ਨਿਊਜ਼ੀਲੈਂਡ ਨੂੰ ਹਰਾ ਕੇ
ਭਾਰਤ ਫਾਈਨਲ ‘ਚ
ਵਿਰਾਟ ਕੋਹਲੀ ਨੇ 50ਵਾਂ ਸੈਂਕੜਾ ਲਗਾ ਕੇ ਸਚਿਨ ਤੇਂਦੂਲਕਰ ਦਾ ਰਿਕਾਰਡ ਤੋੜਿਆ
ਮੁਹੰਮਦ ਸ਼ਮੀ ਨੇ ਸੈਮੀਫਾਈਨਲ ਮੈਚ ‘ਚ ਨਿਊਜ਼ੀਲੈਂਡ ਦੇ 7 ਖਿਡਾਰੀਆਂ ਨੂੰ ਕੀਤਾ ਆਊਟ
ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਜਾਵੇਗਾ ਫਾਈਨਲ
ਭਾਰਤੀ ਕ੍ਰਿਕਟ ਟੀਮ ਵਿਸ਼ਵ ਕ੍ਰਿਕਟ ਕੱਪ ਦੇ ਫਾਈਨਲ ਵਿਚ ਪਹੁੰਚ ਗਈ ਹੈ ਅਤੇ ਇਹ ਫਾਈਨਲ ਮੁਕਾਬਲਾ ਭਾਰਤ ਅਤੇ ਆਸਟਰੇਲੀਆ ਦੀ ਟੀਮ ਵਿਚਾਲੇ 19 ਨਵੰਬਰ ਦਿਨ ਐਤਵਾਰ ਨੂੰ ਗੁਜਰਾਤ ਵਿਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਕ ਰੋਜ਼ਾ ਕ੍ਰਿਕਟ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਬੁੱਧਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ। ਇਸ 50 ਓਵਰਾਂ ਦੇ ਮੈਚ ਦੌਰਾਨ ਭਾਰਤੀ ਟੀਮ ਨੇ 397 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ ਅਤੇ ਨਿਊਜ਼ੀਲੈਂਡ ਦੀ ਟੀਮ 327 ਦੌੜਾਂ ਹੀ ਬਣਾ ਸਕੀ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਨੇ ਨਿਊਜ਼ੀਲੈਂਡ ਦੇ 7 ਖਿਡਾਰੀਆਂ ਨੂੰ ਆਊਟ ਕੀਤਾ ਅਤੇ ਸ਼ਮੀ ਨੂੰ ਹੀ ਮੈਨ ਆਫ ਦਾ ਮੈਚ ਵੀ ਐਲਾਨਿਆ ਗਿਆ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ ਅਤੇ ਭਾਰਤੀ ਟੀਮ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ 397 ਦੌੜਾਂ ਬਣਾਈਆਂ ਸਨ। ਭਾਰਤੀ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੇ ਇਕ ਰੋਜ਼ਾ ਕ੍ਰਿਕਟ ਮੈਚਾਂ ਵਿਚ 50ਵਾਂ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ ਅਤੇ ਸਚਿਨ ਤੇਂਦੂਲਕਰ ਵਲੋਂ ਬਣਾਏ ਗਏ 49 ਸੈਂਕੜਿਆਂ ਦਾ ਰਿਕਾਰਡ ਵੀ ਤੋੜ ਦਿੱਤਾ। ਇਸਦੇ ਚੱਲਦਿਆਂ ਵੀਰਵਾਰ ਨੂੰ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਦੂਜਾ ਸੈਮੀਫਾਈਨਲ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿਚ ਖੇਡਿਆ ਗਿਆ। ਇਸ ਮੈਚ ਵਿਚ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.4 ਓਵਰਾਂ ਵਿਚ 212 ਦੌੜਾਂ ਬਣਾਈਆਂ ਅਤੇ ਆਲ ਆਊਟ ਹੋ ਗਈ। ਇਸ ਤੋਂ ਬਾਅਦ ਆਸਟਰੇਲੀਆ ਦੀ ਟੀਮ ਨੇ 47.2 ਓਵਰਾਂ ਵਿਚ 7 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ ਅਤੇ ਮੈਚ ਜਿੱਤ ਲਿਆ। ਆਸਟਰੇਲੀਆ ਦੀ ਟੀਮ ਇਹ ਮੈਚ ਜਿੱਤ ਕੇ ਫਾਈਨਲ ਵਿਚ ਪਹੁੰਚ ਗਈ ਅਤੇ ਹੁਣ ਆਸਟਰੇਲੀਆ ਦਾ ਮੁਕਾਬਲਾ ਭਾਰਤ ਨਾਲ ਐਤਵਾਰ ਨੂੰ ਹੋਵੇਗਾ। ਦੱਸਣਯੋਗ ਹੈ ਕਿ ਆਸਟਰੇਲੀਆ ਦੀ ਟੀਮ ਹੁਣ ਤੱਕ 8 ਵਾਰ ਫਾਈਨਲ ਵਿਚ ਪਹੁੰਚੀ ਹੈ ਅਤੇ ਫਾਈਨਲ ਮੈਚਾਂ ਵਿਚ 5 ਵਾਰੀ ਜਿੱਤ ਵੀ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਭਾਰਤ ਵੀ ਦੋ ਵਾਰ ਕ੍ਰਿਕਟ ਵਿਸ਼ਵ ਕੱਪ ਜਿੱਤ ਚੁੱਕਾ ਹੈ।