Breaking News
Home / ਹਫ਼ਤਾਵਾਰੀ ਫੇਰੀ / ਦਿੱਲੀ ਦੀ ਟਰੈਕਟਰ ਪਰੇਡ ‘ਚ ਲੱਖਾਂ ਕਿਸਾਨ ਹੋਏ ਸ਼ਾਮਲ

ਦਿੱਲੀ ਦੀ ਟਰੈਕਟਰ ਪਰੇਡ ‘ਚ ਲੱਖਾਂ ਕਿਸਾਨ ਹੋਏ ਸ਼ਾਮਲ

37 ਕਿਸਾਨ ਆਗੂਆਂ ਖਿਲਾਫ ਕੇਸ ਦਰਜ
ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਪਹਿਲਾਂ ਵਾਂਗ ਜਾਰੀ ਰਹੇਗਾ : ਕਿਸਾਨ ਆਗੂ
ਸੰਯੁਕਤ ਮੋਰਚੇ ਵੱਲੋਂ ਪਹਿਲੀ ਫਰਵਰੀ ਦਾ ਸੰਸਦ ਮਾਰਚ ਰੱਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਕੱਢੀ ਟਰੈਕਟਰ ਪਰੇਡ ਮਾਰਚ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ 37 ਕਿਸਾਨ ਆਗੂਆਂ ਖਿਲਾਫ ਕੀਤੇ ਗਏ ਹਨ। ਇਨ੍ਹਾਂ ਦਰਜ ਕੇਸਾਂ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਦਾ ਇਨਾਮ ਕਰਾਰ ਦਿੱਤਾ ਹੈ। ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ‘ਐੱਫਆਈਆਰ, ਜੇਲ੍ਹ ਤੇ ਤਸੀਹੇ…ਅੰਦੋਲਨਾਂ ਦਾ ਇਨਾਮ ਹੁੰਦੇ ਹਨ।’ ਤਿੰਨ ਖੇਤੀ ਕਾਨੂੰਨਾਂ ਖਿਲਾਫ ਡਟੀਆਂ ਕਿਸਾਨ ਯੂਨੀਅਨਾਂ ਨੇ ਲੰਮੀ ਵਿਚਾਰ ਚਰਚਾ ਮਗਰੋਂ ਪਹਿਲੀ ਫਰਵਰੀ ਨੂੰ ਸੰਸਦ ਵੱਲ ਤਜਵੀਜ਼ਤ ਮਾਰਚ ਨੂੰ ਰੱਦ ਕਰ ਦਿੱਤਾ ਹੈ। ਇਸ ਦਿਨ ਸੰਸਦ ਵਿੱਚ ਸਾਲਾਨਾ ਬਜਟ ਪੇਸ਼ ਕੀਤਾ ਜਾਣਾ ਹੈ।
ਮੋਰਚੇ ਵਿੱਚ ਸ਼ਾਮਲ ਆਗੂਆਂ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਹ ਖੇਤੀ ਕਾਨੂੰਨਾਂ ਖਿਲਾਫ ਚੱਲਦੇ ਸੰਘਰਸ਼ ਨੂੰ ਪਹਿਲਾਂ ਵਾਂਗ ਜਾਰੀ ਰੱਖਣਗੇ। ਇਸ ਦੇ ਨਾਲ ਹੀ ਮੋਰਚੇ ਨੇ 30 ਜਨਵਰੀ ਨੂੰ ਦੇਸ਼ ਭਰ ਵਿੱਚ ਜਨਤਕ ਮੀਟਿੰਗਾਂ ਕਰਨ ਤੇ ਭੁੱਖ ਹੜਤਾਲਾਂ ਰੱਖਣ ਦਾ ਵੀ ਸੱਦਾ ਦਿੱਤਾ ਹੈ। ਉਧਰ ਜਿਨ੍ਹਾਂ 37 ਕਿਸਾਨ ਆਗੂਆਂ ਖਿਲਾਫ਼ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ, ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨ ਪਾਲ, ਬੀਕੇਯੂ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਤੇ ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਨਾਂ ਵੀ ਸ਼ਾਮਲ ਹਨ। ਲਾਲ ਕਿਲ੍ਹੇ ਤੇ ਦਿੱਲੀ ਦੇ ਹੋਰਨਾਂ ਖੇਤਰਾਂ ਵਿੱਚ ਹੋਈ ਹਿੰਸਾ ‘ਚ 394 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਹਿੰਸਾ ਮਾਮਲੇ ਵਿੱਚ ਹੁਣ ਤੱਕ ਕੁੱਲ 22 ਐੱਫਆਈਆਰ ਦਰਜ ਕੀਤੀਆਂ ਹਨ ਜਦੋਂਕਿ 200 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਵੱਲੋਂ ਹਿੰਸਾ ‘ਚ ਸ਼ਾਮਲ ਵਿਅਕਤੀਆਂ ਦੀ ਪਛਾਣ ਲਈ ਮਲਟੀਪਲ ਵੀਡੀਓਜ਼ ਤੇ ਸੀਸੀਟੀਵੀ ਫੁਟੇਜਾਂ ਖੰਘਾਲੀਆਂ ਜਾ ਰਹੀਆਂ ਹਨ। ਦਿੱਲੀ ਪੁਲਿਸ ਨੇ ਕਿਹਾ ਕਿ ਉਹ ਸਬੰਧਤ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਕਰੇਗੀ। ਇਸ ਦੌਰਾਨ ਇਹਤਿਆਤ ਵਜੋਂ ਲਾਲ ਕਿਲ੍ਹੇ ਦੀ ਸੁਰੱਖਿਆ ਵਧਾ ਦਿੱਤੀ ਗਈ। ਇਥੇ ਨੀਮ ਫੌਜੀ ਬਲ ਸੀਆਈਐੱਸਐੱਫ ਦੀਆਂ ਵਧੀਕ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਸਿੰਘੂ ਬਾਰਡਰ ‘ਤੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ.ਦਰਸ਼ਨ ਪਾਲ ਨੇ ਕਿਹਾ, ‘ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਪਿੱਛੇ ਸਰਕਾਰ ਦੀ ਸਾਜ਼ਿਸ਼ ਸੀ। ਦੀਪ ਸਿੱਧੂ ਆਰਐੱਸਐੱਸ ਦਾ ਬੰਦਾ ਹੈ। ਇਹੀ ਵਜ੍ਹਾ ਹੈ ਕਿ ਲਾਲ ਕਿਲ੍ਹੇ ‘ਤੇ ਧਾਰਮਿਕ ਝੰਡਾ ਝੁਲਾਉਣ ਮਗਰੋਂ ਪੁਲਿਸ ਨੇ ਉਸ ਨੂੰ ਉਥੋਂ ਜਾਣ ਦਿੱਤਾ। ਉਨ੍ਹਾਂ ਕਿਹਾ, ‘ਅਸੀਂ ਪਹਿਲੀ ਫਰਵਰੀ ਨੂੰ ਬਜਟ ਵਾਲੇ ਦਿਨ ਸੰਸਦ ਵੱਲ ਕੱਢੇ ਜਾਣ ਵਾਲੇ ਤਜਵੀਜ਼ਤ ਮਾਰਚ ਨੂੰ ਰੱਦ ਕਰ ਦਿੱਤਾ ਹੈ। ਪਰ ਸਾਡਾ ਅੰਦੋਲਨ ਪਹਿਲਾਂ ਵਾਂਗ ਜਾਰੀ ਰਹੇਗਾ ਤੇ 30 ਜਨਵਰੀ ਨੂੰ ਪੂਰੇ ਮੁਲਕ ਵਿੱਚ ਜਨਤਕ ਮੀਟਿੰਗਾਂ ਤੇ ਭੁੱਖ ਹੜਤਾਲਾਂ ਕੀਤੀਆਂ ਜਾਣਗੀਆਂ।’ ਇਸੇ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ ਕਿ ਮੰਗਲਵਾਰ ਨੂੰ ਕੌਮੀ ਰਾਜਧਾਨੀ ‘ਚ ਕੱਢੇ ਟਰੈਕਟਰ ਪਰੇਡ ਮਾਰਚ ਵਿੱਚ ਦੋ ਲੱਖ ਤੋਂ ਵੱਧ ਟਰੈਕਟਰ ਸ਼ਾਮਲ ਸਨ ਤੇ ਲੱਖਾਂ ਲੋਕਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ‘ਮਾਰਚ ਵਿੱਚ ਸ਼ਾਮਲ 99.9 ਫੀਸਦ ਪ੍ਰਦਰਸ਼ਨਕਾਰੀ ਕਿਸਾਨ ਸ਼ਾਂਤਮਈ ਸਨ।’ ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ, ‘ਸਾਨੂੰ ਲਾਲ ਕਿਲ੍ਹੇ ਵਿੱਚ ਵਾਪਰੇ ਘਟਨਾਕ੍ਰਮ ‘ਤੇ ਅਫਸੋਸ ਹੈ ਤੇ ਅਸੀਂ ਇਸ ਦੀ ਮੌਲਿਕ ਜ਼ਿੰਮੇਵਾਰੀ ਲੈਂਦੇ ਹਾਂ। ਇਸ ਪੂਰੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਪਿੱਛੇ ਸਾਜ਼ਿਸ਼ ਹੈ।’ 37 ਕਿਸਾਨ ਆਗੂਆਂ ਖਿਲਾਫ ਦਰਜ ਕੇਸ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਯਾਦਵ ਨੇ ਕਿਹਾ, ‘ਐੱਫਆਈਆਰ, ਜੇਲ੍ਹ ਤੇ ਤਸੀਹੇ ਤਾਂ ਅੰਦੋਲਨਾਂ ਦਾ ਇਨਾਮ ਹੁੰਦੇ ਹਨ।’ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ, ‘ਸਾਡੇ ਕੋਲ ਵੀਡੀਓ ਕਲਿੱਪਾਂ ਮੌਜੂਦ ਹਨ ਤੇ ਅਸੀਂ ਇਹ ਸਾਬਤ ਕਰ ਦਿਆਂਗੇ ਕਿ ਕਿਵੇਂ ਸਾਡੇ ਇਸ ਸੰਘਰਸ਼ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਘੜੀ ਗਈ। ਉਧਰ ਦਿੱਲੀ ਪੁਲਿਸ ਨੇ ਇਕ ਬਿਆਨ ਵਿੱਚ ਕਿਹਾ ਕਿ ਸਮੇਂਪੁਰ ਬਾਦਲੀ ਵਿੱਚ ਦਰਜ ਐੱਫਆਈਆਰ ਵਿੱਚ ਯੋਗੇਂਦਰ ਯਾਦਵ, ਦਰਸ਼ਨ ਪਾਲ, ਰਾਕੇਸ਼ ਟਿਕੈਤ ਤੇ ਚੜੂਨੀ ਸਮੇਤ 37 ਕਿਸਾਨ ਆਗੂਆਂ ਦੇ ਨਾਮ ਸ਼ਾਮਲ ਹਨ ਤੇ ਹਿੰਸਾ ਵਿੱਚ ਇਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। ਐੱਫਆਈਆਰ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ 147, 148 (ਦੰਗਿਆਂ ਨਾਲ ਸਬੰਧਤ), 307 (ਇਰਾਦਾ ਕਤਲ) ਤੇ 120ਬੀ (ਅਪਰਾਧਕ ਸਾਜ਼ਿਸ਼ ਤਹਿਤ ਦਰਜ ਕੀਤੀ ਗਈ ਹੈ। ਪੁਲਿਸ ਸੂਤਰਾਂ ਨੇ ਕਿਹਾ ਕਿ ਐੱਫਆਈਆਰ ਵਿੱਚ ਰਾਜਿੰਦਰ ਸਿੰਘ, ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਸਤਨਾਮ ਸਿੰਘ ਪੰਨੂ, ਸਰਵਣ ਸਿੰਘ ਪੰਧੇਰ ਆਦਿ ਦੇ ਨਾਂ ਵੀ ਸ਼ਾਮਲ ਹਨ। ਸੂਤਰਾਂ ਦੀ ਮੰਨੀਏ ਤਾਂ ਨੰਗਲੋਈ ਪੁਲਿਸ ਸਟੇਸ਼ਨ ਵਿੱਚ ਦਰਜ ਵੱਖਰੀ ਐੱਫਆਈਆਰ ਵਿੱਚ ਵੀ 40 ਦੇ ਕਰੀਬ ਕਿਸਾਨ ਆਗੂਆਂ ਦੇ ਨਾਮ ਦਰਜ ਹਨ। ਇਨ੍ਹਾਂ ਵਿੱਚ ਯੋਗੇਂਦਰ ਯਾਦਵ ਦਾ ਵੀ ਨਾਮ ਹੈ। ਇਸ ਦੌਰਾਨ ਕੌਮੀ ਰਾਜਧਾਨੀ ਦੇ ਵੱਖ ਵੱਖ ਹਿੱਸਿਆਂ, ਖਾਸ ਕਰਕੇ ਲਾਲ ਕਿਲ੍ਹੇ ਅਤੇ ਕਿਸਾਨਾਂ ਵੱਲੋਂ ਲਾਏ ਧਰਨਿਆਂ ਵਾਲੀਆਂ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਨ੍ਹਾਂ ਥਾਵਾਂ ‘ਤੇ ਨੀਮ ਫੌਜੀ ਬਲਾਂ ਦੀਆਂ ਵਧੀਕ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਦਿੱਲੀ ਮੈਟਰੋ ਅਥਾਰਿਟੀਜ਼ ਨੇ ਲਾਲ ਕਿਲ੍ਹਾ ਸਟੇਸ਼ਨ ਨੂੰ ਬੰਦ ਕਰਨ ਮਗਰੋਂ ਜਾਮਾ ਮਸਜਿਦ ਸਟੇਸ਼ਨ ‘ਚ ਦਾਖਲਾ ਸੀਮਤ ਕਰ ਦਿੱਤਾ ਹੈ।
ਕਿਸਾਨ ਆਗੂਆਂ ਨੇ ਭੜਕਾਊ ਤਕਰੀਰਾਂ ਕੀਤੀਆਂ : ਦਿੱਲੀ ਪੁਲਿਸ
ਦਿੱਲੀ ਪੁਲਿਸ ਦੇ ਕਮਿਸ਼ਨਰ ਐੱਸ.ਐੱਨ.ਸ੍ਰੀਵਾਸਤਵ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਕਥਿਤ ਭੜਕਾਊ ਤਕਰੀਰਾਂ ਕੀਤੀਆਂ ਤੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ‘ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਵਿਖਾਏ ਸਿਰੇ ਦੇ ਜ਼ਾਬਤੇ ਕਰਕੇ ਹੀ ਹਿੰਸਾ ਦੌਰਾਨ ਇਕ ਵੀ ਜਾਨ ਨਹੀਂ ਗਈ। ਸ੍ਰੀਵਾਸਤਵ ਨੇ ਕਿਹਾ ਕਿ ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪਛਾਣ ਲਈ ਫੇਸ਼ੀਅਲ ਰਿਕੋਗਨੀਸ਼ਨ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਪੰਨੂ ਜਿਹੇ ਆਗੂਆਂ ਨੇ ਕਥਿਤ ਭੜਕਾਊ ਤਕਰੀਰਾਂ ਕੀਤੀਆਂ, ਜਿਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਸੁੱਟੇ। ਪੁਲਿਸ ਅਧਿਕਾਰੀ ਨੇ ਦਿੱਲੀ ਹਿੰਸਾ ਵਿੱਚ 394 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ 30 ਦੇ ਕਰੀਬ ਪੁਲਿਸ ਵਾਹਨ ਵੀ ਨੁਕਸਾਨੇ ਗਏ।

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨਾਲ ਖੜ੍ਹੇ ਰਹਾਂਗੇ : ਅਮਰਿੰਦਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਲ ਕਿਲੇ ‘ਤੇ ਹੋਈ ਹਿੰਸਾ ਨੂੰ ਦੇਸ਼ ਦਾ ਅਪਮਾਨ ਦੱਸਦੇ ਹੋਏ ਸਪੱਸ਼ਟ ਕੀਤਾ ਕਿ ਉਹ ਕੇਂਦਰੀ ਖੇਤੀ ਕਾਨੂੰਨਾਂ ਦੇ ਗਲਤ ਹੋਣ ਕਾਰਨ ਕਿਸਾਨਾਂ ਨਾਲ ਖੜ੍ਹੇ ਰਹਿਣਗੇ ਕਿਉਂਕਿ ਇਹ ਖੇਤੀ ਕਾਨੂੰਨ ਸੰਘੀ ਢਾਂਚੇ ਦੇ ਖਿਲਾਫ਼ ਵੀ ਹਨ। ਉਨ੍ਹਾਂ ਕਿਹਾ ਕਿ ਲਾਲ ਕਿਲੇ ਦੀ ਹਿੰਸਾ ਕਰਕੇ ਦੇਸ਼ ਨੂੰ ਨਮੋਸ਼ੀ ਝੱਲਣੀ ਪਈ ਹੈ ਅਤੇ ਇਸ ਨਾਲ ਕਿਸਾਨ ਅੰਦੋਲਨ ਕਮਜ਼ੋਰ ਹੋਇਆ ਹੈ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਜੋ ਕੁੱਝ ਵੀ ਵਾਪਰਿਆ, ਉਸ ਨਾਲ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਸਬੰਧੀ ਕਿਸੇ ਵੀ ਪਾਰਟੀ ਜਾਂ ਦੇਸ਼ ਦੀ ਸ਼ਮੂਲੀਅਤ ਹੋਣ ਦੀ ਜਾਂਚ ਕਰਨੀ ਚਾਹੀਦੀ ਹੈ ਪਰ ਯਕੀਨੀ ਬਣਾਇਆ ਜਾਵੇ ਕਿ ਪੁਲਿਸ ਵੱਲੋਂ ਕਿਸੇ ਕਿਸਾਨ ਆਗੂ ਨੂੰ ਅਜਾਈਂ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਲੋਕਾਂ ਦੀ ਆਵਾਜ਼ ਨਹੀਂ ਸੁਣਦੀ ਤਾਂ ਅਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਐੱਨਡੀਏ ਸਰਕਾਰ ਦੇਸ਼ ਵਿੱਚ ਹੋਣ ਵਾਲੀਆਂ ਅਗਲੀਆਂ ਚੋਣਾਂ ਵਿੱਚ ਲੋਕਾਂ ਦੇ ਪਸੰਦ ਨਹੀਂ ਬਣ ਸਕੇਗੀ ਕਿਉਂਕਿ 70 ਫੀਸਦੀ ਆਬਾਦੀ ਕਿਸਾਨਾਂ ਦੀ ਹੈ। ਮੁੱਖ ਮੰਤਰੀ ਨੇ ਮੁੜ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੀਆਂ ਭਵਿੱਖੀ ਪੀੜ੍ਹੀਆਂ ਦੀ ਆਰਥਿਕ ਸਮਰੱਥਾ ਨੂੰ ਡੂੰਘੀ ਸੱਟ ਮਾਰਨਗੇ ਜਿਸ ਕਰਕੇ ਕਿਸਾਨ ਇਨ੍ਹਾਂ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਦੀਪ ਸਿੱਧੂ, ਸਤਨਾਮ ਪੰਨੂ ਤੇ ਸਰਵਣ ਪੰਧੇਰ ਪੰਜਾਬ ਦੇ ਸਭ ਤੋਂ ਵੱਡੇ ਗੱਦਾਰ : ਰਾਜੇਵਾਲ
ਨਵੀਂ ਦਿੱਲੀ : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬੀ ਅਦਾਕਾਰ ਦੀਪ ਸਿੱਧੂ ਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਸਤਨਾਮ ਸਿੰਘ ਪੰਨੂ ਤੇ ਸਰਵਣ ਸਿੰਘ ਪੰਧੇਰ ਨੂੰ ਪੰਜਾਬ ਦੇ ਸਭ ਤੋਂ ਵੱਡੇ ਗੱਦਾਰ ਕਰਾਰ ਦਿੱਤਾ ਹੈ। ਉਨ੍ਹਾਂ 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਲਈ ਇਨ੍ਹਾਂ ਤਿੰਨਾਂ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਦੱਸਦਿਆਂ ਸੱਦਾ ਦਿੱਤਾ ਕਿ ‘ਕਿਸਾਨ ਅੰਦੋਲਨ ‘ਚੋਂ ਇਸ ਗੰਦਗੀ ਨੂੰ’ ਬਾਹਰ ਕੱਢ ਸੁੱਟਣ। ਉਨ੍ਹਾਂ ਦੀਪ ਸਿੱਧੂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਗੈਰ ਸਮਾਜਿਕ ਤੱਤ ਕਰਾਰ ਦਿੰਦਿਆਂ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਤੇ ਖਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦਾ ਬਾਈਕਾਟ ਕਰਨ। ਉਨ੍ਹਾਂ ਕੁਝ ਜਥੇਬੰਦੀਆਂ ਨੂੰ ਲਾਲ ਕਿਲ੍ਹੇ ਤੱਕ ਸੌਖੀ ਰਸਾਈ ਦੇਣ ਲਈ ਦਿੱਲੀ ਪੁਲਿਸ ਦੀ ਭੂਮਿਕਾ ‘ਤੇ ਵੀ ਸਵਾਲ ਉਠਾਏ। ਰਾਜੇਵਾਲ ਨੇ ਕਿਹਾ ਕਿ ਲਾਲ ਕਿਲ੍ਹੇ ਵੱਲ ਵੱਧ ਰਹੇ ਪ੍ਰਦਰਸ਼ਨਕਾਰੀਆਂ ਦੀ ਦਿੱਲੀ ਪੁਲਿਸ ਨੇ ਕਥਿਤ ਪੂਰੀ ਅਗਵਾਈ ਕੀਤੀ। ਉਨ੍ਹਾਂ ਕਿਸਾਨ ਗਣਤੰਤਰ ਦਿਵਸ ਪਰੇਡ ਨੂੰ ਮਿਲੇ ਬੇਮਿਸਾਲ ਹੁੰਗਾਰੇ ਦੀ ਸ਼ਲਾਘਾ ਕੀਤੀ।

ਹਿੰਸਾ ਨੂੰ ਅਧਾਰ ਬਣਾ ਕੇ ਕਿਸਾਨ ਆਗੂਆਂ ਨੂੰ ਦੇਸ਼ ਧ੍ਰੋਹ ਦੇ ਕੇਸ ‘ਚ ਉਲਝਾਉਣ ਦੀ ਕੋਸ਼ਿਸ਼
ਨਵੀਂ ਦਿੱਲੀ : 26 ਜਨਵਰੀ ਨੂੰ ਦਿੱਲੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਆੜ ਲੈ ਕੇ ਪੁਲਿਸ ਲਗਾਤਾਰ ਐਕਸ਼ਨ ਵਿਚ ਹੈ। ਇਸ ਸਬੰਧੀ ਪੁਲਿਸ ਨੇ ਕਿਸਾਨ ਆਗੂਆਂ ਦੇ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤੇ। ਦਿੱਲੀ ਪੁਲਿਸ ਨੇ ਯੋਗੇਂਦਰ ਯਾਦਵ, ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ ਤੇ ਡਾ. ਦਰਸ਼ਨ ਪਾਲ ਸਣੇ 20 ਕਿਸਾਨ ਨੇਤਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਇਨ੍ਹਾਂ ਆਗੂਆਂ ਦੇ ਪਾਸਪੋਰਟ ਵੀ ਜਬਤ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ 37 ਕਿਸਾਨ ਆਗੂਆਂ ਖਿਲਾਫ ਐਫ ਆਈ ਆਰ ਦਰਜ ਹੋਈ ਸੀ, ਉਨ੍ਹਾਂ ਵਿਚੋਂ 20 ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਕਿਸਾਨ ਨੇਤਾਵਾਂ ਨੂੰ ਤਿੰਨ ਦਿਨਾਂ ਵਿਚ ਆਪਣੇ ਜਵਾਬ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨੇਤਾਵਾਂ ਨੂੰ ਇਹ ਨੋਟਿਸ ਇਸ ਲਈ ਜਾਰੀ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਮੰਗਲਵਾਰ ਨੂੰ ਟਰੈਕਟਰ ਪਰੇਡ ਲਈ ਤੈਅ ਦਿਸ਼ਾ ਨਿਰਦੇਸ਼ਾਂ ਨੂੰ ਨਹੀਂ ਮੰਨਿਆ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …