ਜਿਸ ਰਾਗ ਮਾਲਾ ਨੂੰ ਪੜ੍ਹ ਕੇ ਸੁਣਾਉਂਦੇ ਹਨ ਵਿਦਵਾਨ, ਉਹ 4 ਸਾਲ ਦੀ ਅਖੰਡ ਜੋਤ ਕੌਰ ਨੂੰ ਮੂੰਹ ਜ਼ੁਬਾਨੀ ਯਾਦ ਹੈ …
ਲੁਧਿਆਣਾ : ਜੋ ਵੱਡੇ-ਵੱਡੇ ਨਾਮਵਰ ਰਾਗੀ ਸਿੰਘ ਨਹੀਂ ਕਰ ਸਕਦੇ ਉਹ 4 ਸਾਲ ਦੀ ਬੱਚੀ ਕਰ ਰਹੀ ਹੈ। ਲੁਧਿਆਣਾ ਨੇੜੇ ਪੱਖੋਵਾਲ ਰੋਡ ‘ਤੇ ਵਿਕਾਸ ਨਗਰ ਦੀ ਰਹਿਣ ਵਾਲੀ ਅਖੰਡ ਜੋਤ ਕੌਰ ਛੋਟੀ ਉਮਰ ਵਿਚ ਹੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਨੂੰ ਰਾਗ ਮਾਲਾ ਬਾਣੀ ਸੁਣਾ ਰਹੀ ਹੈ ਜੋ ਵੱਡੇ-ਵੱਡੇ ਵਿਦਵਾਨ ਵੀ ਬਿਨਾ ਦੇਖੇ ਨਹੀਂ ਸੁਣਾ ਸਕਦੇ। ਅਖੰਡ ਜੋਤ ਕੌਰ ਦੀ ਮਾਂ ਮਗਨਦੀਪ ਕੌਰ ਨੇ ਦੱਸਿਆ ਕਿ ਉਹ ਐਮ.ਏ. ਬੀਐਡ ਪਾਸ ਹੈ ਅਤੇ ਗਰੀਨਲੈਂਡ ਸਕੂਲ ਵਿਚ ਅਧਿਆਪਕ ਹਨ। ਉਨ੍ਹਾਂ ਦੇ ਪਤੀ ਵੀ ਇਸੇ ਸਕੂਲ ਵਿਚ ਅਧਿਆਪਕ ਹਨ। ਦੋਨੋਂ ਗੁਰਸਿੱਖ ਹਾਂ। ਉਨ੍ਹਾਂ ਦੱਸਿਆ ਕਿ ਅਖੰਡ ਜੋਤ ਕੌਰ ਦਾ ਜਨਮ 2019 ਵਿਚ ਹੋਇਆ ਹੈ। ਉਸੇ ਦਿਨ ਤੋਂ ਹੀ ਸੌਂਦੇ ਸਮੇਂ ਉਸ ਨੂੰ ਵਾਹਿਗੁਰੂ ਸਿਮਰਨ ਸੁਣਾਉਂਦੀ ਸੀ। ਜਦ ਉਹ ਦੋ ਸਾਲ ਦੀ ਹੋਈ ਤਾਂ ਉਸ ਨੇ ਜਦੋਂ ਬੋਲਣਾ ਸਿੱਖਿਆ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਸ਼ਬਦ ਬੋਲਿਆ। ਉਸ ਤੋਂ ਬਾਅਦ ਉਸ ਨੂੰ ਹੌਲੀ-ਹੌਲੀ ਮੂਲ ਮੰਤਰ ਪੰਜ ਪੌੜੀਆਂ ਦਾ ਪਾਠ ਸਿਖਾਇਆ। ਰੋਜ਼ ਰਾਤ ਨੂੰ ਉਸ ਨੂੰ ਆਪਣੀ ਗੋਦੀ ਵਿਚ ਲੈ ਕੇ ਜਪੁਜੀ ਸਾਹਿਬ ਦਾ ਪਾਠ ਸਿਖਾਇਆ। ਉਸ ਤੋਂ ਬਾਅਦ ਬਸੰਤ ਦੀ ਵਾਰ, ਗੁਰੂ ਰਾਮ ਦਾਸ ਜੀ ਦੇ ਸਵੱਈਏ ਕੰਠ ਗੁਰਬਾਣੀ ਸਿਖਾਈ।
ਮਗਨਦੀਪ ਕੌਰ ਹੋਰਾਂ ਦੱਸਿਆ ਕਿ ਰੋਜ਼ਾਨਾ ਉਸ ਨੂੰ ਸਮਾਜ ਸੇਵਿਕਾ ਮਾਤਾ ਵਿਪਨਪ੍ਰੀਤ ਕੌਰ ਜੀ ਦੇ ਕੋਲ ਲਿਜਾ ਕੇ ਸਾਰੇ ਬੱਚਿਆਂ ਦੇ ਨਾਲ ਗੁਰਬਾਣੀ ਸੁਣਾਉਣੀ ਸ਼ੁਰੂ ਕੀਤੀ। ਤਿੰਨ ਮਹੀਨੇ ਲੱਗੇ, ਉਹਨਾਂ ਨੂੰ ਰਾਗ ਮਾਲਾ ਸਿਖਾਉਣ ਵਿਚ, ਜੋ ਅਖੰਡ ਜੋਤ ਕੌਰ ਨੇ ਸਭ ਤੋਂ ਪਹਿਲਾਂ ਹਜ਼ੂਰ ਸਾਹਿਬ ਦੇ ਗਿਆਨੀ ਸਿੰਘ ਸਾਹਿਬਾਨ ਕੁਲਵੰਤ ਸਿੰਘ ਨੂੰ ਸੁਣਾਈ। ਉਹ ਵੀ ਸੁਣ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਆਸ਼ੀਰਵਾਦ ਦੇ ਰੂਪ ਵਿਚ ਅਖੰਡ ਜੋਤ ਕੌਰ ਨੂੰ ਪੰਜ ਸੌ ਰੁਪਏ ਦਿੱਤੇ। ਉਸ ਤੋਂ ਬਾਅਦ ਅਖੰਡ ਜੋਤ ਕੌਰ ਨੇ ਆਪਣੇ ਸਕੂਲ ਬੀ.ਆਰ.ਐਸ. ਨਗਰ ਵਿਚ ਵੀ ਸਟੇਜ ‘ਤੇ ਗੁਰਬਾਣੀ ਸੁਣਾਈ। ਜਿਸ ਨੂੰ ਸੁਣ ਕੇ ਸਾਰੇ ਮਾਪਿਆਂ ਦੇ ਨਾਲ ਸਿਸਟਰ ਵੀ ਹੈਰਾਨ ਹੋ ਗਈਆਂ। ਐਲ.ਕੇ.ਜੀ. ਕਲਾਸ ਦੀ ਬੱਚੀ ਜੋ ਏਨੀ ਗੁਰਬਾਣੀ ਸੁਣਾ ਰਹੀ ਹੈ, ਜਦੋਂ ਕਿਸੇ ਗੁਰਦੁਆਰਾ ਸਾਹਿਬ ਵਿਚ ਕੋਈ ਵੀ ਕੰਠ ਗੁਰਬਾਣੀ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਅਖੰਡ ਜੋਤ ਕੌਰ ਭਾਗ ਲੈਂਦੀ ਹੈ। ਹੁਣ ਉਹ ਕੀਰਤਨ ਕਰਨਾ ਸਿੱਖ ਰਹੀ ਹੈ।
ਸਵੇਰੇ ਕਰਦੀ ਹੈ ਜਪੁਜੀ ਸਾਹਿਬ ਦੇ 5 ਪਾਠ
ਸਮਾਜ ਸੇਵਿਕਾ ਮਾਤਾ ਵਿਪਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਸਦੇ ਘਰ ਸ੍ਰੀ ਦਰਬਾਰ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ ਤਾਂ ਉਨ੍ਹਾਂ ਨੇ ਅਖੰਡ ਜੋਤ ਕੌਰ ਕੋਲੋਂ ਕੰਠ ਗੁਰਬਾਣੀ ਸੁਣੀ ਅਤੇ ਉਹ ਵੀ ਹੈਰਾਨ ਹੋ ਗਏ ਕਿ ਏਨੀ ਛੋਟੀ ਬੱਚੀ ਨੂੰ ਕੰਠ ਗੁਰਬਾਣੀ ਯਾਦ ਹੈ। ਅਖੰਡ ਜੋਤ ਕੌਰ ਦੀ ਮਾਂ ਨੇ ਦੱਸਿਆ ਕਿ ਉਹ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉਠ ਕੇ ਜਪੁਜੀ ਸਾਹਿਬ ਦੇ ਪੰਜ ਪਾਠ ਕਰਦੀ ਹੈ ਅਤੇ ਮੂਲ ਮੰਤਰ ਦਾ ਸਿਮਰਨ ਕਰਦੀ ਹੈ। ਅੱਜ ਕੱਲ੍ਹ ਦੇ ਬੱਚੇ ਮੋਬਾਇਲ ਫੋਨ ਨਹੀਂ ਛੱਡਦੇ, ਉਥੇ ਦੂਜੇ ਪਾਸੇ ਛੋਟੀ ਬੱਚੀ ਕੀਰਤਨ ਦੇ ਨਾਲ-ਨਾਲ ਗੁਰਬਾਣੀ ਸੁਣਾ ਰਹੀ ਹੈ। ਮਾਤਾ ਵਿਪਨਪ੍ਰੀਤ ਕੌਰ ਨੇ ਕਿਹਾ ਕਿ ਅਖੰਡ ਜੋਤ ਕੌਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਸ਼ਾਮਲ ਸਾਰੇ ਰਾਗ ਸਿਖਾਏ ਜਾਣਗੇ।