲਗਭਗ ਦੋ ਕਰੋੜ ਰੁਪਏ ਜੀਐਸਟੀ ਟੈਕਸ ਵਜੋਂ ਵਾਧੂ ਬੋਝ ਝੱਲਣਾ ਪਿਆ ਹੈ। ਮਿਲੇ ਵੇਰਵਿਆਂ ਮੁਤਾਬਕ ਇੱਕ ਜੁਲਾਈ 2017 ਤੋਂ ਲੈ ਕੇ 31 ਜਨਵਰੀ 2018 ਤੱਕ ਸੱਤ ਮਹੀਨਿਆਂ ਵਿੱਚ ਸ਼੍ਰੋਮਣੀ ਕਮੇਟੀ ਨੇ ਗੁਰੂ ਘਰ ਦੇ ਲੰਗਰ ਦੇ ਸਾਮਾਨ, ਜਿਸ ਵਿੱਚ 4188 ਕੁਇੰਟਲ ਦੇਸੀ ਘਿਉ, 6210 ਕੁਇੰਟਲ ਖੰਡ, 1230 ਕੁਇੰਟਲ ਸੁੱਕਾ ਦੁੱਧ, 27240 ਸਿਲੰਡਰਾਂ ਤੋਂ ਇਲਾਵਾ ਰਿਫਾਇੰਡ ਤੇਲ, ਸਰ੍ਹੋਂ ਦਾ ਤੇਲ, ਮੋਟੀ ਲਾਚੀ, ਹਲਦੀ, ਜ਼ੀਰਾ, ਹਰੀ ਲੈਚੀ, ਚਾਹ ਪੱਤੀ, ਅਨਾਰਦਾਣਾ, ਧਣੀਆ, ਕਾਲੀ ਮਿਰਚ, ਮਗਜ਼, ਬੂਰਾ ਗਿਰੀ, ਸੌਂਫ, ਡੂੰਨੇ, ਪਤਲ ਆਦਿ ਵਸਤਾਂ ‘ਤੇ ਕਰੀਬ 20 ਕਰੋੜ 17 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਵਿੱਚੋਂ ਲਗਭਗ 1 ਕਰੋੜ 89 ਲੱਖ 90 ਹਜ਼ਾਰ ਰੁਪਏ ਬਤੌਰ ਜੀਐਸਟੀ ਟੈਕਸ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਦੇਸੀ ਘਿਉ ‘ਤੇ 12 ਫੀਸਦ ਜੀਐਸਟੀ ਅਤੇ ਸੁੱਕਾ ਦੁੱਧ, ਖੰਡ, ਰਿਫਾਇੰਡ, ਸਿਲੰਡਰ ਤੇ ਹੋਰ ਸਾਰੀਆਂ ਵਸਤਾਂ ‘ਤੇ ਪੰਜ ਫੀਸਦ ਜੀਐਸਟੀ ਫੰਡ ਦਾ ਭੁਗਤਾਨ ਕੀਤਾ ਗਿਆ ਹੈ। ਸਿਰਫ ਦੇਸੀ ਘਿਉ ਦੀ ਖਰੀਦ ‘ਤੇ ਹੀ ਡੇਢ ਕਰੋੜ ਰੁਪਏ ਟੈਕਸ ਦੇਣਾ ਪਿਆ ਹੈ ਜਦੋਂਕਿ ਸੁੱਕੇ ਦੁੱਧ ‘ਤੇ ਦਸ ਲੱਖ, ਖੰਡ ‘ਤੇ 12 ਲੱਖ ਅਤੇ ਗੈਸ ਸਿਲੰਡਰ ‘ਤੇ ਲਗਭਗ 9 ਲੱਖ ਰੁਪਏ ਟੈਕਸ ਦਾ ਭੁਗਤਾਨ ਕੀਤਾ ਗਿਆ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …