0.9 C
Toronto
Wednesday, January 7, 2026
spot_img
Homeਹਫ਼ਤਾਵਾਰੀ ਫੇਰੀਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰੋਨਾ ਦੇ ਚਲਦਿਆਂ ਮੁਲਤਵੀ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰੋਨਾ ਦੇ ਚਲਦਿਆਂ ਮੁਲਤਵੀ

ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰੋਨਾ ਵਾਇਰਸ ਕਰਕੇ ਮੁਲਤਵੀ ਕਰ ਦਿੱਤੀ ਗਈ ਹੈ। ਉਕਤ ਜਾਣਕਾਰੀ ਦਿੰਦਿਆਂ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਵਿਸ਼ਵ ਵਿਆਪੀ ਮਹਾਂਮਾਰੀ ਕਰੋਨਾ ਦੇ ਚੱਲਦਿਆਂ ਪੈਦਾ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਟਰੱਸਟ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ 1 ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਫ਼ਿਲਹਾਲ ਅਣਮਿਥੇ ਸਮੇਂ ਲਈ ਮੁਲਤਵੀ ਕੀਤੀ ਜਾਵੇ ਕਿਉਂਕਿ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਲਈ ਹਰ ਸਾਲ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਆਪਣੀ ਆਸਥਾ ਦਾ ਪ੍ਰਗਟਾਵਾ ਕਰਨ ਲਈ ਇੱਥੇ ਪੁੱਜਦੇ ਹਨ, ਅਜਿਹੇ ‘ਚ ਇਸ ਬਿਮਾਰੀ ਦੇ ਫੈਲਣ ਦਾ ਖ਼ਦਸ਼ਾ ਵਧੇਰੇ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵੀ ਯਾਤਰਾ ਸਬੰਧੀ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ, ਜਿਸ ਲਈ ਸਰਕਾਰ ਅਤੇ ਪ੍ਰਸ਼ਾਸਨ ਦੇ ਸਹਿਯੋਗ ਤੋਂ ਬਿਨਾ ਯਾਤਰਾ ਸੰਭਵ ਨਹੀਂ ਹੈ। ਇਸ ਸਬੰਧੀ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਸਥਿਤੀ ਦਾ ਜਾਇਜ਼ਾ ਲੈਣ ਗਏ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੀ ਬਜਾਏ ਐਤਕੀਂ ਰਿਕਾਰਡ ਤੋੜ ਬਰਫ਼ਬਾਰੀ ਹੋਣ ਕਰਕੇ ਸ੍ਰੀ ਹੇਮਕੁੰਟ ਸਾਹਿਬ ਦੇ ਆਸ-ਪਾਸ (ਅਟਲਾਕੋਟੀ) ਵਿਖੇ ਤਕਰੀਬਨ 300 ਫੁੱਟ ਲੰਬਾਈ ਅਤੇ 25 ਫੁੱਟ ਮੋਟਾਈ ਦਾ ਗਲੇਸ਼ੀਅਰ ਬਣਿਆ ਹੋਇਆ ਹੈ, ਜਦਕਿ ਗੁਰਦੁਆਰਾ ਸਾਹਿਬ ਦੀ ਇਮਾਰਤ, ਸਰੋਵਰ ਅਤੇ ਰਸਤਿਆਂ ਨੂੰ ਕਰੀਬ 12-15 ਫੁੱਟ ਬਰਫ਼ ਦੀ ਮੋਟੀ ਚਾਦਰ ਵਿਛੀ ਹੋਈ ਹੈ। ਜ਼ਿਕਰਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਹਰ ਸਾਲ ਲਗਪਗ 1 ਜੂਨ ਤੋਂ ਸ਼ੁਰੂ ਹੁੰਦੀ ਹੈ, ਜਿਸ ਤੋਂ ਪਹਿਲਾਂ 418 ਇੰਜੀਨੀਅਰ ਕੋਰ ਵਲੋਂ ਬਰਫ਼ ਨੂੰ ਹਟਾ ਕੇ ਸ਼ਰਧਾਲੂਆਂ ਲਈ ਰਸਤਾ ਤਿਆਰ ਕੀਤਾ ਜਾਂਦਾ ਹੈ।

RELATED ARTICLES
POPULAR POSTS