Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਚੋਣਾਂ : ਭਾਜਪਾ ਖਿਲਾਫ ਗੂੰਜੇ ਸਭ ਤੋਂ ਵੱਧ ਨਾਅਰੇ

ਪੰਜਾਬ ਚੋਣਾਂ : ਭਾਜਪਾ ਖਿਲਾਫ ਗੂੰਜੇ ਸਭ ਤੋਂ ਵੱਧ ਨਾਅਰੇ

ਕਿਸਾਨ ਜਥੇਬੰਦੀਆਂ ਨੇ ਭਾਜਪਾਈ ਉਮੀਦਵਾਰਾਂ ਦਾ ਹਰ ਥਾਂ ਕੀਤਾ ਘਿਰਾਓ
ਭਾਜਪਾ ਬੋਲੀ : ਵਿਰੋਧ ਕਰਨ ਵਾਲੇ ਕਿਸਾਨ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਵਿਰੋਧ ਭਾਜਪਾ ਉਮੀਦਵਾਰਾਂ ਦਾ ਹੋਇਆ ਹੈ ਅਤੇ ਹਰ ਰੋਜ਼ ਭਾਜਪਾ ਖਿਲਾਫ ਨਾਅਰੇ ਗੂੰਜਦੇ ਰਹੇ। ਭਾਜਪਾ ਉਮੀਦਵਾਰਾਂ ਦਾ ਵਿਰੋਧ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਹੈ। ਜਦਕਿ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਹਨ। ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਦਾ ਕਰੀਬ 250 ਥਾਵਾਂ ‘ਤੇ ਵਿਰੋਧ ਦਰਜ ਹੋਇਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਚੋਣ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰਾਂ ਤੋਂ ਸੁਆਲ ਪੁੱਛਣ ਦਾ ਸੱਦਾ ਦਿੱਤਾ ਸੀ। ਕਿਸਾਨ ਜਥੇਬੰਦੀਆਂ ਨੇ 4 ਮਈ ਤੋਂ ਹੁਣ ਤੱਕ ਭਾਜਪਾ ਉਮੀਦਵਾਰਾਂ ਦੇ ਪਿੰਡਾਂ ਵਿਚਲੇ ਚੋਣ ਪ੍ਰੋਗਰਾਮਾਂ ਦਾ ਵਿਰੋਧ ਕੀਤਾ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ 44 ਥਾਵਾਂ ‘ਤੇ ਮੰਗ ਪੱਤਰ ਦਿੱਤੇ ਗਏ। ਪੰਜਾਬ ਵਿੱਚੋਂ ਸਭ ਤੋਂ ਵੱਧ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਖਿਲਾਫ 38 ਥਾਵਾਂ ‘ਤੇ ਵਿਰੋਧ ਹੋਇਆ ਹੈ। ਜ਼ਿਲ੍ਹਾ ਮਾਨਸਾ ਵਿੱਚ ਭਾਜਪਾ ਉਮੀਦਵਾਰ ਪਰਮਪਾਲ ਕੌਰ ਤੇ ਭਾਜਪਾ ਆਗੂਆਂ ਦਾ 18 ਥਾਵਾਂ ‘ਤੇ ਵਿਰੋਧ ਹੋਇਆ ਹੈ। ਜ਼ਿਲ੍ਹਾ ਅੰਮ੍ਰਿਤਸਰ ਵਿੱਚ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਦਾ 18 ਥਾਵਾਂ ‘ਤੇ, ਜਦੋਂਕਿ ਸ੍ਰੀ ਮੁਕਤਸਰ ਸਾਹਿਬ ਵਿੱਚ 17, ਲੁਧਿਆਣਾ ਜ਼ਿਲ੍ਹੇ ਵਿਚ 16 ਅਤੇ ਫਿਰੋਜ਼ਪੁਰ ਵਿਚ 12 ਥਾਵਾਂ ‘ਤੇ ਭਾਜਪਾ ਉਮੀਦਵਾਰਾਂ ਖਿਲਾਫ ਨਾਅਰੇਬਾਜ਼ੀ ਹੋਈ। ਔਸਤਨ ਦੇਖੀਏ ਤਾਂ ਚੋਣ ਪ੍ਰਚਾਰ ਦੌਰਾਨ ਰੋਜ਼ਾਨਾ 10 ਥਾਵਾਂ ‘ਤੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋਇਆ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ 17 ਅਤੇ ਤਰਨਤਾਰਨ ਵਿੱਚ 9 ਥਾਵਾਂ ‘ਤੇ ਵਿਰੋਧ ਹੋਇਆ ਹੈ। ਮੁਹਾਲੀ ਵਿੱਚ ਸੱਤ ਅਤੇ ਜਲੰਧਰ ਜ਼ਿਲ੍ਹੇ ਵਿੱਚ 11 ਥਾਵਾਂ ‘ਤੇ ਪ੍ਰਦਰਸ਼ਨ ਹੋਏ। ਪੰਜਾਬ ਵਿੱਚ ਜਦੋਂ 23-24 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਗਰੋਂ ਲੁਧਿਆਣਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਏ ਸਨ ਤਾਂ ਉਦੋਂ ਪੁਲਿਸ ਨੇ ਕਿਸਾਨ ਆਗੂਆਂ ਦੇ ਘਰਾਂ ‘ਤੇ ਛਾਪੇ ਵੀ ਮਾਰੇ ਸਨ। ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨ ਦੇ ਮਾਮਲੇ ਵਿੱਚ ਦੋ ਕਿਸਾਨ ਆਗੂਆਂ ਨੂੰ ਜੇਲ੍ਹ ਵੀ ਭੇਜਿਆ ਗਿਆ।
ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਉਮੀਦਵਾਰਾਂ ਅਤੇ ਨੇਤਾਵਾਂ ਤੋਂ ਪੁੱਛਣ ਲਈ 11 ਸੁਆਲ ਵੀ ਤਿਆਰ ਕੀਤੇ। ਬੀਕੇਯੂ ਉਗਰਾਹਾਂ ਨੇ ਮਾਲਵਾ ਖ਼ਿੱਤੇ ਦੇ ਕਈ ਜ਼ਿਲ੍ਹਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ। ਫ਼ਰੀਦਕੋਟ ਹਲਕੇ ਵਿੱਚ ਤਾਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਕਿਸਾਨ ਆਗੂਆਂ ਨੂੰ ਲਲਕਾਰ ਮਾਰੀ ਸੀ ਅਤੇ ਧਮਕੀ ਵੀ ਦਿੱਤੀ ਸੀ। ਕਿਸਾਨ ਆਗੂ ਆਖਦੇ ਹਨ ਕਿ ਭਾਜਪਾ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਅਤੇ ਉਨ੍ਹਾਂ ਨੇ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ। ਭਾਜਪਾ ਨੇ ਵੀ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਅਖੌਤੀ ਕਿਸਾਨ ਦੱਸਿਆ।
ਪੰਜਾਬ ਪੁਲਿਸ ਨੂੰ ਵੱਡੀ ਚੁਣੌਤੀ : ਪੰਜਾਬ ਪੁਲਿਸ ਲਈ ਇਹ ਦਿਨ ਕਿਸੇ ਚੁਣੌਤੀ ਤੋਂ ਘੱਟ ਨਹੀਂ ਰਹੇ। ਪੁਲਿਸ ਨੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ।
ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦਾ ਸਬੰਧ ਰਾਜਨੀਤਿਕ ਪਾਰਟੀਆਂ ਨਾਲ : ਜਾਖੜ
ਪੰਜਾਬ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੇ ਭਾਜਪਾ ਉਮੀਦਵਾਰਾਂ ਦਾ ਡਟ ਕੇ ਵਿਰੋਧ ਕੀਤਾ ਹੈ। ਇਸਦੇ ਚੱਲਦਿਆਂ ਕਿਸਾਨ ਆਗੂਆਂ ਦਾ ਆਰੋਪ ਹੈ ਕਿ ਭਾਜਪਾ ਦੇ ਉੋਮੀਦਵਾਰਾਂ ਦਾ ਕਿਸਾਨਾਂ ਪ੍ਰਤੀ ਰਵੱਈਆ ਮਾੜਾ ਸੀ। ਜ਼ਿਕਰਯੋਗ ਹੈ ਕਿ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਹਲਕੀ ਸ਼ਬਦਾਵਲੀ ਬੋਲੀ। ਇਸੇ ਤਰ੍ਹਾਂ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਰਵੱਈਆ ਵੀ ਕਿਸਾਨਾਂ ਪ੍ਰਤੀ ਠੀਕ ਨਹੀਂ ਰਿਹਾ। ਪੰਜਾਬ ਦੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਪੰਜਾਬ ਵਿਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਹਨ ਅਤੇ ਇਹ ਰਾਜਨੀਤਕ ਪਾਰਟੀਆਂ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਹਨ। ਉਨ੍ਹਾਂ ਕਿਹਾ ਸੀ ਕਿ ਅਜਿਹੀ ਰਾਜਨੀਤੀ ਦੇ ਚੱਕਰ ਵਿਚ ਕਾਰੋਬਾਰੀ ਪ੍ਰੇਸ਼ਾਨ ਹੋ ਰਹੇ ਹਨ।

Check Also

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …