Breaking News
Home / ਹਫ਼ਤਾਵਾਰੀ ਫੇਰੀ / ਦਿਆਲ ਸਿੰਘ ਕਾਲਜ ਮਾਮਲੇ ‘ਚ ਪਾਕਿ ਬਣਿਆ ਭਾਰਤ ਲਈ ਉਦਾਹਰਨ

ਦਿਆਲ ਸਿੰਘ ਕਾਲਜ ਮਾਮਲੇ ‘ਚ ਪਾਕਿ ਬਣਿਆ ਭਾਰਤ ਲਈ ਉਦਾਹਰਨ

ਅਸਾਂ ਤੇ ਪਾਕਿ ‘ਚ ਬਚਾ ਲਈ ਦਿਆਲ ਸਿੰਘ ਮਜੀਠੀਆ ਦੀ ਸ਼ਾਨ, ਹੁਣ ਤੁਹਾਡੀ ਵਾਰੀ੩ : ਪ੍ਰੋ. ਮੁਸਤਫ਼ਾ

ਚੰਡੀਗੜ੍ਹ/ਬਿਊਰੋ ਨਿਊਜ਼  : ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਕਰਨ ਦੇ ਸਬੰਧ ਵਿਚ ਪਾਕਿਸਤਾਨ ਭਾਰਤੀਆਂ ਲਈ ਉਦਾਹਰਨ ਬਣ ਕੇ ਸਾਹਮਣੇ ਆਇਆ ਹੈ ਕਿ ਕਿਵੇਂ ਇਸ ਕਾਲਜ ਦੇ ਇਤਿਹਾਸ ਅਤੇ ਨਾਮ ਦੀ ਸ਼ਾਨ ਨੂੰ ਕਾਇਮ ਰੱਖਿਆ ਜਾ ਸਕੇ। ਪਾਕਿਸਤਾਨ ਵਿਚ ਇਸ ਨਾਮ ਦੀ ਸ਼ਾਨ ਨੂੰ ਕਾਇਮ ਰੱਖਣ ਵਿਚ ਸਫਲਤਾ ਹਾਸਲ ਕਰਨ ਵਾਲੇ ਪ੍ਰੋ. ਮੁਸਤਫਾ ਨੇ ਕਿਹਾ ਕਿ ਅਸੀਂ ਤਾਂ ਪਾਕਿਸਤਾਨ ਵਿਚ ਲੜਾਈ ਜਿੱਤ ਲਈ ਹੈ, ਹੁਣ ਭਾਰਤ ਦੀ ਵਾਰੀ।

ਉਹ 1987 ਦੇ ਦਿਨ ਸੀ ਜਦੋਂ ਲਾਹੌਰ ਦੇ ਸਰਕਾਰੀ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਦਾਤਾ ਸਾਹਿਬ ਕਾਲਜ ਕਰਨ ਦੀ ਕੱਟੜਪੰਥੀਆਂ ਦੀ ਮੁਹਿੰਮ ਪੂਰੇ ਜ਼ੋਰਾਂ ‘ਤੇ ਸੀ। ਸਹਾਇਕ ਪ੍ਰੋਫ਼ੈਸਰ ਗ਼ੁਲਾਮ ਮੁਸਤਫ਼ਾ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਜੇ ਨੌਜਵਾਨ ਲੈਕਚਰਾਰ ਵਜੋਂ ਕਾਲਜ ਵਿੱਚ ਆਇਆ ਹੀ ਸੀ। ਪਰ ਫਿਰ ਕੁਝ ‘ਰੌਸ਼ਨ ਖ਼ਿਆਲ ਲੋਕਾਂ’ ਨੇ ਲੜਾਈ ਲੜੀ ਤੇ ਕਾਲਜ ਦਾ ਨਾਂ ਸਰਕਾਰੀ ਦਿਆਲ ਸਿੰਘ ਕਾਲਜ ਹੀ ਰਿਹਾ। ਮੁਸਤਫ਼ਾ ਨੂੰ ਜਦੋਂ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ਲਈ ਸ਼ੁਰੂ ਕੀਤੇ ਅਮਲ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ, ‘ਕੀ ਭਾਰਤ ਵਿੱਚ ਰਹਿੰਦੇ ਬੁੱਧੀਜੀਵੀ ਵੀ ਉਸੇ ਤਰੀਕੇ ਦੀ ਲੜਾਈ ਵਿੱਢਣਗੇ?’

ਲਾਹੌਰ ਦੇ ਸਰਕਾਰੀ ਦਿਆਲ ਸਿੰਘ ਕਾਲਜ ਵਿੱਚ ਅੱਜਕੱਲ੍ਹ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਮੁਸਤਫ਼ਾ ਨੇ ਦੱਸਿਆ ਕਿ ਉਨ੍ਹਾਂ ਦਿਨਾਂ ਵਿਚ ਅਧਿਆਪਕਾਂ ਦੇ ਇਕ ਸਮੂਹ ਨੇ ਦਿਆਲ ਸਿੰਘ ਮਜੀਠੀਆ ਦਾ ਵੱਡਾ ਸਾਰਾ ਚਿੱਤਰ ਬਣਾ ਕੇ ਸਟਾਫ਼ ਰੂਮ ਦੀ ਕੰਧ ‘ਤੇ ਲਾਇਆ ਸੀ। ਪ੍ਰੋਫੈਸਰ ਨੇ ਕਿਹਾ, ‘ਹੁਣ ਨੌਜਵਾਨ ਵਿਦਿਆਰਥੀ ਅਕਸਰ ਸਾਨੂੰ ਇਸ ਤਸਵੀਰ ਬਾਰੇ ਪੁੱਛਦੇ ਹਨ ਤੇ ਅਸੀਂ ਬੜੇ ਮਾਣ ਨਾਲ ਦੱਸਦੇ ਹਾਂ ਕਿ ਇਸ ਸ਼ਖ਼ਸ ਨੇ ਕਾਲਜ ਖੋਲ੍ਹਣ ਲਈ ਆਪਣੀ ਜਾਇਦਾਦ ਤਕ ਵਾਰ ਦਿੱਤੀ ਸੀ।’ ਪੰਜਾਬ ਪ੍ਰੋਫੈਸਰਜ਼ ਤੇ ਲੈਕਚਰਰਜ਼ ਐਸੋਸੀਏਸ਼ਨ ਦੇ ઠ ਜਾਇੰਟ ਸਕੱਤਰ ਡਾ. ਸ਼ਫ਼ੀਕ ਬੱਟ ਨੇ ਕਿਹਾ ਕਿ ਹਾਲੀਆ ਸਾਲਾਂ ਵਿਚ ਇਹ ਕਾਲਜ ਸਿੱਖਿਆ ਸਰਗਰਮੀਆਂ ਲਈ ਸਭ ਤੋਂ ਵੱਡੇ ਕੇਂਦਰ ਵਜੋਂ ਉਭਰਿਆ ਹੈ। ਬੱਟ ਨੇ ਦੱਸਿਆ ਕਿ ਕਾਲਜ ਨੂੰ ਇਸ ਗੱਲ ਦਾ ਮਾਣ ਹੈ ਕਿ ਅਜਿਹੇ ਨਿਰਸਵਾਰਥ ਮਨੁੱਖ ਦੀ ਵੀ ਕਦੇ ਇਸ ਧਰਤੀ ‘ਤੇ ਹੋਂਦ ਰਹੀ ਹੈ। 1987 ਤੋਂ ਬਾਅਦ ਵੀ ਪਾਕਿਸਤਾਨ ਵਿੱਚ ਕਈ ਵਿਰਾਸਤੀ ਸੰਸਥਾਵਾਂ ਜਿਵੇਂ ਸਰ ਗੰਗਾ ਰਾਮ ਹਸਪਤਾਲ, ਦਿਆਲ ਸਿੰਘ ਕਾਲਜ ਦੇ ਨਾਵਾਂ ਨੂੰ ਤਬਦੀਲ ਕਰਨ ਲਈ ਹੱਲੇ ਹੋਏ, ਪਰ ਪਾਕਿਸਤਾਨੀ ਲੋਕਾਂ ਨੇ ਨਾ ਸਿਰਫ਼ ਇਨ੍ਹਾਂ ਦਾ ਵਿਰੋਧ ਕੀਤਾ ਬਲਕਿ ਲਾਹੌਰ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਸੰਸਥਾਵਾਂ ਨੂੰ ਇਨ੍ਹਾਂ ਦੇ ਅਸਲ ਨਾਵਾਂ ਨਾਲ ਹੀ ਜਾਣਿਆ ਜਾਵੇਗਾ।

