ਇਕ ਮਿੰਟ @ 40 ਰੁਪਏ… ਨਿੱਜੀ ਬੱਸ ਮਾਲਕਾਂ ਦੇ ਇਸ਼ਾਰਿਆਂ ‘ਤੇ ਦੌੜਦੀ ਹੈ ਪੰਜਾਬ ਰੋਡਵੇਜ਼
ਜਲੰਧਰ : ਪੰਜਾਬ ਰੋਡਵੇਜ਼ ਦੀ ਬੱਸ ਦੇ ਇਕ ਮਿੰਟ ਦੀ ਕੀਮਤ 40 ਰੁਪਏ ਹੈ। ਪੰਜਾਬ ‘ਚ ਹਰ ਬੱਸ ਅੱਡੇ ‘ਤੇ ਰੋਡਵੇਜ਼ ਦੀ ਬੱਸ ਇਕ ਮਿੰਟ ਪਹਿਲਾਂ ਚਲਾਉਣ ਲਈ 40 ਰੁਪਏ ਨਿੱਜੀ ਬੱਸ ਚਾਲਕ ਵਲੋਂ ਦਿੱਤੇ ਜਾਂਦੇ ਹਨ, ਤਾਂ ਕਿ ਉਨ੍ਹਾਂ ਦੀ ਬੱਸ ਇਸ ਇਕ ਮਿੰਟ ਦੀ ਸਵਾਰੀ ਨੂੰ ਆਪਣੀ ਬੱਸ ‘ਚ ਬਿਠਾ ਸਕਣ। ਇਸ ਖੇਡ ਵਿਚ ਪੰਜਾਬ ਦੀ ਟਰਾਂਸਪੋਰਟ ‘ਤੇ ਸਿਆਸਤਦਾਨਾਂ ਦਾ ਦਬਦਬਾ ਹੈ। ਜ਼ਿਆਦਾਤਰ ਨਿੱਜੀ ਬੱਸਾਂ ਸਿਆਸੀ ਆਗੂਆਂ ਦੀ ਚੱਲ ਰਹੀ ਹੈ। ਇਕ ਕਾਊਂਟਰ ‘ਤੇ ਔਸਤਨ 3 ਹਜ਼ਾਰ ਰੁਪਏ ਰੋਜ਼ਾਨਾ ਇਕੱਤਰ ਹੁੰਦੇ ਹਨ। ਪੰਜਾਬ ਵਿਚ ਇਹ ਰਕਮ ਰੋਜ਼ਾਨਾ ਇਕ ਕਰੋੜ ਤੋਂ ਜ਼ਿਆਦਾ ਬਣ ਜਾਂਦੀ ਹੈ। ਇਸ ‘ਚ ਜੀਐਮ ਤੋਂ ਲੈ ਕੇ ਚੰਡੀਗੜ੍ਹ ਤੱਕ ਹਿੱਸੇਦਾਰੀ ਦੀ ਗੱਲ ਸਾਹਮਣੇ ਆ ਰਹੀ ਹੈ।
ਸੂਬੇ ਵਿਚ ਚੱਲ ਰਹੀਆਂ ਹਨ ਰਾਜਨੀਤਕ ਵਿਅਕਤੀਆਂ ਦੀਆਂ ਬੱਸਾਂ
460 ਬੱਸਾਂ ਹਨ ਬਾਦਲ ਪਰਿਵਾਰ ਦੇ ਕੋਲ
ਇਹ ਪੰਜਾਬ ਸਣੇ ਦਿੱਲੀ ਏਅਰਪੋਰਟ ਤੱਕ ਜਾਂਦੀ ਹੈ।
ਔਰਬਿਟ, ਰਾਜਧਾਨੀ, ਡੱਬਵਾਲੀ, ਡੀਐਮਐਸ,ਏਟੂਜੈਡ
ਪਟਿਆਲਾ ਐਕਸਪ੍ਰੈਸ : ਮਜੀਠੀਆ ਪਰਿਵਾਰ
ਲਿਬੜਾ ਟਰਾਂਸਪੁੋਰਟ : ਲਿਬੜਾ ਪਰਿਵਾਰ ਕਾਂਗਰਸ
ਕਰਤਾਰ ਬੱਸ : ਸਾਬਕਾ ਮੰਤਰੀ ਅਵਤਾਰ ਹੈਨਰੀ
ਪਿਆਰ ਬੱਸ : ਗਿੱਲ ਪਰਿਵਾਰ ਕਾਂਗਰਸੀ ਸੰਸਦ ਮੈਂਬਰ
ਨਿਊਦੀਪ : ਡਿੰਪੀ ਢਿੱਲੋਂ ਅਕਾਲੀ
ਬਾਬਾ ਬੁੱਢਾ ਸਾਹਿਬ : ਕਾਹਲੋਂ ਅਕਾਲੀ ਦਲ
ਹੁਸ਼ਿਆਰਪੁਰ ਐਕਸਪ੍ਰੈਸ : ਆਪ ਵਿਧਾਇਕ
ਜੂਝਾਰ ਬੱਸ : ਅਕਾਲੀ ਦਲ
ਇੰਡੋ ਕੈਨੇਡੀਅਨ : ਬਾਦਲ ਪਰਿਵਾਰ
ਰਾਜ ਟਰਾਂਸਪੋਰਟ : ਮਜੀਠੀਆ ਦੇ ਨਜ਼ਦੀਕੀ
ਗਰੀਨ ਰੋਡਵੇਜ਼ ਫਰੀਦਕੋਟ : ਢਿੱਲੋਂ
ਕਈ ਵਾਰ ਸੀਐਮ ਨੂੰ ਭੇਜ ਚੁੱਕੇ ਹਾਂ ਸ਼ਿਕਾਇਤ
