12.3 C
Toronto
Thursday, April 16, 2026
spot_img
Homeਹਫ਼ਤਾਵਾਰੀ ਫੇਰੀਖਹਿਰਾ ਲਈ 'ਆਪ' ਦੇ ਬੂਹੇ ਬੰਦ!

ਖਹਿਰਾ ਲਈ ‘ਆਪ’ ਦੇ ਬੂਹੇ ਬੰਦ!

ਭਗਵੰਤ ਮਾਨ ਨੇ ਕਿਹਾ ਵੱਖਰੀ ਪਾਰਟੀ ਬਣਾ ਕੇ ਚੋਣ ਲੜਨ ਵਾਲਿਆਂ ਦਾ ਹਸ਼ਰ ਵੇਖ ਹੀ ਲਿਆ ਹੈ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਭਲਾ ਚਾਹੁਣ ਵਾਲੇ ਹਰੇਕ ਚੰਗੇ ਬੰਦੇ ਦਾ ਪਾਰਟੀ ਵਿੱਚ ਸਵਾਗਤ ਹੈ ਪਰ ਨਵਜੋਤ ਸਿੱਧੂ ਨੂੰ ‘ਆਪ’ ਵਿਚ ਸ਼ਾਮਲ ਕਰਨ ਲਈ ਪਾਰਟੀ ਨੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਹੈ। ਵਿਧਾਇਕ ਸੁਖਪਾਲ ਖਹਿਰਾ, ਕੰਵਰ ਸੰਧੂ ਅਤੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚ ਵਾਪਸ ਲੈਣ ਸਬੰਧੀ ਉਨ੍ਹਾਂ ਕਿਹਾ ਕਿ ਉਕਤ ਆਗੂਆਂ ਨੇ ਵੱਖਰੀ ਪਾਰਟੀ ਬਣਾ ਕੇ ਲੋਕ ਸਭਾ ਚੋਣ ਲੜੀ ਸੀ ਤੇ ਜੋ ਹਸ਼ਰ ਹੋਇਆ ਉਹ ਸਭ ਦੇ ਸਾਹਮਣੇ ਹੈ। ਭਗਵੰਤ ਮਾਨ ਨੇ ਖਹਿਰੇ ਦੀ ਵਾਪਸੀ ਦੇ ਸਵਾਲ ਦੇ ਜਵਾਬ ‘ਚ ਸੰਕੇਤ ਕਰਦਿਆਂ ਆਖਿਆ ਕਿ ਏਨੀ ਵੀ ਦੁਸ਼ਮਣੀ ਨਾ ਪਾਲ਼ੋ ਕਿ ਮੁੜ ਮਿਲਣ ਜੋਗੇ ਵੀ ਨਾ ਰਹੋ। ਭਗਵੰਤ ਮਾਨ ਦੇ ਬੋਲ ਇਸ਼ਾਰੇ ਕਰਦੇ ਹਨ ਕਿ ਆਮ ਆਦਮੀ ਪਾਰਟੀ ‘ਚ ਸੁਖਪਾਲ ਖਹਿਰਾ ਲਈ ਦਰਵਾਜ਼ੇ ਪੱਕੇ ਤੌਰ ‘ਤੇ ਬੰਦ ਹੋ ਗਏ ਹਨ।
ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਦਿੱਲੀ ਵਿਚ ਵਿਕਾਸ ਦੀ ਜਿੱਤ ਹੋਈ ਹੈ ਅਤੇ ਦਿੱਲੀ ਦਾ ਵਿਕਾਸ ਮਾਡਲ ਦੇਸ਼ ਦੇ ਹਰੇਕ ਘਰ ਤੱਕ ਪਹੁੰਚਾਇਆ ਜਾਵੇਗਾ। ਦਿੱਲੀ ਨਤੀਜਿਆਂ ਤੋਂ ਖੁਸ਼ ਹੋਏ ‘ਆਪ’ ਆਗੂਆਂ ਨੇ ਪਾਰਟੀ ਦਾ ਮੈਂਬਰ ਬਣਨ ਲਈ ਕੌਮੀ ਪੱਧਰ ‘ਤੇ ਇਕ ਮੋਬਾਈਲ ਨੰਬਰ 98710 – 10101 ਜਾਰੀ ਕੀਤਾ, ਜਿਸ ‘ਤੇ ਮਿਸਡ ਕਾਲ ਕਰਨ ਨਾਲ ਵਿਅਕਤੀ ‘ਆਪ’ ਨਾਲ ਜੁੜ ਜਾਵੇਗਾ। ਬੁੱਧਵਾਰ ਤੋਂ ਸ਼ੁਰੂ ਕੀਤੀ ਮੈਂਬਰਸ਼ਿਪ 23 ਮਾਰਚ ਤੱਕ ਚੱਲੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਦਾ ਮਸਲਾ ਨਹੀਂ ਹੈ, ਪੰਜਾਬ ਦੇ ਹੋਰ ਵਡੇਰੇ ਮਸਲੇ ਹਨ। ਪੰਜਾਬ ਵਿਚ ਬਿਜਲੀ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਸਿੱਖਿਆ ਤੇ ਸਿਹਤ ਖੇਤਰ ਵਿੱਚ ਸੁਧਾਰ ਸਮੇਤ ਕਈ ਹੋਰ ਮਸਲੇ ਹਨ, ਜਿਨ੍ਹਾਂ ਨੂੰ ਹੱਲ ਕੀਤੇ ਜਾਣ ਦੀ ਲੋੜ ਹੈ। ਖੁਦ ਮੁੱਖ ਮੰਤਰੀ ਬਣਨ ਦੇ ਇਛੁੱਕ ਹੋਣ ਦੇ ਸਵਾਲ ਨੂੰ ਟਾਲਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਜੇਕਰ ਪੋਸਟਰ ਲਗਾਉਣ ਦੀ ਡਿਊਟੀ ਲਾਏਗੀ ਤਾਂ ਉਹ ਪੋਸਟਰ ਵੀ ਲਾਉਣਗੇ। ਉਨ੍ਹਾਂ ਕਿਹਾ ਕਿ ਵਿਅਕਤੀ ਵਿਸ਼ੇਸ਼ ਨਾਲੋਂ ਪਾਰਟੀ ਵੱਡੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਗ਼ਲਤੀਆਂ ਵਿਚ ਸੁਧਾਰ ਕੀਤਾ ਜਾਵੇਗਾ।

RELATED ARTICLES
POPULAR POSTS