ਇਹੀ ਨਹੀਂ ਸਰਹੱਦ ਦੇ ਇਸ ਪਾਸੇ ਵੀ ਅਜਿਹੇ ਕਾਰਕੁਨ ਹਨ ਜੋ ਦੋਵਾਂ ਮੁਲਕਾਂ ਵਿਚ ਅਮਨ ਬਹਾਲੀ ਦੇ ਮੁਦੱਈ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਕਈ ਚੀਜ਼ ਦਿਆਲ ਸਿੰਘ ਦੇ ਨਾਂ ‘ਤੇ ਹੈ, ਉਹ ਪੰਜਾਬ ਦੀ ਸਾਂਝੀ ਸਭਿਆਚਾਰਕ ਵਿਰਾਸਤ ਦਾ ਹਿੱਸਾ ਹੈ। ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਦਿੱਲੀ ਸਥਿਤ ਦਿਆਲ ਸਿੰਘ ਕਾਲਜ ਦੀ ਨਾਂ ਤਬਦੀਲੀ ਨੂੰ ਪਾਗਲਪਣ ਦੱਸਦਿਆਂ ਇਸ ਸਭ ਕਾਸੇ ਲਈ ਭਾਜਪਾ ਸਰਕਾਰ ਸਿਰ ਭਾਂਡਾ ਭੰਨ੍ਹਿਆ ਹੈ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ.ਚਮਨ ਲਾਲ, ਜਿਨ੍ਹਾਂ ਨੌਂ ਸਾਲ ਪਹਿਲਾਂ ਦਿਆਲ ਸਿੰਘ ਕਾਲਜ ਤੇ ਨਵੀਂ ਬਣੀ ਦਿਆਲ ਸਿੰਘ ਫਾਊਂਡੇਸ਼ਨ ਦੀ ਫ਼ੇਰੀ ਪਾਈ ਸੀ, ਨੇ ਕਿਹਾ, ‘ਪਾਕਿਸਤਾਨ ਦੇ ਲੋਕ ਇਸ ਕਾਲਜ ਨੂੰ ਆਪਣੀ ਵਿਰਾਸਤ ਮੰਨਦੇ ਹਨ, ਪਰ ਸਾਡੀ ਸਰਕਾਰ ਇਸ ਵਿਰਾਸਤ ਤੋਂ ਪੱਲਾ ਝਾੜਨ ਦੇ ਆਹਰ ਵਿੱਚ ਹੈ ਕਿਉਂਕਿ ਅਜਿਹੀਆਂ ਚੀਜ਼ਾਂ ਉਨ੍ਹਾਂ ਦੇ ਮੌਜੂਦਾ ਸਿਆਸੀ ਰਾਜ ਦੇ ਮੁਆਫ਼ਕ ਨਹੀਂ ਬੈਠਦੀਆਂ।

ਇਸਲਾਮਾਬਾਦ ਅਧਾਰਿਤ ਸਮਾਜ ਵਿਗਿਆਨੀ ਹਾਰੂਨ ਖਾਲਿਦ ਨੇ ਕਿਹਾ ਭਾਰਤ ਖੁਦ ਨੂੰ ਧਰਮ ਨਿਰਪੱਖ ਮੁਲਕ ਅਖਵਾ ਕੇ ਵੀ ਅਜਿਹੀਆਂ ਕਾਰਵਾਈਆਂ ਕਰ ਰਿਹਾ ਹੈ। ਪੰਜਾਬੀ ਲੇਖਕ ਤੇ ਕਾਲਮਨਵੀਸ ਅਗਰੀਸ ਮਹਿਮੂਦ ਅਵਾਨ ਨੇ ਕਿਹਾ ਕਿ ਸਭਿਅਕ ਭਾਈਚਾਰੇ ਆਪਣੇ ਸਮਾਜਸੇਵੀਆਂ ਦੀਆਂ ਯਾਦਾਂ ਦੇ ਨਾਂ ਨਹੀਂ ਬਦਲਦੀਆਂ। ਉਨ੍ਹਾਂ ਕਿਹਾ ਕਿ ਵਾਹਗਾ ਸਰਹੱਦ ਦੇ ਕਿਸੇ ਵੀ ਪਾਸੇ ਹੋਣ ਵਾਲੀ ਕੋਈ ਵੀ ਅਜਿਹੀ ਕਾਰਵਾਈ ਸਾਡੇ ਪੁਰਖਿਆਂ ਤੇ ਸ਼ਹੀਦਾਂ ਨਾਲ ਧੋਖਾ ਤੇ ਹੱਤਕ ਹੋਵੇਗੀ।

 

ਦਿਆਲ ਸਿੰਘ ਕਾਲਜ ਦਾ ਨਾਂ ਬਦਲਣਾ ਮਤਲਬ ਸਿੱਖ ਇਤਿਹਾਸ ਨੂੰ ਕਤਲ ਕਰਨਾ ਹੈ। ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਸਿਸਟਮ ‘ਚੋਂ ਬਾਹਰ ਕਰਨ ਦੀ ਚਾਲ ਹੈ।

-ਜਥੇ. ਗਿਆਨੀ ਗੁਰਬਚਨ ਸਿੰਘ

ਦਿਆਲ ਸਿੰਘ ਮਜੀਠੀਆ ਪ੍ਰਗਤੀਸ਼ੀਲ ਦੂਰਦਰਸ਼ੀ ਸਨ। ਸਾਨੂੰ ਨਾਂ ਬਦਲਣ ਵਰਗੀਆਂ ਛੋਟੀਆਂ-ਛੋਟੀਆਂ ਖੇਡਾਂ ਦੀ ਬਜਾਏ ਆਪਣੀ ਮਹਾਨ ਵਿਰਾਸਤ ਨੂੰ ਸੰਭਾਲਣਾ ਚਾਹੀਦਾ ਹੈ।

-ਕੈਪਟਨ ਅਮਰਿੰਦਰ ਸਿੰਘ

ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਣਾ ਬਹੁਤ ਹੀ ਮੰਦਭਾਗਾ ਕਦਮ ਹੈ। ਵਿਰਾਸਤ ਨਾਲ ਛੇੜਛਾੜ ਕਰਨਾ ਇਕ ਗੈਰ ਵਾਜਬ ਹਰਕਤ ਹੈ, ਅਜਿਹਾ ਨਹੀਂ ਹੋਣਾ ਚਾਹੀਦਾ।

-ਪ੍ਰਕਾਸ਼ ਸਿੰਘ ਬਾਦਲ

 

 

 

Check Also

ਉਨਟਾਰੀਓ ‘ਚ ਕਾਮਿਆਂ ਦੀ ਗੁਲਾਮੀ ਦਾ ਦੌਰ ਹੋਵੇਗਾ ਖ਼ਤਮ : ਕਿਰਤ ਮੰਤਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ ਉਨਟਾਰੀਓ ਪ੍ਰਾਂਤ ‘ਚ ਖੁੰਬਾਂ ਵਾਂਗ ਉੱਗਦੀਆਂ ਰੋਜ਼ਗਾਰ ਏਜੰਸੀਆਂ ‘ਚ ਕਾਮਿਆਂ ਨਾਲ ਹੁੰਦੇ …