ਪੰਜਾਬ ਰੋਡਵੇਜ਼ ਵਰਕਰ ਯੂਨੀਅਨ ਦੇ ਪ੍ਰਧਾਨ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਕਈ ਵਾਰ ਸੀਐਮ ਨੂੰ ਸ਼ਿਕਾਇਤ ਦੇ ਚੁੱਕੇ ਹਾਂ ਕਿ ਰਾਜਨੀਤਕ ਟਰਾਂਸਪੋਰਟ ਮਾਫੀਆ ਰੋਡਵੇਜ਼ ‘ਤੇ ਭਾਰੀ ਪੈ ਚੁੱਕਾ ਹੈ। ਗੈਰਕਾਨੂੰਨੀ ਬੱਸਾਂ ਤੋਂ ਲੈ ਕੇ ਮਿੰਟ ਤੱਕ ਇਹ ਮਾਫੀਆ ਖਰੀਦ ਰਿਹਾ ਹੈ।
6600 ਕਰੋੜ ਦਾ ਪੰਜਾਬ ਰੋਡਵੇਜ਼ ਨੂੰ ਨੁਕਸਾਨ
ਸਰਕਾਰ ਅਤੇ ਮਾਫੀਆ ਦੇ ਗਠਜੋੜ ਨਾਲ ਸਾਢੇ 14 ਸਾਲਾਂ ਵਿਚ ਪੰਜਾਬ ਰੋਡਵੇਜ਼ ਨੂੰ 6600 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਆਰੋਪ ਅਮਰਿੰਦਰ ਰਾਜਾ ਵੜਿੰਗ ਨੇ ਉਦੋਂ ਲਗਾਇਆ ਸੀ, ਜਦ ਉਹ ਟਰਾਂਸਪੋਰਟ ਮੰਤਰੀ ਸਨ। ਇਸਦੀ ਜਾਂਚ ਲਈ ਐਸਆਈਟੀ ਬਣਾਈ ਗਈ ਸੀ, ਪਰ ਜਾਂਚ ਸ਼ੁਰੂ ਹੀ ਨਹੀਂ ਹੋਈ।
ਘਾਟੇ ਵਿਚ ਚੱਲ ਰਿਹਾ ਹੈ ਟਰਾਂਸਪੋਰਟ ਕਾਰੋਬਾਰ
ਭ੍ਰਿਸ਼ਟਾਚਾਰ ਵਿਚ ਨਿੱਜੀ ਕਾਰਿੰਦਿਆਂ ਤੋਂ ਲੈ ਕੇ ਅੱਡਾ ਇੰਚਾਰਜ, ਸਟੇਸ਼ਨ ਸੁਪਰ ਵਾਈਜ਼ਰ ਅਤੇ ਜੀਐਮ ਤੋਂ ਲੈ ਕੇ ਚੰਡੀਗੜ੍ਹ ਦੇ ਆਲਾ ਅਧਿਕਾਰੀ ਸ਼ਾਮਲ ਹਨ। ਦਰਅਸਲ, ਪੰਜਾਬ ਵਿਚ ਟਰਾਂਸਪੋਰਟ ਕਾਰੋਬਾਰ ‘ਤੇ ਰਾਜਨੀਤਕ ਵਿਅਕਤੀਆਂ ਦਾ ਕਬਜ਼ਾ ਹੈ ਅਤੇ ਸੰਗਠਿਤ ਭ੍ਰਿਸ਼ਟਾਚਾਰ ਦੇ ਕਾਰਨ ਹੀ ਨਿੱਜੀ ਟਰਾਂਸਪੋਰਟ ਫਾਇਦੇ ਵਿਚ ਹੈ, ਜਦਕਿ ਪੰਜਾਬ ਰੋਡਵੇਜ਼ ਘਾਟੇ ਵਿਚ ਹੈ। ਸਰਕਾਰੀ ਬੱਸਾਂ ਆਪਣਾ ਪੂਰਾ ਟਾਈਮ ਸਟੈਂਡ ‘ਤੇ ਨਹੀਂ ਲਗਾਉਂਦੀਆਂ, ਇਸ ਕਾਰਨ ਸਵਾਰੀਆਂ ਵੀ ਘੱਟ ਚੜ੍ਹਦੀਆਂ ਹਨ ਅਤੇ ਉਸਦੇ ਪਿੱਛੇ ਚੱਲਣ ਵਾਲੀ ਨਿੱਜੀ ਟਰਾਂਸਪੋਰਟ ਦੀ ਬੱਸ ਇਕ ਮਿੰਟ ਪਹਿਲਾਂ ਬੱਸ ਲੈ ਜਾਣ ਦੇ 40 ਰੁਪਏ ਅਦਾ ਕਰਦੀ ਹੈ ਤਾਂ ਕਿ ਬੱਸ ਆਪਣਾ ਅੱਡਾ ਛੱਡ ਕੇ ਬਾਹਰ ਨਿਕਲ ਜਾਏ।
{
ਰੋਡਵੇਜ਼ ਵਿਚ ਮਿੰਟ ਵੇਚਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਅੱਗੇ ਤੋਂ ਵੀ ਵਿਭਾਗ ਵਲੋਂ ਇਸ ‘ਤੇ ਸਖਤੀ ਵਰਤੀ ਜਾਵੇਗੀ। ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮਨਿੰਦਰ ਸਿੰਘ ਜੀਐਮ ਪੰਜਾਬ ਰੋਡਵੇਜ਼